ਆਵਾਰਾ ਪਸ਼ੂਆਂ ਨੂੰ ਪਾਏਗੀ ਆਮ ਆਦਮੀ ਪਾਰਟੀ ਨੱਥ

November 27 2018

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਆਵਾਰਾ ਪਸ਼ੂਆਂ ਨੂੰ ਨੱਥ ਪਾਏਗੀ। ਪਾਰਟੀ ਨੇ ਆਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਸਮੱਸਿਆ ਬਾਰੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਕਾਨੂੰਨੀ ਸ਼ਿਕੰਜਾ ਕੱਸਿਆ ਜਾਏਗਾ। ਇਸ ਦੇ ਨਾਲ ਹੀ ਅਬੋਹਰ-ਫ਼ਾਜ਼ਿਲਕਾ ਇਲਾਕੇ ‘ਚ ਆਵਾਰਾ ਪਸ਼ੂਆਂ ਕਾਰਨ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਤੇ ਫ਼ਸਲਾਂ ਦੇ ਉਜਾੜੇ ਦੇ ਵਿਰੋਧ ‘ਚ ਅਬੋਹਰ ਦੇ ਐਸਡੀਐਮ ਦਫ਼ਤਰ ਸਾਹਮਣੇ ‘ਆਪ’ ਦੇ ਯੂਥ ਵਿੰਗ ਨੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ, ਯੂਥ ਵਿੰਗ ਦੇ ਇੰਚਾਰਜ ਵਿਧਾਇਕ ਮੀਤ ਹੇਅਰ ਤੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਆਵਾਰਾ ਪਸ਼ੂਆਂ ਕਾਰਨ ਵਾਪਰਦੇ ਹਾਦਸਿਆਂ ‘ਚ ਹਰ ਸਾਲ ਸੈਂਕੜੇ ਲੋਕ ਜਾਨ ਗੁਆ ਰਹੇ ਹਨ। ਹਜ਼ਾਰਾਂ ਦੀ ਗਿਣਤੀ ‘ਚ ਜ਼ਖਮੀ ਤੇ ਅਪਾਹਜ ਹੋ ਰਹੇ ਹਨ, ਜਦੋਂਕਿ ਵਾਹਨਾਂ ਤੇ ਫ਼ਸਲਾਂ ਦਾ ਨੁਕਸਾਨ ਕਰੋੜਾਂ ਰੁਪਏ ‘ਚ ਜਾਂਦਾ ਹੈ ਜਿਸ ਦਾ ਕਦੇ ਕੋਈ ਹਿਸਾਬ ਕਿਤਾਬ ਹੀ ਨਹੀਂ ਲਾਇਆ ਗਿਆ।

ਹਰਪਾਲ ਚੀਮਾ ਨੇ ਕਿਹਾ ਕਿ ਹਰ ਰੋਜ਼ ਦੇ ਜਾਨਲੇਵਾ ਹਾਦਸਿਆਂ ਦੇ ਬਾਵਜੂਦ ਸਰਕਾਰ ਸੁੱਤੀ ਪਈ ਹੈ, ਹਾਲਾਂਕਿ ਹਰੇਕ ਵਿਧਾਨ ਸਭਾ ਸੈਸ਼ਨ ਦੌਰਾਨ ਆਵਾਰਾ ਪਸ਼ੂਆਂ ਤੇ ਕੁੱਤਿਆਂ ਦੇ ਕਹਿਰ ਦਾ ਮੁੱਦਾ ਕਈ ਸਾਲਾਂ ਤੋਂ ਲਗਾਤਾਰ ਉੱਠਦਾ ਆ ਰਿਹਾ ਹੈ। ਚੀਮਾ ਨੇ ਕਿਹਾ ਕਿ ਆਗਾਮੀ ਸੈਸ਼ਨ ਦੌਰਾਨ ‘ਆਪ’ ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਜਨਤਾ ਤੋਂ ਲਏ ਜਾ ਰਹੇ ਗਊ ਸੈਸ ਸਮੇਤ ਹੋਰ ਸਿੱਧੇ-ਅਸਿੱਧੇ ਟੈਕਸਾਂ ਦਾ ਹਿਸਾਬ-ਕਿਤਾਬ ਸੱਤਾਧਾਰੀ ਧਿਰ ਤੋਂ ਮੰਗੇਗੀ।

ਉਨ੍ਹਾਂ ਕਿਹਾ ਕਿ ਅਜਿਹੀਆਂ ਸਮੱਸਿਆਵਾਂ ਦੇ ਹੱਲ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਉੱਪਰੋਂ ਜਦੋਂ ਸਰਕਾਰ ਲੋਕਾਂ ਤੋਂ ਇਸ ਸਮੱਸਿਆ ਲਈ ਟੈਕਸ ਵਸੂਲ ਰਹੀ ਹੈ ਤਾਂ ਇਸ ਦੇ ਠੋਸ ਹੱਲ ਲਈ ਕਾਨੂੰਨੀ ਤੌਰ ‘ਤੇ ਜ਼ਿੰਮੇਵਾਰੀ ਸਰਕਾਰ ਦੀ ਹੀ ਬਣਦੀ ਹੈ। ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਹਰ ਪੰਜ ਸਾਲ ਬਾਅਦ ਆਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਗਿਣਤੀ ਲਈ ਬਕਾਇਦਾ ਸਰਵੇ ਹੁੰਦੀ ਹੈ, ਪਰ 2012 ਤੋਂ ਬਾਅਦ ਅਜੇ ਤੱਕ ਸਰਵੇ ਵੀ ਨਹੀਂ ਹੋਇਆ, ਜਿਸ ਤੋਂ ਸੂਬਾ ਅਤੇ ਕੇਂਦਰ ਸਰਕਾਰ ਦਾ ਗੈਰ ਜਿੰਮੇਵਾਰਨਾ ਰਵੱਈਆ ਸਪਸ਼ਟ ਹੁੰਦੀ ਹੈ।

Source: Krishi Jagran