ਕਿਸਾਨ ਅਧਿਕਾਰਿਤ ਡੀਲਰਾਂ ਕੋਲੋਂ ਹੀ ਦਵਾਈਆਂ ਖਰੀਦਣ : ਡਾ. ਸੰਧੂ

August 13 2019

ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਪੰਜਾਬ ਅਤੇ ਡਾ. ਗੁਰਦਿਆਲ ਸਿੰਘ ਬੱਲ ਮੁੱਖ ਖੇਤੀਬਾੜੀ ਅਫ਼ਸਰ ਅੰਮਿ੍ਤਸਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾ. ਰਣਜੋਤ ਸਿੰਘ ਸੰਧੂ ਖੇਤੀਬਾੜੀ ਅਫ਼ਸਰ ਅਟਾਰੀ ਦੀ ਅਗਵਾਈ ਹੇਠ ਡਾ. ਤੇਜਬੀਰ ਸਿੰਘ ਭੰਗੂ, ਜਸਪਾਲ ਸਿੰਘ ਬੱਲ ਖੇਤੀਬਾੜੀ ਵਿਸਥਾਰ ਅਫ਼ਸਰ ਤੇ ਆਧਾਰਿਤ ਟੀਮ ਵੱਲੋਂ ਕਿਸਾਨਾਂ ਨੂੰ ਮਿਆਰੀ ਖਾਦ ਤੇ ਦਵਾਈਆਂ ਦੀ ਜਾਣਕਾਰੀ ਦੇਣ ਹਿੱਤ ਬਲਾਕ ਅਟਾਰੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਾ. ਰਣਜੋਤ ਸਿੰਘ ਸੰਧੂ ਨੇ ਅਧਿਕਾਰਿਤ ਡੀਲਰਾਂ ਪਾਸੋਂ ਖੇਤੀ ਸਮੱਗਰੀ ਖਰੀਦਣ ਸਬੰਧੀ ਅਪੀਲ ਕਰਦਿਆਂ ਕਿਸਾਨਾਂ ਨੂੰ ਸਾਵਧਾਨ ਕੀਤਾ ਕਿ ਜੇਕਰ ਕੋਈ ਵੀ ਅਣ-ਅਧਿਕਾਰਿਤ ਵਿਅਕਤੀ ਉਨ੍ਹਾਂ ਨੂੰ ਖਾਦ ਜਾਂ ਦਵਾਈ ਵੇਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਵਿਭਾਗ ਨੂੰ ਦਿੱਤੀ ਜਾਵੇ। ਉਨ੍ਹਾਂ ਨੇ ਖੇਤੀ ਸਮੱਗਰੀ ਖਰੀਦਣ ਸਮੇਂ ਕਿਸਾਨਾਂ ਨੂੰ ਡੀਲਰ ਕੋਲੋਂ ਬਿੱਲ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਕਰੇਤਾ ਬਿੱਲ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਬਾਰੇ ਵਿਭਾਗ ਨੂੰ ਦੱਸਿਆ ਜਾਵੇ। ਇਸ ਮੌਕੇ ਖੇਤੀਬਾੜੀ ਅਫ਼ਸਰ ਵੱਲੋਂ ਡਾ. ਤੇਜਬੀਰ ਸਿੰਘ ਭੰਗੂ ਖੇਤੀਬਾੜੀ ਵਿਕਾਸ ਅਫ਼ਸਰ ਦੇ ਨਾਲ ਡੀਲਰਾਂ ਦੀ ਚੈਕਿੰਗ ਕੀਤੀ ਗਈ ਅਤੇ ਡੀਲਰਾਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਖਰੀਦੀ ਗਈ ਸਮੱਗਰੀ ਦਾ ਬਿੱਲ ਦੇਣ। ਇਸ ਮੌਕੇ ਉਨ੍ਹਾਂ ਨੇ ਡੀਲਰਾਂ ਨੂੰ ਮਿਆਰੀ ਖੇਤੀ ਸਮੱਗਰੀ ਦੀ ਵਿਕਰੀ ਯਕੀਨੀ ਬਣਾਉਣ ਚ ਸਹਿਯੋਗ ਦੇਣ ਲਈ ਕਿਹਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ