ਝੋਨੇ ਦੀ ਸਰਕਾਰੀ ਖਰੀਦ ਪਹਿਲੀ ਤੋਂ

September 25 2020

ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਵੇਗੀ। ਮਾਰਕੀਟ ਕਮੇਟੀ ਲਾਲੜੂ ਅਧੀਨ ਆਉਂਦੀਆਂ ਸਾਰੀਆਂ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਵਾਰ ਵੀ ਕਿਸਾਨਾਂ ਨੂੰ ਪਾਸ ਦਿਖਾ ਕੇ ਮੰਡੀਆਂ ਵਿੱਚ ਆਪਣੀ ਫਸਲ ਲਿਆਉਣ ਦੀ ਇਜਾਜ਼ਤ ਹੋਵੇਗੀ। ਇਹ ਪਾਸ ਸਿੱਧੇ ਤੌਰ ’ਤੇ ਆੜ੍ਹਤੀਆਂ ਨੂੰ ਜਾਰੀ ਕੀਤੇ ਜਾਣਗੇ। ਮਾਰਕੀਟ ਕਮੇਟੀ ਲਾਲੜੂ ਦੇ ਚੈਅਰਮੇਨ ਓਮਬੀਰ ਰਾਣਾ ਅਤੇ ਸਕੱਤਰ ਗੁਰਨਾਮ ਸਿੰਘ ਅਨੁਸਾਰ ਮਾਰਕੀਟ ਕਮੇਟੀ ਲਾਲੜੂ ਅਧੀਨ ਪਹਿਲਾਂ ਲਾਲੜੂ ਮੰਡੀ, ਤਸਿੰਬਲੀ ਅਤੇ ਜੜੌਤ ਵਿਖੇ ਖਰੀਦ ਕੇਂਦਰ ਬਣਾਏ ਜਾਂਦੇ ਸਨ ਜੋ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ । ਇਸ ਤੋਂ ਇਲਾਵਾ ਇਸ ਵਾਰ ਫੋਕਲ ਪੁਆਇੰਟ ਟਿਵਾਣਾ ਵਿਖੇ ਵੀ ਝੋਨੇ ਦੀ ਖਰੀਦ ਦੇ ਪ੍ਰਬੰਧ ਕੀਤੇ ਜਾਣਗੇ ਅਤੇ ਖੇਡ ਸਟੇਡੀਅਮ ਲਾਲੜੂ ਅਤੇ ਜੜੌਤ ਨੂੰ ਵੀ ਝੋਨੇ ਦੀ ਆਮਦ ਨੂੰ ਵੇਖਦੇ ਹੋਏ ਬੁੱਕ ਕੀਤਾ ਗਿਆ ਹੈ, ਜੋ ਰਿਜ਼ਰਵ ਰਹੇਗਾ। ਹਾਲਾਤ ਦੇ ਮੁਤਾਬਿਕ ਉਥੇ ਵੀ ਝੋਨੇ ਦੀ ਖਰੀਦ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮੰਡੀਆਂ ਵਿੱਚ ਬਾਰਦਾਨਾ ਪਹੁੰਚ ਗਿਆ ਹੈ ਤੇ ਬਿਜਲੀ, ਪਾਣੀ ਅਤੇ ਸਫਾਈ ਦੇ ਪ੍ਰਬੰਧ ਮੁਕੰਮਲ ਹੋ ਗਏ ਹਨ। ਮੰਡੀਆਂ ਵਿੱਚ ਵੱਡੀਆਂ ਸਟਰੀਟ ਲਾਈਟਾਂ ਲਾਈਆਂ ਗਈਆਂ ਹਨ। ਲਾਲੜੂ ਵਿੱਚ ਮਾਰਕਫੈੱਡ, ਵੇਆਰਹਾਊਸ ਅਤੇ ਐਫ.ਸੀ.ਆਈ, ਤਸਿੰਬਲੀ ’ਚ ਮਾਰਕਫੈਡ ਅਤੇ ਜੜੌਤ ਵਿੱਚ ਮਾਰਕਫੈਡ ਅਤੇ ਐਫ.ਸੀ.ਆਈ ਵੱਲੋਂ ਖਰੀਦ ਕੀਤੀ ਜਾਵੇਗੀ। ਇਨ੍ਹਾਂ ਖਰੀਦ ਏਜੰਸੀਆਂ ਨੂੰ ਮੰਡੀਆਂ ਦੀ ਅਲਾਟਮੈਂਟ ਵੀ ਕਰ ਦਿੱਤੀ ਗਈ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune