ਕਿਸਾਨ ਯੂਨੀਅਨਾਂ ਵੱਲੋਂ ਖੇਤੀ ਆਰਡੀਨੈਂਸਾਂ ਦਾ ਵਿਰੋਧ

August 07 2020

ਖੇਤੀਬਾੜੀ ਖਿੱਤੇ ਲਈ ਲਿਆਂਦੇ ਤਿੰਨ ਆਰਡੀਨੈਂਸਾਂ ਦੇ ਵਿਰੋਧ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਜਪਾ ਆਗੂਆਂ ਦਾ ਪੰਜਾਬ ਦੇ ਹਰ ਪਿੰਡ-ਸ਼ਹਿਰ ਵੜਨ ’ਤੇ ਵਿਰੋਧ ਕਰੇਗੀ। ਇਹ ਫ਼ੈਸਲਾ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਦੌਰਾਨ ਲਿਆ।

ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਪਿੰਡ ਉਗਰਾਹਾਂ ਦੇ ਡੇਰਾ ਟੀਕਮ ਦਾਸ ’ਚ ਹੋਈ ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਬਿੱਲਾਂ ਦੀ ਵਿਰੋਧਤਾ ਕੀਤੀ ਗਈ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਕਰੋਨਾ ਮਹਾਮਾਰੀ ਦੀ ਆੜ ਹੇਠ ਕੇਂਦਰ ਸਰਕਾਰ ਵੱਲੋਂ ਪਾਸ ਇਹ ਬਿੱਲ ਕਿਰਤੀ ਲੋਕਾਂ ਦੀ ਲੁੱਟ ਦਾ ਕਾਰਨ ਬਣਨਗੇ। ਉਨ੍ਹਾਂ ਆਪਣੇ ਕਿਸਾਨ ਸਾਥੀਆਂ ਨੂੰ ਅਪੀਲ ਕੀਤੀ ਕਿ 15 ਅਗਸਤ ਤੋਂ 21 ਅਗਸਤ ਤੱਕ ਪੰਜਾਬ ਦੇ ਹਰ ਪਿੰਡ-ਸ਼ਹਿਰ ਵੜਨ ਵਾਲੇ ਭਾਜਪਾਈ ਆਗੂਆਂ ਤੇ ਲੀਡਰਾਂ ਦਾ ਪੂਰਨ ਵਿਰੋਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿਰੋਧਤਾ ਦੀ ਲਿਖਤੀ ਕਾਪੀਆਂ ਪਿੰਡਾਂ ਦੇ ਮੋੜਾਂ ਤੇ ਲਾਈਆਂ ਜਾਣਗੀਆਂ ਤਾਂ ਕਿ ਕੇਂਦਰ ਸਰਕਾਰ ਤੱਕ ਕਿਸਾਨਾਂ ਦੀ ਅਾਵਾਜ਼ ਪਹੁੰਚਾਈ ਜਾ ਸਕੇ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੁਸਾਇਟੀਆਂ ਵਿੱਚ ਬੈਂਕਾਂ ਵੱਲੋਂ ਕਿਸਾਨਾਂ ਨੂੰ ਕੈਸ਼ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਨੇ ਕਿਸਾਨਾਂ ਨੂੰ ਤੁਰੰਤ ਨਗਦ ਅਦਾਇਗੀ ਦੀ ਮੰਗ ਕੀਤੀ। ਮੀਟਿੰਗ ਦੌਰਾਨ ਲੰਘੇ ਦਿਨੀਂ ਫੌਤ ਹੋਏ ਬਲਾਕ ਮਾਲੇਰਕੋਟਲਾ ਦੇ ਪ੍ਰਧਾਨ ਬਲਜਿੰਦਰ ਸਿੰਘ ਸਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune