ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਫਸਲੀ ਵੰਨ-ਸੁਵੰਨਤਾ ਲਈ ਆਪਣਾ ਏਜੰਡਾ ਅੱਗੇ ਤੋਰਦਿਆਂ ਅਹਿਮ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਖਤਮ ਕਰਨ ਤੇ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਰਾਜ ਯੋਜਨਾ ਬੋਰਡ ਨੂੰ ਫਸਲੀ ਵਿਭਿੰਨਤਾ ਦਾ ਮਾਡਲ ਤਿਆਰ ਕਰਨ ਲਈ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕੈਪਟਨ ਨੇ ਬੋਰਡ ਨੂੰ ਇਸ ਖੇਤਰ ਵਿੱਚ ਲੋੜੀਂਦੇ ਸੁਧਾਰ ਲਿਆਉਣ ਲਈ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਦੀ ਵਿਸਥਾਰ ਨਾਲ ਸਮੀਖਿਆ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਹਨ।
ਕੈਪਟਨ ਨੇ ਤੇਜ਼ੀ ਨਾਲ ਘਟ ਰਹੇ ਧਰਤੀ ਹੇਠਲੇ ਪਾਣੀ ਦੇ ਮੁੱਦੇ ਤੇ ਚਿੰਤਾ ਜ਼ਾਹਰ ਕਰਦਿਆਂ ਮੱਕੀ, ਕਪਾਹ ਤੇ ਗੰਨੇ ਦੇ ਨਾਲ-ਨਾਲ ਘੱਟ ਪਾਣੀ ਦੀ ਖਪਤ ਕਰਨ ਵਾਲੀਆਂ ਫਸਲਾਂ ਨੂੰ ਪਹਿਲ ਦੇਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਬੋਰਡ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਰਵਾਇਤੀ ਕਣਕ ਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਕੱਢਣ ਲਈ ਪ੍ਰੇਰਿਤ ਕਰਨ ਦੀ ਰਣਨੀਤੀ ਤਿਆਰ ਕਰਨ।
ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖੇਤੀਬਾੜੀ ਉਦੇਸ਼ਾਂ ਲਈ ਨਿਲਾਮੀ ਹੋਈ ਪੰਚਾਇਤੀ ਜ਼ਮੀਨ ’ਤੇ ਝੋਨੇ ਦੀ ਕਾਸ਼ਤ ’ਤੇ ਰੋਕ ਲਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਦੇ ਨਾਲ ਹੀ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਰਾਜਿੰਦਰ ਗੁਪਤਾ ਨੇ ਇਸ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵਧੇਰੇ ਮੁਕਾਬਲੇਬਾਜ਼ ਬਣਾਉਣ ਲਈ ਉਤਪਾਦਾਂ ਦੇ ਮਾਨਕੀਕਰਨ ’ਤੇ ਵਧੇਰੇ ਧਿਆਨ ਦੇਣ ਦਾ ਸੁਝਾਅ ਦਿੱਤਾ। ਕਿਸਾਨ ਕਮਿਸ਼ਨ ਦੇ ਚੇਅਰਮੈਨ ਸੰਦੀਪ ਜਾਖੜ ਨੇ ਤਾਜ਼ੀਆਂ ਸਬਜ਼ੀਆਂ ਦੀ ਮਾਰਕੀਟਿੰਗ ਨੂੰ ਅੱਗੇ ਵਧਾਉਣ ਲਈ ਮਾਰਕਫੈਡ ਤੇ ਪੰਜਾਬ ਐਗਰੋ ਨੂੰ ਵਧੇਰੇ ਸ਼ਕਤੀਆਂ ਦੇਣ ਦੀ ਲੋੜ ਤੇ ਜ਼ੋਰ ਦਿੱਤਾ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਏ.ਬੀ.ਪੀ. ਸਾਂਝਾ

                                
                                        
                                        
                                        
                                        
 
                            