It is impossible to change paddy cultivation from one million hectares of land

February 20 2019

This content is currently available only in Punjabi language.

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਾਗ਼ਬਾਨੀ ਮਿਸ਼ਨ ਤਹਿਤ 60.46 ਕਰੋੜ ਰੁਪਏ ਦੀ ਬਜਟ ਵਿਚ ਵਿਵਸਥਾ ਕਰਕੇ ਝੋਨੇ ਦੀ ਕਾਸ਼ਤ ਹੇਠੋਂ ਲਗਭਗ ਦਸ ਲੱਖ ਹੈੱਕਟੇਅਰ ਰਕਬਾ ਕੱਢਣ ਦੀ ਤਜਵੀਜ਼ ਪੇਸ਼ ਕੀਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਜਵੀਜ਼ ਨੂੰ ਲਾਗੂ ਕਰਨਾ ਸੰਭਵ ਹੀ ਨਹੀਂ ਹੈ। ਉਨ੍ਹਾਂ ਆਪਣੀ ਬਜਟ ਤਜਵੀਜ਼ ਵਿਚ ਕਿਹਾ ਹੈ ਕਿ ਖੇਤੀਬਾੜੀ ਮਾਹਿਰ ਸ਼ਿਫਾਰਸ਼ ਕਰਦੇ ਹਨ ਕਿ ਸੂਬੇ ਨੂੰ ਖੇਤੀਬਾੜੀ ਦੀ ਸਥਿਰਤਾ ਲਈ ਅਤੇ ਫ਼ਸਲੀ ਚੱਕਰ ਬਦਲਣ ਦੀ ਵੱਡੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਫਲਾਂ ਅਤੇ ਸਬਜ਼ੀਆਂ ਦੇ ਕਾਸ਼ਤਕਾਰਾਂ ਵਾਸਤੇ ਸਮੂਹਿਕ ਸੁਵਿਧਾ ਅਬੋਹਰ ਵਿਚ ਕਾਇਮ ਕੀਤੀ ਜਾ ਰਹੀ ਹੈ ਜਿਸ ਵਾਸਤੇ 19.67 ਕਰੋੜ ਰੁਪਏ ਰੱਖੇ ਹਨ। ਪੰਜਾਬ ਦੇ ਕਿਸਾਨ ਫ਼ਸਲੀ ਚੱਕਰ ਬਦਲਣ ਲਈ ਤਿਆਰ ਹਨ ਬਸ਼ਰਤੇ ਸਰਕਾਰ ਜਿਹੜੀ ਬਦਲਵੀਆਂ ਫ਼ਸਲਾਂ ਦੀ ਖੇਤੀ ਕਰਵਾਏਗੀ, ਉਨ੍ਹਾਂ ਦੀ ਮਾਰਕੀਟਿੰਗ ਦਾ ਪ੍ਰਬੰਧ ਕਰੇ। ਇਸ ਵਾਰ ਸੂਬੇ ਵਿਚ ਆਲੂਆਂ ਦੀ ਜਿਣਸ ਸੜਕਾਂ ’ਤੇ ਰੁਲੀ ਹੈ ਤੇ ਕਿੰਨੂਆਂ ਦੀ ਖ਼ਰੀਦ ਦੀ ਹਾਲਤ ਵੀ ਚੰਗੀ ਨਹੀਂ।

ਇਸ ਤੋਂ ਪਹਿਲਾਂ ਸੂਬੇ ਦੇ ਕਿਸਾਨ ਅੰਗੂਰ, ਸੂਰਜਮੁਖੀ, ਦਾਲਾਂ ਦੀ ਖੇਤੀ ਦੇ ਤਜਰਬੇ ਕਰ ਚੁੱਕੇ ਹਨ, ਪਰ ਨਿਰਾਸ਼ ਹੀ ਹੋਏ ਹਨ। ਆਰਥਿਕ ਮਾਹਿਰ ਪ੍ਰੋ. ਰਣਜੀਤ ਸਿੰਘ ਘੁੰਮਣ ਨੇ ਸਰਕਾਰ ਦੀ ਇਸ ਤਜਵੀਜ਼ ਬਾਰੇ ਕਿਹਾ ਕਿ ਕੀ ਸਰਕਾਰ ਨੇ ਸਰਵੇਖਣ ਕਰ ਲਿਆ ਹੈ ਕਿ ਫਲਾਂ ਅਤੇ ਸਬਜ਼ੀਆਂ ਦੀ ਕੁੱਲ ਲੋੜ ਕਿੰਨੀ ਹੈ। ਜੇ ਸਰਕਾਰ ਫ਼ਸਲੀ ਚੱਕਰ ਨੂੰ ਬਦਲਣਾ ਚਾਹੁੰਦੀ ਹੈ ਤਾਂ ਉਸ ਨੂੰ ਸ਼ਹਿਰਾਂ ਦੇ ਨੇੜੇ ਜ਼ਮੀਨ ਦੀ ਪਛਾਣ ਕਰਨੀ ਚਾਹੀਦੀ ਹੈ ਤੇ ਮਾਰਕੀਟਿੰਗ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜੇ ਕਿਸਾਨਾਂ ਨੂੰ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਦਾ ਭਾਅ ਨਾ ਮਿਲਿਆ ਤਾਂ ਉਹ ਇਸ ਦੀ ਭਰਪਾਈ ਕਿਥੋਂ ਕਰਨਗੇ। ਜਿਹੜੇ ਕਿਸਾਨਾਂ ਦੇ ਆਲੂ ਰੁਲੇ ਹਨ, ਉਹ ਸਰਕਾਰ ਦੀ ਫ਼ਸਲੀ ਚੱਕਰ ਬਦਲਣ ਦੀ ਤਜਵੀਜ਼ ਨੂੰ ਕਿਵੇਂ ਮੰਨਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫ਼ਸਲੀ ਚੱਕਰ ਬਦਲਣ ਦੇ ਉਲਟ ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ 8969 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਾ ਪ੍ਰਬੰਧ ਕੀਤਾ ਹੈ। ਇਸ ਸਥਿਤੀ ਵਿਚ ਕਿਸਾਨ ਸਰਕਾਰ ਦੀ ਇਸ ਤਜਵੀਜ਼ ਨੂੰ ਕਿਉਂ ਪ੍ਰਵਾਨ ਕਰਨਗੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਦਸ ਲੱਖ ਹੈਕਟੇਅਰ ਦੀ ਥਾਂ ਇਕ ਲੱਖ ਹੈਕਟੇਅਰ ਰਕਬੇ ਨੂੰ ਝੋਨੇ ਦੀ ਖੇਤੀ ਤੋਂ ਬਾਹਰ ਕੱਢ ਲਵੇ ਤਾਂ ਇਹ ਹੀ ਬਹੁਤ ਵੱਡੀ ਪ੍ਰਾਪਤੀ ਹੋਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune