Sardar Patel Award for PAU by ICAR

March 08 2019

This content is currently available only in Punjabi language.

ਭਾਰਤੀ ਖੇਤੀ ਖੋਜ ਕੌਂਸਲ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਕੌਮੀ ਪੱਧਰ ਦਾ ਸਰਦਾਰ ਪਟੇਲ ਐਵਾਰਡ ਦਿੱਤਾ ਗਿਆ ਹੈ। ਪੀਏਯੂ ਵੱਲੋਂ ਇਹ ਵੱਕਾਰੀ ਪੁਰਸਕਾਰ ਆਈਸੀਏਆਰ ਦੇ ਵਿਸ਼ੇਸ਼ ਸਮਾਗਮ ਵਿੱਚ ਨਵੀਂ ਦਿੱਲੀ ਵਿੱਚ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਨਿਰਦੇਸ਼ਕ ਜਨਰਲ ਡਾ. ਤ੍ਰਿਲੋਚਨ ਮੋਹਪਾਤਰਾ ਤੋਂ ਹਾਸਲ ਕੀਤਾ। ਇਹ ਵੀ ਦੱਸਣਾ ਬਣਦਾ ਹੈ ਕਿ ਪੀਏਯੂ ਨੂੰ 1995 ਤੋਂ ਬਾਅਦ ਦੁਬਾਰਾ ਇਹ ਐਵਾਰਡ ਪ੍ਰਾਪਤ ਹੋਇਆ ਹੈ। 1995 ਵਿੱਚ ਪੀਏਯੂ ਨੂੰ ‘ਸਰਵੋਤਮ ਸੰਸਥਾ ਐਵਾਰਡ’ ਮਿਲਿਆ ਸੀ। ਇਸ ਤੋਂ ਬਾਅਦ ਇਸ ਐਵਾਰਡ ਦਾ ਨਾਂ ‘ਸਰਦਾਰ ਪਟੇਲ ਆਊਟਸਟੈਂਡਿੰਗ ਆਈਸੀਏਆਰ ਇੰਸਟੀਚਿਊਸ਼ਨ ਐਵਾਰਡ’ ਕਰ ਦਿੱਤਾ ਗਿਆ। ਪੀਏਯੂ ਦੇ ਉਪ ਕੁਲਪਤੀ ਡਾ. ਢਿੱਲੋਂ ਨੇ ਇਸ ਦਾ ਸਿਹਰਾ ’ਵਰਸਿਟੀ ਦੇ ਸਮੁੱਚੇ ਅਮਲੇ ਦੀ ਮਿਹਨਤ, ਲਗਨ ਅਤੇ ਸਮਰਪਣ ਨੂੰ ਦਿੱਤਾ। ਦੱਸਣਯੋਗ ਹੈ ਕਿ ਭਾਰਤੀ ਖੇਤੀ ਖੋਜ ਕੌਂਸਲ ਸਾਰੇ ਰਾਜਾਂ ਦੀਆਂ ਖੇਤੀ ਯੂਨੀਵਰਸਿਟੀਆਂ ਵਿੱਚ ਪਿਛਲੇ ਪੰਜ ਸਾਲਾਂ ਤੋਂ ਹੋ ਰਹੇ ਵਿੱਦਿਅਕ, ਖੋਜ ਅਤੇ ਪਸਾਰ ਕਾਰਜਾਂ ਨੂੰ ਆਧਾਰ ਬਣਾ ਕੇ ਸਰਵੋਤਮ ਯੂਨੀਵਰਸਿਟੀ ਦੀ ਚੋਣ ਕਰਦੀ ਹੈ। ਇਹ ਐਵਾਰਡ ਮਿਲਣਾ ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਪੀਏਯੂ ਰਾਜ ਪੱਧਰ ’ਤੇ ਹੀ ਨਹੀਂ ਸਗੋਂ ਰਾਸ਼ਟਰੀ ਪੱਧਰ ’ਤੇ ਭਾਰਤ ਦੇ ਸਿਖਰਲੀਆਂ ਖੇਤੀ ਸੰਸਥਾਵਾਂ ਵਿੱਚੋਂ ਇੱਕ ਹੈ। ਪੀਏਯੂ ਨੇ ਹਰੀ ਕ੍ਰਾਂਤੀ ਰਾਹੀਂ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਨ੍ਹਾਂ ਪੰਜ ਸਾਲਾਂ ਦੌਰਾਨ ਪੀਏਯੂ ਨੇ ਖੇਤ ਅਤੇ ਬਾਗਬਾਨੀ ਫ਼ਸਲਾਂ ਦੀਆਂ ਤਕਰੀਬਨ 153 ਕਿਸਮਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਵਿੱਚੋਂ 39 ਰਾਸ਼ਟਰ ਪੱਧਰ ’ਤੇ ਸਵੀਕਾਰ ਕੀਤੀਆਂ ਗਈਆਂ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

 

ਸ੍ਰੋਤ: ਪੰਜਾਬੀ ਟ੍ਰਿਬਿਊਨ