ਕਰਜ਼ਾ ਮੁਆਫ਼ੀ ਸਮਾਰੋਹ: ਖ਼ਰਾਬ ਮੌਸਮ ਦੀ ਬਿਜਲੀ ਖ਼ਜ਼ਾਨੇ ’ਤੇ ਡਿੱਗੀ

January 23 2019

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਹ ਖ਼ਰਾਬ ਮੌਸਮ ਨੇ ਰੋਕ ਲਏ ਹਨ, ਜਿਸ ਕਰਕੇ ਭਲਕੇ ਪਿੰਡ ਮਹਿਰਾਜ ’ਚ ਹੋਣ ਵਾਲਾ ਕਰਜ਼ਾ ਮੁਆਫ਼ੀ ਸਮਾਰੋਹ ਮੁਲਤਵੀ ਕਰਨਾ ਪਿਆ ਹੈ। ਮੌਸਮ ਦੀ ਖ਼ਰਾਬੀ ਨੇ ਸਰਕਾਰੀ ਖ਼ਜ਼ਾਨੇ ਦੀ ਖੇਡ ਵੀ ਵਿਗਾੜ ਦਿੱਤੀ ਹੈ। ਪੰਜਾਬ ਸਰਕਾਰ ਨੂੰ ਹੁਣ ਕਰਜ਼ਾ ਮੁਆਫ਼ੀ ਸਮਾਰੋਹਾਂ ਦੇ ਬੰਦੋਬਸਤ ਦਾ ਦੁੱਗਣਾ ਖਰਚਾ ਝੱਲਣਾ ਪਵੇਗਾ। ਹੁਣ ਸਮਾਰੋਹਾਂ ਦੇ ਸਭ ਇੰਤਜ਼ਾਮ ਜਦੋਂ ਮੁਕੰਮਲ ਹੋ ਗਏ ਸਨ ਤਾਂ ਕਰੀਬ ਦੋ ਵਜੇ ਸਮਾਰੋਹ ਮੁਲਤਵੀ ਕਰਨ ਦਾ ਫ਼ੈਸਲਾ ਆ ਗਿਆ। ਮੁੱਢਲੇ ਪੜਾਅ ’ਚ ਇਹ ਸਮਾਰੋਹ 22 ਜਨਵਰੀ ਦੇ ਤੈਅ ਹੋਏ ਸਨ, ਪਰ ਮੌਸਮ ਦੇ ਮਿਜ਼ਾਜ ਨੂੰ ਦੇਖਦੇ ਹੋਏ 23 ਜਨਵਰੀ ’ਤੇ ਪਾ ਦਿੱਤੇ ਗਏ ਸਨ।

ਪ੍ਰਾਪਤ ਵੇਰਵਿਆਂ ਅਨੁਸਾਰ ਪਿੰਡ ਮਹਿਰਾਜ ਦੇ ਇਹ ਸਮਾਰੋਹ ਹੁਣ 28 ਜਨਵਰੀ ਤੋਂ ਮਗਰੋਂ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 23 ਅਤੇ 24 ਜਨਵਰੀ ਨੂੰ ਬੱਦਲਵਾਈ ਤੇ ਮੀਂਹ ਅਤੇ 25 ਤੋਂ 28 ਜਨਵਰੀ ਤੱਕ ਸੰਘਣੀ ਧੁੰਦ ਦੀ ਭਵਿੱਖਬਾਣੀ ਹੈ। ਇਨ੍ਹਾਂ ਦਿਨਾਂ ਦੌਰਾਨ ਤਾਪਮਾਨ 6 ਡਿਗਰੀ ਤੋਂ ਘੱਟ ਕੇ 4 ਡਿਗਰੀ ਰਹਿਣ ਦਾ ਅਨੁਮਾਨ ਹੈ। ਪ੍ਰੋਗਰਾਮ ਮੁਲਤਵੀ ਹੋਣ ਮਗਰੋਂ ਪਿੰਡ ਮਹਿਰਾਜ ਵਾਸੀਆਂ ਦੇ ਮੂੰਹ ਉੱਤਰ ਗਏ ਹਨ। ਮੁੱਖ ਮੰਤਰੀ ਬਣਨ ਮਗਰੋਂ ਕੈਪਟਨ ਅਮਰਿੰਦਰ ਦੀ ਪਿੰਡ ਮਹਿਰਾਜ ਦੀ ਇਹ ਪਹਿਲੀ ਫੇਰੀ ਸੀ।

ਪਿੰਡ ਮਹਿਰਾਜ ਦੀ ਦਾਣਾ ਮੰਡੀ ਵਿੱਚ ਕਰੀਬ 25 ਹਜ਼ਾਰ ਕੁਰਸੀਆਂ ਸਜਾ ਦਿੱਤੀਆਂ ਗਈਆਂ ਸਨ ਅਤੇ ਪੰਡਾਲ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਸਨ। ਪੰਜਾਬੀ ਟ੍ਰਿਬਿਊਨ ਦੀ ਟੀਮ ਨੇ ਅੱਜ ਦੇਖਿਆ ਕਿ ਪਿੰਡ ਮਹਿਰਾਜ ਵਿੱਚ ਪੂਰਾ ਰੌਣਕ ਮੇਲਾ ਬਣਿਆ ਹੋਇਆ ਸੀ। ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਮੁੱਖ ਮੰਤਰੀ ਦੇ ਸਲਾਹਕਾਰ ਸੰਦੀਪ ਸੰਧੂ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਸ ਮਗਰੋਂ ਇਸ ਟੀਮ ਨੇ ਮੌਸਮ ਦੀ ਖ਼ਰਾਬੀ ਬਾਰੇ ਮੁੱਖ ਮੰਤਰੀ ਦਫ਼ਤਰ ਨੂੰ ਸੂਚਨਾ ਭੇਜੀ ਜਿਸ ਮਗਰੋਂ ਪ੍ਰੋਗਰਾਮ ਮੁਲਤਵੀ ਕਰਨ ਦਾ ਫ਼ੈਸਲਾ ਹੋ ਗਿਆ। ਮੌਸਮ ਵਿਭਾਗ ਹਫ਼ਤੇ ਤੋਂ ਪਹਿਲਾਂ ਸਮਾਰੋਹਾਂ ਲਈ ਹਰੀ ਝੰਡੀ ਨਹੀਂ ਦੇ ਰਿਹਾ ਹੈ।

ਟੈਂਟ ਹਾਊਸ ਵਾਲੇ ਸ੍ਰੀ ਪਾਲੀ ਨੇ ਦੱਸਿਆ ਕਿ ਹਫ਼ਤੇ ਭਰ ਲਈ ਪ੍ਰੋਗਰਾਮ ਮੁਲਤਵੀ ਹੋਣ ਕਰਕੇ ਉਨ੍ਹਾਂ ਦੇ ਖਰਚੇ ਵਧ ਜਾਣੇ ਹਨ। ਉਨ੍ਹਾਂ ਤਾਂ ਆਪਣੇ ਵੱਲੋਂ ਪੰਡਾਲ ਤਿਆਰ ਕਰ ਦਿੱਤਾ ਸੀ, ਜਿਸ ਕਰਕੇ ਉਹ ਹੁਣ ਜ਼ਿਲ੍ਹਾ ਪ੍ਰਸ਼ਾਸਨ ਕੋਲ ਦੁੱਗਣਾ ਕਲੇਮ ਕਰਨਗੇ। ਸਹਿਕਾਰੀ ਬੈਂਕਾਂ ਵੱਲੋਂ ਸਮਾਰੋਹਾਂ ਵਿੱਚ ਪੁੱਜਣ ਵਾਲੇ ਕਿਸਾਨਾਂ ਲਈ ਕਰੀਬ 25 ਹਜ਼ਾਰ ਖਾਣੇ ਦਾ ਪੈਕੇਟ ਤਿਆਰ ਕਰਵਾਇਆ ਜਾ ਰਿਹਾ ਸੀ। ਸੋਹਣ ਸਵੀਟਸ ਰਾਮਪੁਰਾ ਦੇ ਰਾਕੇਸ਼ ਗਰਗ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ 6600 ਪੈਕੇਟ ਦਾ ਆਰਡਰ ਮਿਲਿਆ ਸੀ ਅਤੇ ਉਨ੍ਹਾਂ ਨੇ ਪੈਕੇਟ ਤਿਆਰ ਕਰ ਦਿੱਤੇ ਸਨ। ਇਹ ਵੀ ਦੱਸਿਆ ਕਿ ਇਹ ਸਭ ਬੇਕਾਰ ਜਾਏਗਾ।

ਬਠਿੰਡਾ ਤੋਂ ਵੀ ਖਾਣੇ ਦੀ ਪੈਕਿੰਗ ਕਰਾਈ ਗਈ ਹੈ। ਹੋਰਨਾਂ ਫ਼ਰਮਾਂ ਵੱਲੋਂ ਵੀ 50 ਫ਼ੀਸਦੀ ਆਰਡਰ ਤਿਆਰ ਕਰ ਦਿੱਤਾ ਗਿਆ ਸੀ। ਸੂਤਰ ਦੱਸਦੇ ਹਨ ਕਿ ਖ਼ਰਾਬ ਖਾਣੇ ਦਾ ਬਿੱਲ ਵੀ ਹੁਣ ਖ਼ਜ਼ਾਨੇ ਨੂੰ ਹੀ ਚੁੱਕਣਾ ਪਵੇਗਾ। ਇਵੇਂ ਸਾਊਂਡ ਦਾ ਖਰਚਾ ਵੀ ਦੁੱਗਣਾ ਪਵੇਗਾ। ਆਈਜੀ ਐੱਮਐੱਫ ਫਾਰੂਕੀ, ਐੱਸਐੱਸਪੀ ਡਾ. ਨਾਨਕ ਸਿੰਘ ਵੱਲੋਂ ਅੱਜ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਹੁਣ ਪ੍ਰੋਗਰਾਮ ਮੁਲਤਵੀ ਹੋਣ ਕਰਕੇ ਤੇਲ ਖਰਚਾ ਵੀ ਪੁਲੀਸ ਦਾ ਧੂੰਆਂ ਕੱਢੇਗਾ। ਸਮਾਰੋਹਾਂ ਕੋਲ ਪਾਰਕਿੰਗ ਲਈ ਕਿਸੇ ਕਿਸਾਨ ਤੋਂ 12.5 ਏਕੜ ਜ਼ਮੀਨ ਠੇਕੇ ’ਤੇ ਲਈ ਗਈ, ਜਿਸ ਦੇ ਬਦਲੇ ਵਿਚ ਪ੍ਰਤੀ ਏਕੜ 28 ਹਜ਼ਾਰ ਦਾ ਮੁੱਲ ਵੀ ਤਾਰਿਆ ਗਿਆ।

ਪਿੰਡ ਮਹਿਰਾਜ ਵਿਚ ਸਮਾਰੋਹਾਂ ਤੱਕ ਪੁਲੀਸ ਦੀ ਤਾਇਨਾਤੀ ਵੀ ਕਰਨੀ ਪਵੇਗੀ ਅਤੇ ਯੂਨੀਵਰਸਿਟੀ ਕਾਲਜ ਕੈਂਪਸ ਰਾਮਪੁਰਾ ਵਿਚ ਹੈਲੀਪੈਡ ਦੀ ਰਾਖੀ ਵੀ ਕਰਨੀ ਪਵੇਗੀ। ਪਿੰਡ ਮਹਿਰਾਜ ਵਿਚ ਜੋ ਮਹਾਰਾਜੇ ਦੀ ਆਮਦ ਨੂੰ ਲੈ ਕੇ ਚਾਅ ਤੇ ਉਤਸ਼ਾਹ ਸੀ, ਉਹ ਦੁਬਾਰਾ ਪ੍ਰੋਗਰਾਮ ਮੁਲਤਵੀ ਹੋਣ ਕਰਕੇ ਮੱਠਾ ਪੈ ਗਿਆ ਹੈ। ਲੋਕਾਂ ਨੂੰ ਖ਼ਦਸ਼ਾ ਹੈ ਕਿ ਇਨ੍ਹਾਂ ਪ੍ਰੋਗਰਾਮਾਂ ’ਤੇ ਲੀਕ ਵੀ ਫਿਰ ਸਕਦੀ ਹੈ। ਸਮਾਰੋਹਾਂ ਵਿਚ ਜਿਨ੍ਹਾਂ 14 ਕਿਸਾਨਾਂ ਨੂੰ ਸਟੇਜ ਤੋਂ ਕਰਜ਼ਾ ਰਾਹਤ ਦੇ ਚੈੱਕ ਦਿੱਤੇ ਜਾਣੇ ਸਨ, ਉਨ੍ਹਾਂ ਦੇ ਚਿਹਰੇ ਵੀ ਇੱਕ ਦਫ਼ਾ ਲਟਕ ਗਏ ਹਨ। ਡਿਪਟੀ ਕਮਿਸ਼ਨਰ ਪ੍ਰਨੀਤ ਭਾਰਦਵਾਜ ਦਾ ਕਹਿਣਾ ਸੀ ਕਿ ਮੌਸਮ ਖ਼ਰਾਬੀ ਕਰਕੇ ਲੋਕਾਂ ਨੂੰ ਮੁਸ਼ਕਲ ਆਉਣੀ ਸੀ ਜਿਸ ਕਰਕੇ ਪ੍ਰੋਗਰਾਮ ਹਫ਼ਤੇ ਲਈ ਮੁਲਤਵੀ ਕੀਤਾ ਗਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune