Punjab will also cultivate apple, farmers of Hoshiarpur initiative

March 12 2019

This content is currently available only in Punjabi language.

ਸੇਬਾਂ ਦੀ ਗੱਲ ਕੀਤੀ ਜਾਏ ਤਾਂ ਪਹਿਲਾ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦਾ ਹੀ ਨਾਂ ਆਉਂਦਾ ਹੈ ਪਰ ਹੁਣ ਜਲਦ ਹੀ ਪੰਜਾਬ ਦਾ ਸੇਬ ਵਿੱਚ ਮੰਡੀਆਂ ਵਿੱਚ ਵਿਕਦਾ ਨਜ਼ਰ ਆਏਗਾ। ਦਰਅਸਲ ਹੁਸ਼ਿਆਰਪੁਰ ਦੇ ਕਿਸਾਨ ਵਰਿੰਦਰ ਸਿੰਘ ਬਾਜਵਾ ਪਿਛਲੇ 6-7 ਸਾਲ ਤੋਂ ਹੁਸ਼ਿਆਰਪੁਰ ਦੇ ਨੀਮ ਪਹਾੜੀ ਇਲਾਕੇ ਵਿੱਚ ਸੇਬ ਦੀ ਫਸਲ ਲਾਉਣ ਲਈ ਯਤਨ ਕਰ ਰਹੇ ਸਨ। ਹੁਣ ਉਨ੍ਹਾਂ ਦੀ ਮਿਹਨਤ ਰਾਸ ਆਈ ਹੈ। ਜਲਦ ਹੀ ਉਨ੍ਹਾਂ ਵੱਲੋਂ ਉਗਾਇਆ ਸੇਬ ਪੰਜਾਬ ਦੀਆਂ ਮੰਡੀਆਂ ਵਿੱਚ ਵਿਕੇਗਾ।

ਵਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਸੇਬ ਦੀ ਖੇਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਹਿਮਾਚਲ ਦੇ ਸੋਲਨ ਤੋਂ ਸੇਬ ਦੇ 2 ਬੂਟੇ ਲਿਆ ਕੇ ਆਪਣੇ ਘਰ ਲਾਏ। ਉਨ੍ਹਾਂ ਦੀ ਇਹ ਕੋਸ਼ਿਸ਼ ਸਫਲ ਰਹੀ। ਦੋਵਾਂ ਬੂਟਿਆਂ ਨੂੰ ਫਲ ਪਿਆ। ਇਸ ਦੇ ਬਾਅਦ ਉਨ੍ਹਾਂ ਆਪਣੀ ਜ਼ਮੀਨ ਦੇ ਦੋ ਏਕੜ ਰਕਬੇ ਵਿੱਚ ਸੇਬ ਦੀ ਫਸਲ ਲਾ ਦਿੱਤੀ। ਪਿਛਲੇ ਸਾਲ ਇਸ ਵਿੱਚੋਂ ਬੇਹੱਦ ਰਸਦਾਰ ਤੇ ਵਧੀਆ ਰੰਗ ਵਾਲੇ ਸੇਬ ਲੱਗੇ। ਇਨ੍ਹਾਂ ਦਾ ਸਵਾਦ ਵੀ ਜੰਮੂ-ਕਸ਼ਮੀਰ ਜਾਂ ਹਿਮਾਚਲ ਦੇ ਸੇਬ ਤੋਂ ਘੱਟ ਨਹੀਂ।

ਬਾਜਵਾ ਨੇ ਦੱਸਿਆ ਕਿ ਇਸ ਸਾਲ ਫਿਰ ਸੇਬ ਦੇ ਬੂਟਿਆਂ ਨੂੰ ਚੰਗਾ ਬੂਰ ਪਿਆ ਹੈ ਤੇ ਚੰਗਾ ਫਲ ਮਿਲਣ ਦਾ ਆਸ ਹੈ। ਪਿਛਲੇ ਸਾਲ ਉਨ੍ਹਾਂ ਨੂੰ ਕਾਫੀ ਚੰਗੀ ਆਮਦਨ ਹੋ ਗਈ ਸੀ। ਹੁਣ ਉਨ੍ਹਾਂ ਦੇ ਖੇਤਾਂ ਦੇ ਸੇਬਾਂ ਦੀ ਮੰਗ ਵੀ ਕਾਫੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੰਡੀ ਇਲਾਕੇ ਵਿੱਚ ਸੇਬ ਦੀ ਵਧੀਆ ਖੇਤੀ ਕੀਤੀ ਜਾ ਸਕਦੀ ਹੈ। ਪੰਜਾਬ ਦੇ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਖੇਤੀਬਾੜੀ ਯੂਨੀਵਰਸਿਟੀ ਨੂੰ ਇਸ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ।

ਵਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਜੇ ਪੰਜਾਬ ਦਾ ਕਿਸਾਨ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਸੇਬ ਦੀ ਖੇਤੀ ਕਰਨ ਲੱਗੇ ਤਾਂ ਉਸ ਤੋਂ ਕਾਫੀ ਮੁਨਾਫਾ ਕਮਾਇਆ ਜਾ ਸਕਦਾ ਹੈ। ਬਾਜ਼ਾਰ ਵਿੱਚ ਸੇਬ ਦੀ ਚੰਗੀ ਮੰਗ ਹੈ ਤੇ ਇਸ ਦਾ ਭਾਅ ਵੀ ਚੰਗਾ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲੀ ਚੱਕਰ ਛੱਡ ਕੇ ਬਾਗ਼ਬਾਨੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ ਬੀ ਪੀ ਸਾਂਝਾ