ਕਿਸਾਨਾਂ-ਮਜ਼ਦੂਰਾਂ ਵੱਲੋਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਧਰਨਾ

September 03 2020

ਕੁੱਲ ਹਿੰਦ ਕਿਸਾਨ ਸਭਾ ਅਤੇ ਮਜ਼ਦੂਰ ਸਭਾ ਦੇ ਕੇਂਦਰੀ ਸੱਦੇ ’ਤੇ ਅੱਜ ਇੱਥੇ ਸਾਥੀ ਸੁਰਿੰਦਰ ਭੈਣੀ ਅਤੇ ਹਰਨੇਕ ਸਿੰਘ ਬਮਾਲ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਏਟਕ ਦੇ ਸੂਬਾ ਸਕੱਤਰ ਸਾਥੀ ਸੁਖਦੇਵ ਸ਼ਰਮਾ ਨੇ ਕਿਹਾ ਕਿ ਕੇਂਦਰ ਵੱਲੋਂ ਖੇਤੀ ਵਿਰੋਧੀ ਤਿੰਨ ਆਰਡੀਨੈਂਸ ਜਾਰੀ ਕਰ ਕੇ ਕਾਰਪੋਰੇਟ ਦੇ ਹੱਕ ਪੂਰਨ ਵਾਲੀ ਗੱਲ ਕੀਤੀ ਹੈ। ਉਨ੍ਹਾਂ ਮੰਡੀਆਂ ਤੋੜਨ, ਮਾਰਕੀਟਿੰਗ ਖੇਤੀ ਦਾ ਆਗਾਜ਼, ਘੱਟੋ-ਘੱਟ ਕੀਮਤਾਂ ’ਤੇ ਫ਼ਸਲਾਂ ਦੀ ਖ਼ਰੀਦ ਨਾ ਕਰਨ ਵਰਗੀਆਂ ਤਜਵੀਜ਼ਾਂ ਅਤੇ ਬਿਜਲੀ ਬਿੱਲ-2020 ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਨੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 600 ਰੁਪਏ ਕਰਨ, ਸਾਲ ਵਿਚ 200 ਦਿਨ ਦਾ ਰੁਜ਼ਗਾਰ ਯਕੀਨੀ ਬਣਾਉਣ, ਲੌਕਡਾਊਨ ਸਮੇਂ ਵਿੱਚ ਹਰੇਕ ਮਜ਼ਦੂਰ ਦੇ ਖਾਤੇ ਵਿਚ 7500 ਰੁਪਏ ਪਾਉਣ, ਬੇਜ਼ਮੀਨੇ ਲੋਕਾਂ ਲਈ ਪਲਾਟ ਅਤੇ ਘਰ ਬਣਾਉਣ ਲਈ ਤਿੰਨ ਲੱਖ ਰੁਪਏ ਦੀ ਮਦਦ ਦੇਣ ਦੀ ਮੰਗ ਕੀਤੀ। ਇਸ ਮੌਕੇ ਰਮੇਸ਼ ਜੈਨ, ਲੀਲੇ ਖਾਂ, ਹਰਮੇਸ਼ ਤਿਵਾੜੀ, ਜਾਗਰ ਘਨੌਰੀ, ਸੁਰਿੰਦਰ ਭੈਣੀ, ਗੁਰਮੇਲ ਘਨੌਰੀ ਅਤੇ ਹਰਨੇਕ ਸਿੰਘ ਬਮਾਲ ਹਾਜ਼ਰ ਸਨ। 

ਕਿਸਾਨ ਮੁਕਤੀ ਮੋਰਚਾ ਦੀ ਮੀਟਿੰਗ ’ਚ ਹੋਈ ਚਰਚਾ

 ਕਿਸਾਨ ਮੁਕਤੀ ਮੋਰਚਾ ਪੰਜਾਬ ਦੀ ਮੀਟਿੰਗ ਗੁਰਬਚਨ ਸਿੰਘ ਕੱਕੜਵਾਲ ਦੀ ਅਗਵਾਈ ਹੇਠ ਪਿੰਡ ਰਣੀਕੇ ਵਿੱਚ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਆਗੂਆਂ ਨੇ ਕੇਂਦਰ ਵੱਲੋਂ ਜਾਰੀ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਦੀ ਨਿਖੇਧੀ ਕਰਦਿਆਂ ਇਨ੍ਹਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ਅਤੇ ਆਰਡੀਨੈਂਸਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ। ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨ੍ਹਾਂ ਆਰਡੀਨੈਂਸਾਂ ਸੰਬੰਧੀ ਕੇਂਦਰੀ ਮੰਤਰੀ ਵੱਲੋਂ ਇੱਕ ਪੱਤਰ ਰਾਹੀਂ ਕਿਸਾਨਾਂ ਦੇ ਅੱਖੀਂ ਘੱਟਾ ਪਾਉਣ ਦੀ ਨਿਖੇਧੀ ਵੀ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਇਨ੍ਹਾਂ ਆਰਡੀਨੈਂਸਾਂ ਦੇ ਹੱਕ ਵਿੱਚ ਵੋਟ ਪਾ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਮੀਟਿੰਗ ਦੌਰਾਨ ਗੁਰਦੀਪ ਸਿੰਘ ਬਰੜਵਾਲ, ਨਿਰਮਲ ਸਿੰਘ ਬੁਗਰਾ, ਸਿੰਦਰ ਸਿੰਘ ਖੰਨੇਵਾਲ, ਪੂਰਨ ਚੰਦ, ਨਿਰਮਲ ਸਿੰਘ ਰਣੀਕੇ, ਰਾਮ ਸਿੰਘ ਬਰੜਵਾਲ, ਜਗਪਾਲ ਸਿੰਘ ਮੂਲੋਵਾਲ, ਦਰਸ਼ਨ ਸਿੰਘ ਰੰਗੀਆਂ, ਪ੍ਰਿਥੀ ਸ਼ਰਮਾ, ਜਗਦੀਸ਼ ਚੰਦ ਰਾਜੋਮਾਜਰਾ ਤੇ ਰਮੇਸ਼ ਸ਼ਰਮਾ ਧੂਰੀ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune