The Farmers of Punjab will handed over the stray animals and dogs to the Chief Minister

February 21 2019

This content is currently available only in Punjabi language.

ਆਵਾਰਾ ਪਸ਼ੂਆਂ ਅਤੇ ਕੁੱਤਿਆਂ ਤੋਂ ਫ਼ਸਲਾਂ ਦੇ ਉਜਾੜੇ ਅਤੇ ਮਨੁੱਖੀ ਜਾਨਾਂ ਜਾਣ ਦੇ ਰੋਸ ਵਜੋਂ ਪੰਜਾਬ ਦੇ ਕਿਸਾਨਾਂ ਨੇ 7 ਮਾਰਚ ਨੂੰ ਵੱਡੀ ਗਿਣਤੀ ਵਿੱਚ ਪਸ਼ੂ ਅਤੇ ਕੁੱਤੇ ਲਿਆ ਕੇ ਚੰਡੀਗੜ੍ਹ ਮੁੱਖ ਮੰਤਰੀ ਨੂੰ ਸੌਂਪਣ ਦਾ ਐਲਾਨ ਕੀਤਾ ਹੈ। ਇਹ ਐਲਾਨ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ, ਬੁਲਾਰੇ ਯੁਧਵੀਰ ਸਿੰਘ, ਹਰਿਆਣਾ ਦੇ ਪ੍ਰਧਾਨ ਰਤਨ ਮਾਨ ਨੇ ਕੀਤਾ। ਲੱਖੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ, ਜਿਸ ਨੇ ਕੋਈ ਖੇਤੀ ਨੀਤੀ ਨਹੀਂ ਬਣਾਈ। ਸਰਕਾਰ ਸਮੁੱਚੀ ਕਰਜ਼ਾ ਮੁਆਫ਼ੀ ਤੋਂ ਮੁੱਕਰ ਗਈ ਹੈ। ਪੰਜਾਬ ਵਿੱਚ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਵੱਡੀ ਸਮੱਸਿਆ ਹੈ, ਜਿਸ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਕਿਸਾਨਾਂ ਕੋਲੋਂ ਗਊ ਸੈੱਸ ਵਸੂਲਿਆ ਜਾ ਰਿਹਾ ਹੈ। ਤਿੰਨ ਸਾਲ ਪਹਿਲਾਂ ਵੀ ਆਵਾਰਾ ਪਸ਼ੂ ਅਤੇ ਕੁੱਤੇ ਡਿਪਟੀ ਕਮਿਸ਼ਨਰ ਤੇ ਐੱਸਡੀਐੱਮ ਦੇ ਦਫ਼ਤਰਾਂ ਵਿੱਚ ਛੱਡੇ ਸਨ ਅਤੇ ਹੁਣ 7 ਮਾਰਚ ਨੂੰ ਹਜ਼ਾਰਾਂ ਜਾਨਵਰ ਮੁੱਖ ਮੰਤਰੀ ਦੇ ਸਪੁਰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਯੁੱਧਵੀਰ ਨੇ ਕਿਹਾ ਕਿ ਪਿਛਲੇ ਸਾਲ ਦੇ ਗੰਨੇ ਦਾ ਬਕਾਇਆ ਸਰਕਾਰ ਤੁਰੰਤ ਅਦਾ ਕਰਕੇ ਅਤੇ ਮੌਜੂਦਾ ਗੰਨੇ ਦੀ ਅਦਾਇਗੀ 15 ਦਿਨਾਂ ਅੰਦਰ ਕਰਨਾ ਯਕੀਨੀ ਬਣਾਇਆ ਜਾਵੇ ਤੇ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਉਤਸ਼ਾਹਿਤ ਕੀਤਾ ਜਾਵੇ। ਹਰਿੰਦਰ ਸਿੰਘ ਲੱਖੋਵਾਲ ਅਤੇ ਮਾਸਟਰ ਸ਼ਮਸ਼ੇਰ ਸਿੰਘ ਘੜੂੰਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਖਸਖਸ ਦੀ ਖੇਤੀ ਦਾ ਮਤਾ ਵਿਧਾਨ ਸਭਾ ਵਿੱਚ ਪਾਸ ਕਰਕੇ ਪੰਜਾਬ ਵਿੱਚ ਇਸ ਖੇਤੀ ਨੂੰ ਮਾਨਤਾ ਦੇਵੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune