ਅਬੋਹਰ ’ਚ ਸੂਬਾਈ ਫ਼ਲ ਪ੍ਰਦਰਸ਼ਨੀ ਦਾ ਆਗਾਜ਼

January 25 2019

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਭਲਾਈ ਤੇ ਬਿਹਤਰੀ ਲਈ ਕੰਮ ਕਰ ਰਹੀ ਹੈ। ਅਬੋਹਰ ਦੀ ਕਿੰਨੂ ਮੰਡੀ ’ਚ ਲਾਈ ਗਈ ਦੋ ਰੋਜ਼ਾ ਸੂਬਾਈ ਨਿੰਬੂ ਤੇ ਫ਼ਲਾਂ ਦੀ ਪ੍ਰਦਰਸ਼ਨੀ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਉਨ੍ਹਾਂ ਦੀ ਆਮਦਨ ’ਚ ਵਾਧਾ ਕਰਨ ਲਈ ਸੰਜੀਦਾ ਕਦਮ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨੀ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ’ਚੋਂ ਕੱਢ ਕੇ ਬਾਗਬਾਨੀ ਤੇ ਹੋਰ ਸਹਾਇਕ ਧੰਦਿਆਂ ਨਾਲ ਜੋੜਨ ਲਈ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਤੇ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਕੌਰੀਡੋਰ ਨਾਲ ਮੁਲਕ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਦੇ ਖੁੱਲ੍ਹਣ ਨਾਲ ਭਾਰਤ ਤੇ ਪਾਕਿਸਤਾਨ ’ਚ ਭਾਈਚਾਰਕ ਸਾਂਝ ਵਧੇਗੀ। ਉਨ੍ਹਾਂ ਅਬੋਹਰ ਖੇਤਰ ਦੇ ਬਾਗਬਾਨੀ ਤੇ ਕਿਸਾਨੀ ਨਾਲ ਜੁੜੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਇਥੇ ਫ਼ਲਾਂ ਨਾਲ ਸਬੰਧਤ ਇੰਡਸਟਰੀ ਲਿਆਉਣ ਲਈ ਵੀ ਯਤਨ ਕਰਨਗੇ। ਉਨ੍ਹਾਂ ਦੱਸਿਆ ਕਿ ਇਥੇ ਪਹਿਲਾਂ ਸਥਿਤ ਜੂਸ ਪ੍ਰੋਸੈਸਿੰਗ ਪਲਾਂਟ ’ਚ ਵਾਧੇ ਲਈ ਸਰਕਾਰ ਵੱਲੋਂ 16 ਕਰੋੜ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਰਾਜ ਪੱਧਰੀ ਦੋ ਰੋਜ਼ਾ ਪ੍ਰਦਰਸ਼ਨੀ ਦੌਰਾਨ ਸੂਬੇ ਭਰ ਤੋਂ ਨਿੰਬੂ ਦੀਆਂ 23 ਕਿਸਮਾਂ ਦੇ ਫ਼ਲਾਂ ਤੇ ਇਸ ਤੋਂ ਬਣੇ ਪਦਾਰਥਾਂ ਦੀਆਂ 4926 ਐਂਟਰੀਆਂ, ਜਿਨ੍ਹਾਂ ’ਚੋਂ 115 ਬਾਗਬਾਨਾਂ ਨੂੰ ਇਨਾਮ ਲਈ ਚੁਣਿਆ ਗਿਆ ਹੈ। ਫਲਾਂ ’ਚੋਂ ਜ਼ਿਲ੍ਹੇ ਦੇ ਪਿੰਡ ਤੂਤਾਂ ਵਾਲੀ ਦੇ ਕਿਸਾਨ ਕਾਲਾ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦੌਰਾਨ ਫਾਜ਼ਿਲਕਾ ਜ਼ਿਲ੍ਹਾ ਨੇ 53 ਇਨਾਮ ਜਿੱਤ ਕੇ ਓਵਰਆਲ ਟਰਾਫੀ ਪ੍ਰਾਪਤ ਕੀਤੀ ਜਦਕਿ ਹੁਸ਼ਿਆਰਪੁਰ ਜ਼ਿਲ੍ਹੇ ਨੇ 23, ਪਟਿਆਲਾ ਨੇ 18, ਲੁਧਿਆਣਾ ਨੇ 13, ਫਤਿਹਗੜ੍ਹ ਸਾਹਿਬ ਨੇ 2 ਅਤੇ ਜਲੰਧਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਕਪੂਰਥਲਾ, ਬਰਨਾਲਾ ਤੇ ਪਠਾਨਕੋਟ ਨੇ 1-1 ਇਨਾਮ ਪ੍ਰਾਪਤ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune