ਕਿਸਾਨਾਂ ਦੇ ਜੋਸ਼ੀਲੇ ਕਾਫਲੇ ਤੋਂ ਡਰੀ ਮੋਦੀ ਸਰਕਾਰ, ਰਾਹ 'ਚ ਹੀ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ

October 02 2018

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਅੱਜ ਕਿਸਾਨ ਕ੍ਰਾਂਤੀ ਯਾਤਰਾ ਦਿੱਲੀ ਦੀ ਹੱਦ ਤੇ ਪਹੁੰਚ ਚੁੱਕੀ ਹੈ। ਦਿੱਲੀ ਪੁਲਿਸ ਕਿਸਾਨਾਂ ਨੂੰ ਬਾਰਡਰ ਤੇ ਹੀ ਰੋਕਣ ਲਈ ਲਗਾਤਾਰ ਯਤਨ ਕਰ ਰਹੀ ਹੈ। ਪੁਲਿਸ ਨੇ ਕਿਸਾਨਾਂ ਤੇ ਕਾਬੂ ਪਾਉਣ ਲਈ ਪਾਣੀ ਦੀਆਂ ਬੁਛਾੜਾਂ ਕੀਤੀਆਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ।

ਕਿਸਾਨਾਂ ਦੀ ਯਾਤਰਾ ਉੱਤਰਾਖੰਡ ਦੇ ਹਰਿਦੁਆਰ ਤੋਂ ਸ਼ੁਰੂ ਹੋਈ ਸੀ। ਦਿੱਲੀ ਕੋਲ ਯੂਪੀ ਬਾਰਡਰ ਤੇ ਹਜ਼ਾਰਾਂ ਕਿਸਾਨ ਇਕੱਠੇ ਹੋਏ ਹਨ। ਕਿਸਾਨਾਂ ਨੇ ਦਿੱਲੀ ਵੱਲ ਕੂਚ ਦਾ ਐਲਾਨ ਕੀਤਾ ਹੈ। ਕਿਸਾਨਾਂ ਦੇ ਜੋਸ਼ ਨੂੰ ਦੇਖਦਿਆਂ ਯੂਪੀ ਦੀ ਸੀਮਾ ਨੇੜੇ ਪੂਰਬੀ ਦਿੱਲੀ ਚ ਧਾਰਾ 144 ਲਾ ਦਿੱਤੀ ਗਈ ਹੈ।

ਇਸ ਦਰਮਿਆਨ ਖ਼ਬਰ ਹੈ ਕਿ ਲਖਨਊ ਤੋਂ ਯੂਪੀ ਦੇ ਦੋ ਸੀਨੀਅਰ ਆਈਏਐਸ ਹੈਲੀਕਾਪਟਰ ਰਾਹੀਂ ਗਾਜ਼ੀਆਬਾਦ ਭੇਜੇ ਗਏ ਹਨ। ਦੂਜੇ ਪਾਸੇ ਕਿਸਾਨ ਨੇਤਾ ਨਰੇਸ਼ ਟਿਕੈਤ ਸੁਰੱਖਿਆ ਇੰਤਜ਼ਾਮਾਂ ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੀ ਕਿਸਾਨ ਅੱਤਵਾਦੀ ਹਨ?

ਜਿਹੜੇ ਕਿਸਾਨਾਂ ਨੂੰ ਵੈਸ਼ਾਲੀ ਕੋਲ ਰੋਕ ਦਿੱਤਾ ਗਿਆ ਸੀ, ਉਨ੍ਹਾਂ ਚੋਂ ਵੱਡੀ ਗਿਣਤੀ ਕਿਸਾਨ ਹੌਲੀ-ਹੌਲੀ ਦਿੱਲੀ ਯੂਪੀ ਬਾਰਡਰ ਤੱਕ ਪਹੁੰਚ ਗਏ ਹਨ। ਕਿਸਾਨਾਂ ਦੇ ਕਾਫਲੇ ਨੂੰ ਰੋਕਣ ਲਈ ਵੱਡੀ ਗਿਣਤੀ ਚ ਆਰਏਐਫ, ਪੈਰ ਮਿਲਟਰੀ ਫੋਰਸ ਤੇ ਦਿੱਲੀ ਪੁਲਿਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਦੰਗਾ ਕਾਬੂ ਵਾਹਨ, ਅੱਗ ਬਝਾਊ ਦਸਤੇ ਦੀਆਂ ਗੱਡੀਆਂ ਵੀ ਮੌਕੇ ਤੇ ਮੌਜੂਦ ਹਨ।

ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਤਰੀਕੇ ਕਿਸਾਨਾਂ ਨੂੰ ਦਿੱਲੀ ਚ ਦਾਖਲ ਹੋਣ ਤੋਂ ਰੋਕਿਆ ਜਾਵੇ ਕਿਉਂਕਿ ਦਿੱਲੀ ਚ ਕਿਸਾਨਾਂ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੰਸਦ ਭਵਨ ਤੇ ਰਾਜਘਾਟ ਦੇ ਆਸਪਾਸ ਵੀ ਸੁਰੱਖਿਆ ਵਿਵਸਥਾ ਬੇਹੱਦ ਸਖ਼ਤ ਕਰ ਦਿੱਤੀ ਗਈ ਹੈ।

ਆਪਣੀਆਂ ਮੰਗਾਂ ਲੈ ਕੇ ਕਿਸਾਨਾਂ ਦਾ ਵਫਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਣ ਗਿਆ ਹੈ। ਇਸ ਦੌਰਾਨ ਕਿਸਾਨ ਆਪਣੀਆਂ ਮੰਗਾਂ ਗ੍ਰਹਿ ਮੰਤਰੀ ਅੱਗੇ ਰੱਖਣਗੇ। ਇਸ ਤੋਂ ਪਹਿਲਾਂ ਕਿਸਾਨਾਂ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਵੀ ਗੱਲ ਕੀਤੀ ਸੀ। ਸਰਕਾਰ ਨੇ ਮਦਦ ਦਾ ਭਰੋਸਾ ਦਿੱਤਾ ਸੀ ਪਰ ਕਿਸਾਨਾਂ ਦਾ ਦਾਅਵਾ ਹੈ ਕਿ ਗੱਲਬਾਤ ਫੇਲ੍ਹ ਰਹੀ।

ਕੀ ਹਨ ਕਿਸਾਨਾਂ ਦੀਆਂ ਮੰਗਾਂ:

ਸਵਾਮੀਨਾਥਨ ਕਮੇਟੀ ਤਹਿਤ ਕਿਸਾਨਾਂ ਦੀ ਆਮਦਨੀ ਤੈਅ ਹੋਵੇ।

ਕਿਸਾਨਾਂ ਦਾ ਪੂਰਾ ਕਰਜ਼ ਮੁਆਫ ਕੀਤਾ ਜਾਵੇ।

ਕਿਸਾਨ ਕ੍ਰੈਡਿਟ ਕਾਰਡ ਯੋਜਨਾ ਚ ਬਿਨਾਂ ਵਿਆਜ ਕਰਜ਼ ਮਿਲੇ।

ਦੇਸ਼ ਦੇ ਕਿਸਾਨਾਂ ਲਈ ਪੈਨਸ਼ਨ ਯੋਜਨਾ ਲਾਗੂ ਕੀਤੀ ਜਾਵੇ।

14 ਦਿਨਾਂ ਚ ਗੰਨੇ ਦਾ ਭੁਗਤਾਨ ਲਾਜ਼ਮੀ ਕੀਤਾ ਜਾਵੇ।

ਐਨਸੀਆਰ ਚ 10 ਸਾਲ ਪੁਰਾਣੇ ਟ੍ਰੈਕਟਰਾਂ ਦੀ ਰੋਕ ਤੇ ਪਾਬੰਦੀ ਦੇ ਹੁਕਮਾਂ ਨੂੰ ਵਾਪਸ ਲਿਆ ਜਾਵੇ।

Source: ABP Sanjha