ਰੇਲ ਪਟੜੀਆਂ ’ਤੇ ਡਟੇ ਪੰਜਾਬ ਦੇ ਕਿਸਾਨ

September 25 2020

ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਤਿੰਨ ਰੋਜ਼ਾ ਸੰਘਰਸ਼ ਦੇ ਪਹਿਲੇ ਦਿਨ ਅੱਜ ਸੂਬੇ ਵਿੱਚ ਸਮੁੱਚੀ ਰੇਲ ਵਿਵਸਥਾ ਠੱਪ ਰਹੀ। ਰੇਲਵੇ ਨੇ ਭਾਵੇਂ ਸਾਰੀਆਂ ਰੇਲਾਂ ਰੱਦ ਕਰ ਦਿੱਤੀਆਂ ਸਨ ਪਰ ਕਿਸਾਨਾਂ ਨੇ ਰੇਲਵੇ ਲਾਈਨਾਂ ’ਤੇ ਪੱਕੇ ਮੋਰਚੇ ਲਾ ਕੇ ਭਾਜਪਾ ਅਤੇ ਬਿੱਲਾਂ ਦਾ ਸਮਰਥਨ ਕਰ ਰਹੀਆਂ ਸਿਆਸੀ ਧਿਰਾਂ ਖ਼ਿਲਾਫ਼ ਭੜਾਸ ਕੱਢੀ। ਕਿਸਾਨਾਂ ਵੱਲੋਂ ਦਿੱਲੀ-ਅੰਮ੍ਰਿਤਸਰ, ਫਿਰੋਜ਼ਪੁਰ-ਅੰਮ੍ਰਿਤਸਰ, ਦਿੱਲੀ-ਬਠਿੰਡਾ, ਅੰਬਾਲਾ-ਬਠਿੰਡਾ, ਲੁਧਿਆਣਾ-ਜਾਖਲ ਮੁੱਖ ਰੇਲਵੇ ਮਾਰਗਾਂ ਸਮੇਤ ਹੋਰਾਂ ’ਤੇ ਵੀ ਧਰਨੇ ਲਗਾ ਕੇ ਮੋਰਚਾ ਸੰਭਾਲਿਆ ਗਿਆ। ਅੰਮ੍ਰਿਤਸਰ, ਫਿਰੋਜ਼ਪੁਰ, ਪਟਿਆਲਾ, ਜਲੰਧਰ, ਲੁਧਿਆਣਾ, ਸੰਗਰੂਰ ਆਦਿ ਜ਼ਿਲ੍ਹਿਆਂ ’ਚ ਕਿਸਾਨਾਂ ਦੇ ਰੇਲ ਪਟੜੀਆਂ ’ਤੇ ਧਰਨਿਆਂ ਦੀਆਂ ਰਿਪੋਰਟਾਂ ਹਾਸਲ ਹੋਈਆਂ ਹਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਮੁਤਾਬਕ ਰੇਲਾਂ ਦਾ ਚੱਕਾ 26 ਸਤੰਬਰ ਤੱਕ ਜਾਮ ਰਹੇਗਾ ਅਤੇ ਉਸ ਤੋਂ ਬਾਅਦ ਪਹਿਲੀ ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਭਲਕੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਬੰਦ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਛੱਡ ਕੇ ਬਾਕੀ ਰਾਜਸੀ ਧਿਰਾਂ, ਡਾਕਟਰਾਂ ਦੀ ਜਥੇਬੰਦੀ ਪੀਸੀਐੱਮਐੱਸ ਐਸੋਸੀਏਸ਼ਨ, ਵਪਾਰ ਸੰਗਠਨਾਂ, ਮਜ਼ਦੂਰ ਤੇ ਕਿਰਤੀਆਂ ਦੇ ਸੰਗਠਨਾਂ, ਜਨਤਕ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਦੁਕਾਨਦਾਰਾਂ ਦੀਆਂ ਐਸੋਸੀਏਸ਼ਨਾਂ ਅਤੇ ਹੋਰ ਵਰਗਾਂ ਨੇ ਵੀ ਸਮਰਥਨ ਦਿੱਤਾ ਹੋਇਆ ਹੈ। 

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਸ਼ੁਰੂ ਕੀਤੇ ਗਏ 48 ਘੰਟਿਆਂ ਦੇ ਰੇਲ ਜਾਮ ਦੀ ਹਮਾਇਤ ’ਚ ਤਾਲਮੇਲ ਵਜੋਂ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਵੀ ਮਾਨਸਾ, ਬਰਨਾਲਾ, ਨਾਭਾ (ਪਟਿਆਲਾ) ਤੇ ਛਾਜਲੀ (ਸੰਗਰੂਰ) ’ਚ ਦਿੱਲੀ ਵਾਲੇ ਰੇਲਵੇ ਰੂਟਾਂ ’ਤੇ ਦਿਨ-ਰਾਤ ਦੇ ਧਰਨੇ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਦੇਵੀਦਾਸਪੁਰਾ (ਜਲੰਧਰ) ਅਤੇ ਫਿਰੋਜ਼ਪੁਰ ’ਚ ਵੀ ਧਰਨਿਆਂ ਵਿੱਚ ਹਮਾਇਤੀ ਜਥੇ ਸ਼ਾਮਲ ਹੋਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮੋਦੀ-ਭਾਜਪਾ ਹਕੂਮਤ ਵਿਰੁੱਧ ਦਿਨੋਂ ਦਿਨ ਪ੍ਰਚੰਡ ਹੋ ਰਹੇ ਰੋਹ ਦਾ ਪ੍ਰਗਟਾਵਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਜਥੇਬੰਦੀ ਦੇ ਦਾਇਰੇ ਤੋਂ ਬਾਹਰਲੇ ਕਿਸਾਨ ਮਜ਼ਦੂਰ ਤੇ ਹੋਰ ਕਿਰਤੀ ਵੀ ਜਥੇ ਲੈ ਕੇ ਧਰਨਿਆਂ ਵਿੱਚ ਸ਼ਾਮਲ ਹੋਏ। ਭਾਰੀ ਗਿਣਤੀ ’ਚ ਨੌਜਵਾਨਾਂ ਤੇ ਔਰਤਾਂ ਸਮੇਤ ਪੁੱਜੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਸਵਿੰਦਰ ਸਿੰਘ ਲੌਂਗੋਵਾਲ, ਰਾਮ ਸਿੰਘ ਭੈਣੀਬਾਘਾ, ਰਾਜਵਿੰਦਰ ਸਿੰਘ ਰਾਮਨਗਰ, ਕਮਲਜੀਤ ਕੌਰ, ਹਰਪ੍ਰੀਤ ਕੌਰ ਜੇਠੂਕੇ, ਚਮਕੌਰ ਸਿੰਘ ਨੈਣੇਵਾਲ, ਸਤਵਿੰਦਰ ਕੌਰ ਸ਼ਾਦੀਹਰੀਕੇ, ਸਨੇਹਦੀਪ, ਅਮਰੀਕ ਸਿੰਘ ਗੰਢੂਆਂ, ਮਨਜੀਤ ਸਿੰਘ ਨਿਆਲ ਸ਼ਾਮਲ ਸਨ। ਮੋਦੀ ਵੱਲੋਂ ਭਾਜਪਾ ਕਾਰਕੁਨਾਂ ਨੂੰ ਕਾਲੇ ਖੇਤੀ ਕਾਨੂੰਨਾਂ ਦੇ ਪੱਖ ’ਚ ਪ੍ਰਚਾਰ ਕਰਨ ਦੇ ਸੱਦੇ ਦਾ ਚੈਲੰਜ ਕਬੂਲ ਕਰਦਿਆਂ ਬੁਲਾਰਿਆਂ ਨੇ ਕਿਸਾਨਾਂ ਨੂੰ ਕਿਹਾ ਕਿ ਅਜਿਹੇ ਅੰਨ੍ਹੇ ਮੋਦੀ-ਭਗਤਾਂ ਨੂੰ ਥਾਂ ਥਾਂ ਘੇਰ ਕੇ ਲਾ-ਜਵਾਬ ਕੀਤਾ ਜਾਵੇ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ-ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੀ ਮੁੱਠੀ ਵਿੱਚ ਦੇਣ ਅਤੇ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦੇ ਸੰਦ ਹਨ ਅਤੇ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਮੌਤ ਦੇ ਵਾਰੰਟ ਹਨ।

ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਵੱਲੋ ਅੱਜ ਦੇਵੀਦਾਸਪੁਰ (ਅੰਮ੍ਰਿਤਸਰ) ਤੇ ਬਸਤੀ ਟੈਂਕਾਂ ਵਾਲੀ (ਫਿਰੋਜ਼ਪੁਰ) ’ਚ ਮੁੱਖ ਰੇਲ ਮਾਰਗ ਜਾਮ ਕਰਕੇ ਤਿੰਨ ਦਿਨ ਦਾ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ। ਊਨ੍ਹਾਂ ਭਾਜਪਾ ਦੇ ਸੰਸਦ ਮੈਂਬਰਾਂ ਤੇ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦਾ ਐਲਾਨ ਵੀ ਕੀਤਾ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਜਗਤ ਅੱਗੇ ਗੋਡੇ ਟੇਕ ਕੇ ਨਿੱਜੀਕਰਨ ਤੇ ਕੇਂਦਰੀਕਰਨ ਦੀ ਨੀਤੀ ਰਾਹੀਂ ਰਾਜ ਸਭਾ ਵਿੱਚ ਬਹੁਮਤ ਨਾ ਹੋਣ ਦੇ ਬਾਵਜੂਦ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਪਾਸ ਕੀਤੇ ਤਿੰਨ ਖੇਤੀ ਬਿੱਲਾਂ, ਕਿਰਤ ਕਾਨੂੰਨਾਂ ਵਿੱਚ ਸੋਧ ਅਤੇ ਪੰਜਾਬੀ ਮਾਂ ਬੋਲੀ ਨੂੰ ਕਸ਼ਮੀਰ ਵਿੱਚੋਂ ਬਾਹਰ ਕੱਢਣ ਦੇ ਕਾਨੂੰਨ ਪਾਸ ਕਰਨੇ ਲੋਕਤੰਤਰ ਦੀ ਹੱਤਿਆ ਹੈ। ਸੰਘਰਸ਼ ਕਮੇਟੀ ਦੇ ਪੱਕੇ ਮੋਰਚੇ ਨੂੰ ਜਨਤਕ ਜਥੇਬੰਦੀਆਂ, ਕਿਸਾਨਾਂ, ਮਜ਼ਦੂਰਾਂ, ਆੜਤੀਏ, ਮੁਨੀਮਾਂ, ਪੱਲੇਦਾਰ ਯੂਨੀਅਨਾਂ, ਕਾਰ ਸੇਵਾ ਵਾਲੇ ਬਾਬਿਆਂ ਦਾ ਪੂਰਾ ਸਮਰਥਨ ਦਿੱਤਾ ਅਤੇ ਥਾਂ ਥਾਂ ਲੰਗਰ ਲੱਗੇ ਹੋਏ ਹਨ। ਇਕੱਠਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ ਤੇ ਸੁਖਵਿੰਦਰ ਸਿੰਘ ਸਭਰਾ ਨੇ ਭਾਜਪਾ ਦੇ ਸੰਸਦ ਮੈਂਬਰਾਂ ਤੇ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਤੇ ਕਿਸੇ ਵੀ ਰਾਜਸੀ ਆਗੂ ਨੂੰ ਕਿਸਾਨਾਂ-ਮਜ਼ਦੂਰਾਂ ਦੀ ਸਟੇਜ ਤੋਂ ਨਾ ਬੋਲਣ ਦੇਣ ਦਾ ਐਲਾਨ ਕਰਦਿਆਂ ਅੰਬਾਲਾ ਸ਼ੰਭੂ ਬੈਰੀਅਰ ’ਤੇ ਭਾਜਪਾ ਸਰਕਾਰ ਵੱਲੋਂ ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਉੱਤੇ ਕੀਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਗਈ। ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਲਾਲ ਸਿੰਘ ਪੰਡੋਰੀ ਅਤੇ ਮਹਿਲਾ ਆਗੂ ਸਿਮਰਨ ਕੌਰ ਜਲਾਲਾਬਾਦ ਨੇ ਵੀ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।

ਸ਼ਾਮ ਚਾਰ ਵਜੇ ਤੱਕ ਰਹੇਗਾ ਪੰਜਾਬ ਬੰਦ

ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਭਲਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ  ਲੋਕਾਂ ਵੱਲੋਂ ਬਹੁਤ ਹੀ ਉਤਸ਼ਾਹਪੂਰਨ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਜਥੇਬੰਦੀਆਂ ਦੇ ਨੁਮਾਇੰਦੇ ਡਾਕਟਰ ਦਰਸ਼ਨ ਪਾਲ ਨੇ ਬਿਆਨ ਰਾਹੀਂ ਦੱਸਿਆ ਕਿ ਸੂਬੇ ਦੀਆਂ ਸਾਰੀਆਂ ਜਥੇਬੰਦੀਆਂ ਨੇ ਬੰਦ ਵਿੱਚ ਹਿੱਸਾ ਲੈਣ ਅਤੇ ਊਸ ਨੂੰ ਕਾਮਯਾਬ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਬੰਦ ਸਵੇਰੇ ਦਿਨ ਚੜ੍ਹਦੇ ਤੋਂ ਸ਼ੁਰੂ ਹੋ ਕੇ ਸ਼ਾਮ 4.00 ਵਜੇ ਤੱਕ ਰਹੇਗਾ। ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨੇ ਵੀ ਪੰਜਾਬ ਬੰਦ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੋਇਆ ਹੈ। ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਅੱਜ ਵੱਖ ਵੱਖ ਸ਼ਹਿਰਾਂ, ਕਸਬਿਆਂ ਅਤੇ ਮੰਡੀਆਂ ਵਿੱਚ ਮੋਟਰਸਾਈਕਲਾਂ ’ਤੇ ਝੰਡੇ ਲਾ ਕੇ, ਨਾਅਰੇ ਮਾਰਦੇ ਹੋਏ ਕਿਸਾਨ ਜਥੇਬੰਦੀਆਂ ਨੇ ਬਾਜ਼ਾਰਾਂ ਅਤੇ ਦੁਕਾਨਾਂ ਨੂੰ ਬੰਦ ਕਰਨ ਦਾ ਸੱਦਾ ਦਿੰਦੇ ਹੋਏ ਵਿਖਾਵੇ ਕੀਤੇ। ਉਨ੍ਹਾਂ ਦੱਸਿਆ ਕਿ ਜੇਕਰ ਔਸਤਨ ਪੰਜ ਨਾਕੇ ਪ੍ਰਤੀ ਜ਼ਿਲ੍ਹੇ ਮੁਤਾਬਕ ਲਗਾਏ ਗਏ ਤਾਂ 100 ਤੋਂ 125 ਥਾਵਾਂ ਉੱਤੇ ਰੇਲਾਂ ਅਤੇ ਸੜਕਾਂ ਤੇ ਆਵਾਜਾਈ ਠੱਪ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਸਮੇਤ ਹੋਰ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸਾਨ ਜਥੇਬੰਦੀਆਂ ਅਜਿਹਾ ਮਾਹੌਲ ਸਿਰਜ ਰਹੀਆਂ ਹਨ ਜਿਸ ਨਾਲ ਵੱਖੋ ਵੱਖ ਪਾਰਟੀਆਂ ਦੀਆਂ ਸਰਕਾਰਾਂ ਲਈ ਸਿਰਦਰਦੀਆਂ ਖੜ੍ਹੀਆਂ ਹੋ ਚੁੱਕੀਆਂ ਹਨ ਅਤੇ ਪੰਜਾਬ ਦੇ ਕਿਸਾਨ ਅਤੇ ਲੋਕ ਇਸ ਵਿੱਚ ਆਗੂ ਭੂਮਿਕਾ ਨਿਭਾ ਰਹੇ ਹਨ। ਉੁਨ੍ਹਾਂ ਲੋਕਾਂ ਖ਼ਾਸ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਇਸ ਸੰਘਰਸ਼ ਵਿੱਚ ਬੀਜੇਪੀ ਦੇ ਆਗੂਆਂ ਦੇ ਬਾਈਕਾਟ ਦੇ ਸੱਦੇ ਨੂੰ ਪੁਰਅਮਨ ਤਰੀਕੇ ਨਾਲ ਲਾਗੂ ਕਰਨ ਕਿਉਂਕਿ ਹੋ ਸਕਦਾ ਹੈ ਕਿ ਕਿਸਾਨ, ਪੰਜਾਬ ਅਤੇ ਲੋਕ ਵਿਰੋਧੀ ਸ਼ਕਤੀਆਂ ਸੰਘਰਸ਼ ਦੀ ਪਿੱਠ ਵਿੱਚ ਛੁਰਾ ਖੋਭਣ ਲਈ ਸ਼ਰਾਰਤੀ ਅਨਸਰਾਂ ਨੂੰ ਭੜਕਾਊ ਅਤੇ ਗਲਤ ਹਰਕਤਾਂ ਕਰਨ ਲਈ ਭੇਜਣ। 

ਪੰਜਾਬ ਵਿੱਚ ਖੇਤੀ ਬਿੱਲਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਭਲਕੇ ਅਕਾਲੀ ਦਲ ਵੱਲੋਂ ਚੱਕਾ ਜਾਮ ਦੇ ਐਲਾਨ ’ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ  ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਕਿਸਾਨ ਅੰਦੋਲਨ ਦੇ ਬਰਾਬਰ ਮੁਕਾਬਲਾ ਕਰਨ ਵਾਂਗ ਕੀਤਾ ਫ਼ੈਸਲਾ ਕਿਸਾਨ ਧਿਰਾਂ ਨੂੰ ਰੜਕਦਾ ਰਹੇਗਾ। ਉਨ੍ਹਾਂ ਦੱਸਿਆ ਕਿ 25 ਸਤੰਬਰ ਦੇ ਪੰਜਾਬ ਬੰਦ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਬੰਦ ਦੌਰਾਨ ਅਨੁਸ਼ਾਸ਼ਨ ਅਤੇ ਇਸ ਨੂੰ ਸ਼ਾਂਤਮਈ ਰੱਖਣਾ ਸਭ ਦੀ ਅਹਿਮ ਜ਼ਿੰਮੇਵਾਰੀ ਹੈ।ਸ੍ਰੀ ਰਾਜੇਵਾਲ ਨੇ ਕਿਹਾ ਕਿ 25 ਸਤੰਬਰ ਦੇ ਪੰਜਾਬ ਬੰਦ ਦਾ ਫੈਸਲਾ ਬਹੁਤ ਪਹਿਲਾਂ ਲਿਆ ਗਿਆ ਸੀ। ਉਨ੍ਹਾਂ ਦੁੱਖ ਜ਼ਾਹਰ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੰਦੋਲਨ ਦੀ ਹਮਾਇਤ ਵੀ ਮੁਕਾਬਲੇਬਾਜ਼ੀ ਵਾਂਗ ਕੀਤੀ ਹੈ ਅਤੇ ਕਿਸਾਨ ਅੰਦੋਲਨ ਦੇ ਮੁਕਾਬਲੇ ਹੀ ਥਾਂ ਥਾਂ ਵੱਖਰੇ ਜਾਮ ਲਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਅਕਾਲੀ ਆਗੂ ਇੰਜ ਨਾ ਕਰਨ ਅਤੇ ਜੇਕਰ ਉਨ੍ਹਾਂ ਨੂੰ ਇਸ ਅੰਦੋਲਨ ਨਾਲ  ਹਮਦਰਦੀ ਹੈ ਤਾਂ ਆਪਣੇ ਭਾਈਵਾਲ ਭਾਜਪਾ ਉੱਤੇ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਦਬਾਅ ਪਾਉਣ। ਊਨ੍ਹਾਂ ਭਾਜਪਾ ਵਿੱਚ ਬੈਠੇ ਕਿਸਾਨ ਪਰਿਵਾਰਾਂ ਨਾਲ ਸਬੰਧਤ ਲੀਡਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਛੱਡ ਕੇ ਕਿਸਾਨਾਂ ਨਾਲ ਰਲ ਜਾਣ ਅਤੇ ਭਾਜਪਾ ਦੇ ਕੂੜ ਪ੍ਰਚਾਰ ਦੇ ਭਾਈਵਾਲ ਨਾ ਬਣਨ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਹੁਣ ਪੰਜਾਬ ਤੇ ਹਰਿਆਣਾ ਤੱਕ ਸੀਮਤ ਨਹੀਂ ਰਿਹਾ ਅਤੇ ਇਹ ਹੁਣ ਰਾਜਸਥਾਨ, ਯੂਪੀ, ਮੱਧ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਉੜੀਸਾ, ਛੱਤੀਸਗੜ੍ਹ ਅਤੇ ਹੋਰ ਸੂਬਿਆਂ ’ਚ ਵੀ ਪ੍ਰਚੰਡ ਹੋ ਰਿਹਾ ਹੈ। ਊਨ੍ਹਾਂ ਕਿਹਾ ਕਿ ਛੇਤੀ ਹੀ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਸਾਰੇ ਦੇਸ਼ ’ਚ ਅੰਦੋਲਨ ਦਾ ਐਲਾਨ ਕਰਨਗੀਆਂ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਬੰਦ ਦੌਰਾਨ ਐਂਬੂਲੈਂਸਾਂ, ਮਰੀਜ਼ਾਂ ਅਤੇ ਡਾਕਟਰਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune