ਮੋਦੀ ਸਰਕਾਰ ਵੱਲੋਂ ਕੱਲ ਦਿੱਲੀ ਵਿਚ ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਪ੍ਰਤੀ ਅਪਣਾਏ ਰੁੱਖੇ ਤੇ ਅਪਮਾਨਜਨਕ ਵਤੀਰੇ ਨੂੰ ਲੈ ਕੇ ਰੋਹ ਵਿਚ ਆਏ ਕਿਸਾਨਾਂ ਵੱਲੋਂ ਅੱਜ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿਚ ਖੇਤੀਬਾੜੀ ਆਰਡੀਨੈਂਸਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਕੱਤਰ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਦੋਂ ਤੱਕ ਤਿੰਨ ਖੇਤੀਬਾੜੀ ਆਰਡੀਨੈਸ ਰੱਦ ਨਹੀਂ ਹੁੰਦੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸੇ ਦੌਰਾਨ ਇਥੇ ਰਿਲਾਇਸ ਪੈਟਰੋਲ ਪੰਪ ਅੱਗੇ ਲਾਇਆ ਧਰਨਾ ਅੱਜ ਛੇਵੇਂ ਵੀ ਜਾਰੀ ਰਿਹਾ।
ਭਾਜਪਾ ਆਗੂਆਂ ਦੇ ਘਿਰਾਓ ਦੀ ਚਿਤਾਵਨੀ
ਕੇਂਦਰ ਸਰਕਾਰ ਨਾਲ ਖੇਤੀ ਕਾਨੂੰਨ ਸਬੰਧੀ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਕਿਸਾਨਾਂ ਦਾ ਪਾਰਾ ਚੜ੍ਹ ਗਿਆ ਹੈ। ਕਿਸਾਨਾਂ ਨੇ ਭਾਜਪਾ ਆਗੂਆਂ ਨੁੰ ਸਖ਼ਤ ਚਿਤਾਵਨੀ ਦਿੰਦੇ ਆਖਿਆ ਕਿ ਅਗਰ ਕੋਈ ਕੇਂਦਰੀ ਮੰਤਰੀ ਜਾਂ ਭਾਜਪਾ ਆਗੂ ਸੜਕਾਂ ’ਤੇ ਆਇਆ ਤਾਂ ਘਿਰਾਓ ਕਰ ਕੇ ਉਸਨੂੰ ਕਿਸਾਨਾਂ ਨਾਲ ਧਰਨੇ ਉੱਤੇ ਬੈਠਣ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ। ਇਥੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਅਡਾਨੀ ਅਨਾਜ ਭੰਡਾਰ ਅੱਗੇ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਬਲੌਰ ਸਿੰਘ ਘਾਲੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਉਸ ਬਿਆਨ ਜਿਸ ਵਿੱਚ ਉਨ੍ਹਾਂਂ ਕਿਸਾਨ ਨੂੰ ਅੰਨਦਾਤਾ ਤੋਂ ਉੱਦਮੀ ਬਣਾਉਣ ਦੀ ਗੱਲ ਆਖੀ ਹੈ, ਨੂੰ ਹਾਸੋਹੀਣਾ ਆਖਦੇ ਕਿਹਾ ਕਿ ਕਿਸਾਨ ਤਾਂ ਉਦਮੀ ਪਹਿਲਾਂ ਹੀ ਸੀ ਉਲਟਾ ਭਾਜਪਾ ਨੇ ਕਿਸਾਨਾਂ ਨੂੰ ਮੰਗਤਾ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਜੇ ਕਿਸਾਨ ਉੱਦਮੀ ਸੀ ਤਾਂ ਹੀ ਸਰਕਾਰ ਦੇ ਗੁਦਾਮ ਅਨਾਜ ਨਾਲ ਭਰ ਦਿੱਤੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune