ਭਾਜਪਾ ਆਗੂਆਂ ਨੂੰ ਪਿੰਡਾਂ ’ਚ ਨਾ ਵੜਨ ਦੇਣ ਦਾ ਸੱਦਾ

September 23 2020

ਰਾਜਪੁਰਾ ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਿੰਡਾਂ ਦੇ ਵਸਨੀਕਾਂ ਨੂੰ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦਾ ਸੱਦਾ ਦਿੱਤਾ ਹੈ। ਉਹ ਦਿਹਾਤੀ ਕਾਂਗਰਸ ਬਨੂੜ ਵੱਲੋਂ ਪਿੰਡ ਮਨੌਲੀ ਸੂਰਤ ਦੇ ਸਰਪੰਚ ਨੈਬ ਸਿੰਘ ਦੀ ਅਗਵਾਈ ਹੇਠ ਪਿੰਡ ਧਰਮਗੜ੍ਹ ਵਿਚ 22 ਪਿੰਡਾਂ ਦੇ ਕਿਸਾਨਾਂ, ਪੰਚਾਇਤਾਂ ਅਤੇ ਕਾਂਗਰਸੀ ਵਰਕਰਾਂ ਵੱਲੋਂ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਤੇ ਧਰਨੇ ਨੂੰ ਸੰਬੋਧਨ ਕਰ ਰਹੇ ਸਨ।

ਹਲਕਾ ਵਿਧਾਇਕ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਧਰੋਹ ਕਮਾਇਆ ਹੈ ਅਤੇ ਖੇਤੀ ਸੁਧਾਰ ਬਿੱਲ ਪੰਜਾਬ ਦੀ ਕਿਸਾਨੀ ਲਈ ਸਭ ਤੋਂ ਵੱਧ ਮਾਰੂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਲਾਂ ਦੇ ਲਾਗੂ ਹੋਣ ਨਾਲ ਜਿਣਸਾਂ ਦੀ ਸਰਕਾਰੀ ਖਰੀਦ ਬੰਦ ਹੋ ਜਾਵੇਗੀ, ਪੰਜਾਬ ਦਾ ਮੰਡੀਕਰਣ ਸਿਸਟਮ ਤਹਿਸ-ਨਹਿਸ ਹੋ ਜਾਵੇਗਾ ਤੇ ਆੜ੍ਹਤੀਆਂ ਅਤੇ ਹੋਰ ਕਾਰੋਬਾਰੀਆਂ ਨੂੰ ਨੁਕਸਾਨ ਹੋਵੇਗਾ।

ਸ੍ਰੀ ਕੰਬੋਜ ਨੇ ਆਖਿਆ ਕਿ ਤਾਜ਼ਾ ਬਿਲਾਂ ਨੂੰ ਪਾਸ ਕਰਕੇ ਨਰਿੰਦਰ ਮੋਦੀ ਨੇ ਕਥਿਤ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪੰਜਾਬ ਦੀ ਕਿਸਾਨੀ ਨੂੰ ਕਾਰਪੋਰੇਟ ਘਰਾਦਿਆਂ ਦੇ ਹੱਥਾਂ ਵਿੱਚ ਜਾਣ ਤੋਂ ਬਚਾਉਣ ਲਈ ਇਕਜੁੱਟ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਕਿਸੇ ਵੀ ਪਿੰਡ ਵਿੱਚ ਨਾ ਵੜ੍ਹਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡ ਖੜੋਲਾ ਅਤੇ ਬਸੰਤਪੁਰਾ ਵਿਚ ਵੀ ਅਜਿਹੇ ਧਰਨੇ ਲਗਾਏ ਗਏ ਹਨ।

ਇਕੱਠ ਨੂੰ ਨੈਬ ਸਿੰਘ ਮਨੌਲੀ ਸੂਰਤ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ, ਦਿਹਾਤੀ ਯੂਥ ਕਾਗਰਸ ਬਨੂੜ ਦੇ ਪ੍ਰਧਾਨ ਰਾਜਿੰਦਰ ਰਾਜੂ ਮੁਠਿਆੜਾਂ, ਹਰਬੰਸ ਸਿੰਘ ਸਰਪੰਚ ਧਰਮਗੜ੍ਹ, ਸੁਖਦੇਵ ਸਿੰਘ ਚੰਗੇਰਾ, ਬਲਾਕ ਸਮਿਤੀ ਮੈਂਬਰ ਬਲਦੇਵ ਸਿੰਘ ਕਨੌੜ, ਰਿਸ਼ੀ ਪਾਲ ਸਰਪੰਚ ਨੱਗਲ-ਸਲੇਮਪੁਰ, ਧਰਮਵੀਰ ਸ਼ੈਲੀ, ਹਰਮਿੰਦਰ ਸਿੰਘ ਬਿੱਲਾ ਸਰਪੰਚ ਜੰਗਪੁਰਾ ਸਮੇਤ ਵੱਖ ਵੱਖ ਸਰਪੰਚਾਂ ਨੇ ਸੰਬੋਧਨ ਕੀਤਾ।

ਇਪਟਾ ਪੰਜਾਬ ਨੇ ਕਿਸਾਨ ਸੰਘਰਸ਼ ਅਤੇ 25 ਸਤੰਬਰ ਦੇ ਪੰਜਾਬ ਬੰਦ ਦੀ ਹਮਾਇਤ ਦਾ ਐਲਾਨ ਕੀਤਾ ਹੈ। ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਨੇ ਆਖਿਆ ਕਿ ਕੇਂਦਰ ਵੱਲੋਂ ਕਿਸਾਨਾਂ ’ਤੇ ਥੋਪੇ ਗਏ ਖੇਤੀ ਸੁਧਾਰ ਬਿਲਾਂ ਨੂੰ ਕਿਸੇ ਵੀ ਕੀਮਤ ’ਤੇ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜਥੇਬੰਦੀ ਦੇ ਕਾਰਕੁਨ ਵੱਖ ਵੱਖ ਥਾਵਾਂ ’ਤੇ ਕਿਸਾਨ ਸੰਘਰਸ਼ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਾ ਰਹੇ ਹਨ। ਇਸੇ ਤਰ੍ਹਾਂ ਪੰਜਾਬੀ ਗਾਇਕ ਸਤਵਿੰਦਰ ਬੁੱਗਾ, ਹਰਜੀਤ ਹਰਮਨ ਅਤੇ ਗਾਇਕਾ ਮਨਿੰਦਰ ਦਿਓਲ ਨੇ ਵੀ ਕਿਸਾਨ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ। 

ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਦਫ਼ਤਰ ਇੰਚਾਰਜ ਜਗਤਾਰ ਸਿੰਘ ਘੜੂੰਆਂ ਨੇ ਸੰਸਦ ਵਿੱਚ ਨਵੇਂ ਖੇਤੀ ਬਿਲਾਂ ਦੇ ਪਾਸ ਹੋਣ ਨਾਲ ਘੱਟੋ-ਘੱਟ ਸਮਰਥਨ ਮੁੱਲ ਖਤਮ ਹੋਣ ਬਾਰੇ ਕਿਸਾਨਾਂ ਵਿੱਚ ਵੱਧ ਰਹੇ ਖਦਸ਼ਿਆਂ ਦੇ ਦਰਮਿਆਨ ਕਣਕ ਅਤੇ ਹਾੜ੍ਹੀ ਦੀਆਂ ਹੋਰ ਪੰਜ ਫਸਲਾਂ ਦੇ ਭਾਅ ਵਿੱਚ ਕੀਤੇ ਨਿਗੂਣੇ ਵਾਧੇ ਨੂੰ ਕੋਝਾ ਮਜ਼ਾਕ ਕਰਾਰ ਦਿੱਤਾ ਹੈ। 

ਬੀਐੱਡ ਅਧਿਆਪਕ ਫ਼ਰੰਟ ਪੰਜਾਬ ਵੱਲੋਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ 25 ਸਤੰਬਰ ਦੇ ਪੰਜਾਬ ਬੰਦ ਦਾ ਸਮਰਥਨ ਕੀਤਾ ਹੈ ਅਤੇ ਜਥੇਬੰਦੀ ਦੇ ਸਮੂਹ ਮੈਂਬਰਾਂ ਨੂੰ ਅਤੇ ਭਰਾਤਰੀ ਅਧਿਆਪਕ ਜਥੇਬੰਦੀਆਂ ਨੂੰ 25 ਸਤੰਬਰ ਦੇ ਪੰਜਾਬ ਬੰਦ ਨੂੰ ਲਾਗੂ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ। ਪੰਜਾਬ ਪ੍ਰਧਾਨ ਹਰਵਿੰਦਰ ਬਿਲਗਾ, ਸੀਨੀਅਰ ਮੀਤ ਪ੍ਰਧਾਨ ਅਜੀਤਪਾਲ ਸਿੰਘ ਜੱਸੋਵਾਲ, ਮੀਤ ਪ੍ਰਧਾਨ ਤਲਵਿੰਦਰ ਸਿੰਘ ਸਮਾਣਾ, ਸੀਨੀਅਰ ਅਧਿਆਪਕ ਆਗੂ ਸੁਰਜੀਤ ਰਾਜਾ ਤੇ ਹੋਰ ਆਗੂਆਂ ਨੇ ਕਿਹਾ ਕਿ ਭਾਰਤ ਸਮੇਤ ਪੰਜਾਬ ਦੇ ਕਿਸਾਨ ਇਨ੍ਹਾਂ ਬਿਲਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੇ ਪਿੜ ਵਿੱਚ ਉੱਤਰ ਚੁੱਕੇ ਹਨ।

ਪੇਂਡੂ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿਲਾਂ ਵਿਰੁੱਧ ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਨੇ ਵੀ ਸਮਰਥਨ ਦਿੱਤਾ ਹੈ। ਅੱਜ ਇੱਥੇ ਜਾਰੀ ਇੱਕ ਪ੍ਰੈੱਸ ਬਿਆਨ ਰਾਹੀਂ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਕਿਹਾ ਕਿ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਸੁਧਾਰਾਂ ਦੇ ਨਾਂ ’ਤੇ ਪਾਰਲੀਮੈਂਟ ਵਿਚ ਪਾਸ ਕੀਤੇ ਗਏ ਤਿੰਨ ਬਿਲਾਂ ਦੇ ਕਿਸਾਨ ਵਿਰੋਧੀ ਚਰਿੱਤਰ ਨੂੰ ਵੇਖਦੇ ਹੋਏ ਇਸ ਅਮਲ ਦਾ ਗੰਭੀਰ ਨੋਟਿਸ ਲੈਂਦੀ ਹੈ।

ਜ਼ਿਲ੍ਹਾ ਮੁਹਾਲੀ ’ਚ 25 ਨੂੰ ਬੰਦ ਰਹਿਣਗੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ

ਜ਼ਿਲ੍ਹਾ ਮੁਹਾਲੀ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ 25 ਸਤੰਬਰ ਨੂੰ ਬੰਦ ਰਹਿਣਗੀਆਂ। ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੀ ਇੱਥੇ ਹੋਈ ਇਕੱਤਰਤਾ ਵਿੱਚ ਇਹ ਫ਼ੈਸਲਾ ਕੀਤਾ ਗਿਆ। ਇਸ ਮੌਕੇ ਡੇਰਾਬੱਸੀ ਬਲਾਕ ਦੇ ਪ੍ਰਧਾਨ ਅਜੈਬ ਸਿੰਘ, ਮਾਜਰੀ ਬਲਾਕ ਦੇ ਪ੍ਰਧਾਨ ਇਕਬਾਲ ਸਿੰਘ ਮੀਆਂਪੁਰ, ਖਰੜ ਬਲਾਕ ਦੇ ਪ੍ਰਧਾਨ ਰਾਜਵਿੰਦਰ ਸਿੰਘ ਮਜਾਤ ਆਦਿ ਵੀ ਹਾਜ਼ਰ ਸਨ।

ਅਕਾਲੀ ਦਲ ਖੇਤੀ ਬਿਲਾਂ ਖ਼ਿਲਾਫ਼ ਕਰੇਗਾ ਚੱਕਾ ਜਾਮ: ਰਾਜੂ ਖੰਨਾ

ਸ਼੍ਰੋਮਣੀ ਅਕਾਲੀ ਦਲ ਜਿੱਥੇ 25 ਸਤੰਬਰ ਨੂੰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪੰਜਾਬ ਬੰਦ ਦਾ ਭਰਪੂਰ ਸਮਰਥਨ ਕਰਦਾ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ 25 ਸਤੰਬਰ ਨੂੰ 11 ਵਜੇ ਤੋਂ 2 ਵਜੇ ਤੱਕ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਆਰਡੀਨੈਂਸ ਖਿਲਾਫ਼ ਚੱਕਾ ਜਾਮ ਕਰੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਇੱਥੇ ਪਾਰਟੀ ਆਗੂਆਂ ਸਮੇਤ ਗੱਲਬਾਤ ਕਰਦਿਆਂ ਕੀਤਾ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune