ਪਿੰਡਾਂ ’ਚ ਟਰੈਕਟਰ ਮਾਰਚ ਕੱਢੇ

January 13 2021

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਨਥਾਣਾ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਦੇ ਗੈਰ-ਜਮਹੂਰੀ ਰਵੱਈਏ ਖ਼ਿਲਾਫ਼ ਪਿੰਡਾਂ ਭੁੱਚੋ ਕਲਾਂ, ਤੁੰਗਵਾਲੀ, ਭੁੱਚੋ ਮੰਡੀ ਅਤੇ ਲਹਿਰਾ ਮੁਹੱਬਤ ਵਿੱਚ ਟਰੈਕਟਰ ਮਾਰਚ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂ ਰਛਪਾਲ ਤੁੰਗਵਾਲੀ, ਤੇਜਾ ਸਿੰਘ, ਭੋਲਾ ਸਿੰਘ, ਖੁਸ਼ਪ੍ਰੀਤ ਸਿੰਘ, ਸੰਦੀਪ ਸਿੰਘ ਅਤੇ ਬਲਵੀਰ ਸਿੰਘ ਨੇ ਕਿਸਾਨਾਂ ਨੂੰ 26 ਜਨਵਰੀ ਦੇ ਦਿੱਲੀ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਇਲਾਕੇ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਅੱਜ ਦੂਜੇ ਦਿਨ ਵੀ ਟਰੈਕਟਰ ਮਾਰਚ ਕੱਢਿਆ ਗਿਆ। ਯੂਨੀਅਨ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਨੇ ਦੱਸਿਆ ਕਿ ਮਾਰਚ ਦੌਰਾਨ ਪਿੰਡਾਂ ਦੇ ਲੋਕਾਂ ਨੂੰ 26 ਜਨਵਰੀ ਦੇ ਮਾਰਚ ਸਬੰਧੀ ਦੱਸਿਆ ਜਾ ਰਿਹਾ ਹੈ।

ਇਸ ਟਰੈਕਟਰ ਮਾਰਚ ਦੌਰਾਨ ਨਾਥਪੁਰਾ, ਗਿੱਦੜ, ਗੰਗਾ, ਨਥਾਣਾ, ਪੂਹਲਾ, ਪੂਹਲੀ ਅਤੇ ਸੇਮਾ ਕਲਾਂ ਪਿੰਡਾਂ ਦੇ ਲੋਕਾਂ ਨੂੰ ਦਿੱਲੀ ਪੁੱਜਣ ਦਾ ਸੱਦਾ ਦਿੱਤਾ ਗਿਆ।

ਅੱਜ ਖੇਤਰ ਦੇ ਪਿੰਡਾਂ ਵਿੱਚ ਹਰਿਆਣਾ ਕਿਸਾਨ ਮੰਚ ਦੇ ਸੂਬਾ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਕੀਤਾ ਗਿਆ। ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਦੱਸਿਆ ਕਿ ਅੱਜ ਦਾ ਟਰੈਕਟਰ ਮਾਰਚ ਪਿੰਡ ਸੂਰਤੀਆ ਤੋਂ ਸ਼ੁਰੂ ਕੀਤਾ ਗਿਆ ਅਤੇ ਫੱਗੂ, ਕੁਰੰਗਾਂਵਾਲੀ ਅਤੇ ਸੁਖਚੈਨ ਤੋਂ ਹੁੰਦੇ ਹੋਏ ਮੰਡੀ ਕਾਲਾਂਵਾਲੀ ਵਿੱਚ ਸਮਾਪਤ ਹੋਇਆ।

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਲਈ ਬਜ਼ਿੱਦ ਹਨ। ਇਸੇ ਲੜੀ ਤਹਿਤ ਅੱਜ ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਦੀ ਅਗਵਾਈ ਹੇਠ ਦਰਜਨਾਂ ਪਿੰਡਾਂ ’ਚ ਟਰੈਕਟਰ ਮਾਰਚ ਦੀ ਰਿਹਰਸਲ ਕੀਤੀ ਗਈ। ਉੱਧਰ, ਪਿੰਡ ਫੂਲਕਾਂ ਦੇ ਕਿਸਾਨਾਂ ਨੇ ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ਲਈ ਰਸਦ ਦੀਆਂ ਟਰਾਲੀਆਂ ਭੇਜੀਆਂ ਹਨ। ਇਸੇ ਤਰ੍ਹਾਂ ਪਿੰਡ ਨੇਜਾਡੇਲਾ ਕਲਾਂ ਤੋਂ ਕਿਸਾਨਾਂ ਨੇ ਦਿੱਲੀ ਕਿਸਾਨਾਂ ਲਈ ਦੋ ਟਰਾਲੀਆਂ ਰਸਦ, ਗੱਦੇ ਤੇ ਹੋਰ ਸਾਮਾਨ ਭੇਜਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune