ਆਲੂ ਕਾਸ਼ਤਕਾਰਾਂ ਨੂੰ ਲਗਾਤਾਰ ਤੀਜੇ ਸਾਲ ਰਗੜਾ, ਨਹੀਂ ਮਿਲਿਆ ਲਾਗਤ ਮੁੱਲ ਤਾਂ ਵੰਡ ਰਹੇ ਮੁਫ਼ਤ

December 27 2018

ਪੰਜਾਬ ਦੇ ਮੁੱਖ ਆਲੂ ਉਦਪਾਦਕ ਜ਼ਿਲ੍ਹੇ ਜਲੰਧਰ ਦੇ ਕਿਸਾਨਾਂ ਤੇ ਲਗਾਤਾਰ ਤੀਜੀ ਵਾਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਵਾਰ ਵੀ ਕਿਸਾਨਾਂ ਨੂੰ ਆਲੂਆਂ ਦਾ ਸਹੀ ਭਾਅ ਨਹੀਂ ਮਿਲਿਆ। ਵਾਜ਼ਬ ਕੀਮਤ ਮਿਲਣ ਦੀ ਆਸ ਵਿੱਚ ਕਿਸਾਨਾਂ ਨੇ ਆਪਣੀ ਪਿਛਲੀ ਫ਼ਸਲ ਨੂੰ ਕੋਲਡ ਸਟੋਰਾਂ ਵਿੱਚ ਰਖਵਾ ਦਿੱਤਾ ਸੀ, ਪਰ ਹੁਣ ਪੁਰਾਣੀ ਤਾਂ ਦੂਰ ਨਵੀਂ ਫ਼ਸਲ ਦੇ ਵੀ ਖਰੀਦਦਾਰ ਨਹੀਂ ਮਿਲ ਰਹੇ ਹਨ। ਕਿਸਾਨ ਹੁਣ ਅੱਕ ਕੇ ਆਲੂਆਂ ਦੀ ਖੇਤੀ ਹੀ ਛੱਡਣ ਬਾਰੇ ਸੋਚ ਰਹੇ ਹਨ।

ਪੰਜਾਬ ਦੇ ਆਲੂ ਕਿੰਗ ਦੇ ਨਾਂਅ ਤੋਂ ਮਸ਼ਹੂਰ ਜਸਵਿੰਦਰ ਸਿੰਘ ਸੰਘਾ ਦਾ ਕਹਿਣਾ ਹੈ ਕਿ ਲਾਗਤ ਮੁੱਲ ਵੀ ਵਾਪਸ ਨਾ ਆਉਣ ਤੇ ਉਹ ਸੋਚ ਰਹੇ ਹਨ ਕਿ ਆਲੂਆਂ ਨੂੰ ਖ਼ਰਾਬ ਹੋਣ ਤੋਂ ਪਹਿਲਾਂ ਕਿਸੇ ਨੂੰ ਮੁਫ਼ਤ ਵਿੱਚ ਹੀ ਦੇ ਦੇਣ। ਸੰਘਾ 440 ਹੈਕਟੇਅਰ ਰਕਬੇ ਵਿੱਚ ਆਲੂ ਦੀ ਖੇਤੀ ਕਰਦੇ ਹਨ ਅਤੇ ਹਾਲੇ ਪਿਛਲੇ ਸਾਲ ਦੇ ਤਕਰੀਬਨ 7,000 ਕੁਇੰਟਲ ਆਲੂ ਕੋਲਡ ਸਟੋਰ ਵਿੱਚ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਸਹੀ ਮੁੱਲ ਨਾ ਮਿਲਣ ਤੇ ਹੀ ਫ਼ਸਲ ਨੂੰ ਕੋਲਡ ਸਟੋਰ ਵਿੱਚ ਰੱਖਿਆ ਜਾਂਦਾ ਹੈ, ਪਰ ਹਰ ਸਾਲ ਬਦ ਤੋਂ ਬਦਤਰ ਰਹੇ ਹਨ।

ਸੰਘਾ ਨੇ ਦੱਸਿਆ ਕਿ ਆਲੂ ਬੀਜਣ ਤੋਂ ਲੈਕੇ ਪੁੱਟਣ ਤਕ 50,000 ਰੁਪਏ ਫ਼ੀ ਏਕੜ ਦੀ ਲਾਗਤ ਆਉਂਦੀ ਹੈ, ਜਿਸ ਹਿਸਾਬ ਨਾਲ ਹਰ ਬੋਰੀ ਦੀ ਉਤਪਾਦਨ ਕੀਮਤ ਲਗਪਗ 500 ਰੁਪਏ ਹੋ ਜਾਂਦੀ ਹੈ। ਪਹਿਲਾਂ ਆਲੂਆਂ ਦੀ ਬੋਰੀ 600 ਤੋਂ 700 ਰੁਪਏ ਤਕ ਵਿਕਦੀ ਸੀ। ਹੁਣ ਕਿਸਾਨ ਆਪਣੀ ਪੁਰਾਣੀ ਫ਼ਸਲ ਨੂੰ 20 ਤੋਂ ਲੈਕੇ 70 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਉਨ੍ਹਾਂ ਦਾ ਕੋਲਡ ਸਟੋਰ ਵੀ ਚਾਰ ਤੋਂ ਛੇ ਕਰੋੜ ਰੁਪਏ ਦੇ ਘਾਟੇ ਵਿੱਚ ਜਾ ਰਿਹਾ ਹੈ। ਸੰਘਾ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਫ਼ਸਲੀ ਵਖਰੇਵਾਂ ਲਿਆਂਦਾ ਜਾਵੇ, ਪਰ ਅਜਿਹਾ ਕਰਨ ਵਾਲੇ ਕਿਸਾਨਾਂ ਨੂੰ ਤਾਂ ਫ਼ਸਲ ਦਾ ਪੂਰਾ ਮੁੱਲ ਵੀ ਨਹੀਂ ਮਿਲਦਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਲੂਆਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਜਾਣਾ ਚਾਹੀਦਾ ਹੈ, ਨਹੀਂ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ।

ਕਈ ਕਿਸਾਨਾਂ ਨੇ ਤਾਜ਼ਾ ਫ਼ਸਲ ਦੀ ਪੁਟਾਈ ਵੀ ਰੋਕ ਦਿੱਤੀ ਹੈ, ਕਿਉਂਕਿ ਸਹੀ ਮੁੱਲ ਨਾ ਮਿਲਣ ਕਰਕੇ ਉਹ ਪੁਟਾਈ ਦੀ ਮਜ਼ਦੂਰੀ ਵੀ ਆਪਣੇ ਪੱਲਿਓਂ ਖ਼ਰਚ ਕਰਨਗੇ। ਕਿਸਾਨਾਂ ਦੁਵਿਧਾ ਵਿੱਚ ਹਨ ਕਿ ਉਹ ਆਪਣੀ ਫ਼ਸਲ ਨੂੰ ਇਸੇ ਤਰ੍ਹਾਂ ਹੀ ਸੜਨ ਦੇਣ ਜਾਂ ਪਸ਼ੂ-ਡੰਗਰ ਚਾਰਨ ਵਾਲਿਆਂ ਲਈ ਖੁੱਲ੍ਹੀ ਛੱਡ ਦੇਣ। ਅਜਿਹੇ ਹਾਲਾਤ ਵਿੱਚ ਤਕਰੀਬਨ ਦਰਜਣ ਭਰ ਕਿਸਾਨਾਂ ਨੇ ਆਲੂਆਂ ਦੀ ਕਾਸ਼ਤ ਕਰਨ ਤੋਂ ਤੌਬਾ ਕਰ ਲਈ ਹੈ, ਪਰ ਇੱਕ ਦੂਜੇ ਤੋਂ ਵੱਡੀ ਕਿਸਾਨ ਹਿਤੈਸ਼ੀ ਕਹਾਉਂਦਿਆਂ ਨਾ ਥੱਕਣ ਵਾਲੀਆਂ ਕੇਂਦਰ ਤੇ ਸੂਬਾ ਸਰਕਾਰਾਂ ਵਿੱਚੋਂ ਕਿਸੇ ਨੇ ਵੀ ਕਿਸਾਨਾਂ ਦੀ ਜ਼ਮੀਨੀ ਹਕੀਕਤ ਸਮਝ ਤੇ ਇਸ ਦਾ ਹੱਲ ਕਰਨ ਵੱਲ ਸਾਰਥਕ ਕਦਮ ਨਹੀਂ ਪੁੱਟੇ। ਕਿਸਾਨ ਬੱਸ ਕਰਜ਼ ਮੁਆਫ਼ੀ ਦੇ ਅੰਕੜਿਆਂ ਤੇ ਲੋਕ ਲੁਭਾਊ ਯੋਜਨਾਵਾਂ ਦੇ ਮਿੱਠੇ ਲਾਰਿਆਂ ਵਿੱਚ ਹੀ ਉਲਝਾਏ ਜਾ ਰਹੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP Sanjha