Convention of Vice Chancellors of Agricultural Farmers in PAU, starts from 11 Febuary

February 09 2019

This content is currently available only in Punjabi language.

ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੇ ਸੰਗਠਨ ਦੀ 43ਵੀਂ ਉਪ ਕੁਲਪਤੀਆਂ ਦੀ ਕਨਵੈਨਸ਼ਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ 11 ਤੇ 12 ਫਰਵਰੀ ਨੂੰ ਕਰਵਾਈ ਜਾ ਰਹੀ ਹੈ। ਇਸ ਕਨਵੈਨਸ਼ਨ ਵਿਚ ਦੇਸ਼ ਭਰ ਦੀਆਂ ਰਾਜ ਖੇਤੀਬਾੜੀ ਯੂਨੀਵਰਸਿਟੀਆਂ, ਕੇਂਦਰੀ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਡੀਮਡ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਹ ਕਨਵੈਨਸ਼ਨ ‘ਸਮਾਰਟ ਐਗਰੀਕਲਚਰ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ’ ਦੇ ਵਿਸ਼ੇ ਨੂੰ ਲੈ ਕੇ ਕਰਵਾਈ ਜਾ ਰਹੀ ਹੈ।

ਪੀਏਯੂ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਕਨਵੈਨਸ਼ਨ ਭਾਰਤ ਵਿਚ ਖੇਤੀ ਖੋਜ ਅਤੇ ਸਿੱਖਿਆ ਨੂੰ ਖੇਤੀਬਾੜੀ ਖੇਤਰ ਵਿਚ ਦਰਪੇਸ਼ ਵਿਸ਼ਵੀ ਚੁਣੌਤੀਆਂ ਅਤੇ ਮੌਕਿਆਂ ਮੁਤਾਬਕ ਸਮੇਂ ਦੇ ਹਾਣ ਦੀ ਬਣਾਉਣ ਲਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀਏਯੂ ਨਾ ਸਿਰਫ਼ ਜਾਣਕਾਰੀ ਮੁਹੱਈਆ ਕਰਨ ਪੱਖੋਂ ਕਿਸਾਨਾਂ ਲਈ ਚਾਨਣ ਮੁਨਾਰਾ ਸਾਬਤ ਹੋ ਰਹੀ ਹੈ, ਸਗੋਂ ਸਮੁੱਚੇ ਦੇਸ਼ ਦੇ ਖੇਤੀਬਾੜੀ ਵਿਕਾਸ ਵਿਚ ਵੀ ਯੋਗਦਾਨ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਪੀਏਯੂ ਨੇ ਹਮੇਸ਼ਾ ਜਲਵਾਯੂ ਦੇ ਅਨੁਕੂਲ ਸਮਾਰਟ ਖੇਤੀ ਗਤੀਵਿਧੀਆਂ ਨਾਲ ਤਾਲਮੇਲ ਬਣਾਇਆ, ਅਤਿ ਆਧੁਨਿਕ ਅਤੇ ਸੂਖਮ ਖੇਤੀ ਵਰਗੀਆਂ ਤਕਨੀਕਾਂ ਅਪਣਾਈਆਂ। ਇਹ ਕਨਵੈਨਸ਼ਨ ਇਸੇ ਦਿਸ਼ਾ ਵਿਚ ਅੱਗੇ ਵਧਣ ਵਾਲਾ ਕਦਮ ਹੈ। ਇਸ ਮੌਕੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਤੇ ਕਨਵੀਨਰ ਡਾ. ਗੁਰਿੰਦਰ ਕੌਰ ਸਾਂਘਾ ਨੇ ਕਨਵੈਨਸ਼ਨ ਵਿਚ ਕਰਵਾਏ ਜਾਣ ਵਾਲੇ ਸੈਸ਼ਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸੂਖਮ ਖੇਤੀ ਅਤੇ ਆਧੁਨਿਕ ਖੇਤੀ ਸਿਸਟਮ ਲਈ ਸੈਂਸਰ ਆਧਾਰਿਤ ਤਕਨੀਕਾਂ, ਖੇਤੀ ਵਿਚ ਬਿੱਗ ਡੇਟਾ ਮੈਨੇਜਮੈਂਟ ਟੂਲਜ਼ ਦੀ ਵਰਤੋਂ, ਖੇਤੀ ਅਤੇ ਭੋਜਨ ਖੇਤਰ ਵਿਚ ਰੋਬੋਟਿਕਸ ਤਕਨੀਕਾਂ, ਫ਼ਸਲਾਂ ਵਿਚ ਭਵਿੱਖਬਾਣੀ ਵਿਸ਼ਲੇਸ਼ਣ ਕਰਨ ਲਈ ਆਈ ਟੀ ਟੂਲਜ਼ ਨੂੰ ਹੁਲਾਰਾ ਦੇਣ ਲਈ ਪਸ਼ੂ ਧਨ ਅਤੇ ਮੱਛੀ ਪਾਲਣ ਅਤੇ ਨੀਤੀਗਤ ਯੋਜਨਾਬੰਦੀ ’ਤੇ ਵਿਚਾਰ ਚਰਚਾ ਹੋਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune