ਕਿਸਾਨ ਜਥੇਬੰਦੀਆਂ ਨੇ ਕਾਲੀ ਆਜ਼ਾਦੀ ਮਨਾਈ

August 17 2020

ਇਥੇ ਭਾਰਤੀ  ਕਿਸਾਨ ਯੂਨੀਅਨ ਮਾਨਸਾ ਵੱਲੋਂ 15 ਅਗਸਤ ਨੂੰ ਕਾਲੀ ਆਜ਼ਾਦੀ ’ਤੇ ਦਿੱਤੇ  ਪ੍ਰੋਗਰਾਮ ਤਹਿਤ ਕੇਂਦਰ ਸਰਕਾਰ ਵੱਲ਼ੋਂ ਆਰਡੀਨੈਂਸ ਖੇਤੀ ਸੁਧਾਰ ਲਾਗੂ ਕਰਨ ਦੇ ਪ੍ਰੋਗਰਾਮ  ਤਹਿਤ ਇੱਥੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਦੀ ਅਰਥੀ ਸਾੜੀ  ਗਈ। ਜਥੇਬੰਦੀ ਦੇ ਸੂਬਾ ਪ੍ਰਧਾਨ ਬੋਘ ਸਿੰਘ ਨੇ ਕਿਹਾ ਕਿ ਜੋ ਕਾਲੇ ਕਾਨੂੰਨ ਲਿਆਂਦੇ  ਜਾ ਰਹੇ ਹਨ। ਜਥੇਬੰਦੀ ਵੱਲੋਂ ਸਰਕਾਰ ਦੀਆਂ ਇਹ ਕਿਸਾਨੀ ਵਿਰੋਧੀ  ਨੀਤੀਆਂ ਦਾ ਡੱਟਕੇ ਵਿਰੋਧ ਕੀਤਾ ਜਾਂਦਾ ਹੈ।  

ਮਹਿਲ ਕਲਾਂ(ਨਵਕਿਰਨ ਸਿੰਘ): ਇਥੇ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਆਜ਼ਾਦੀ ਦਿਹਾੜਾ ਕਾਲੇ ਦਿਵਸ ਵਜੋਂ ਮਨਾਇਆ ਗਿਆ। ਪੱਗਾਂ ਉੱਪਰ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ ਕੇ ਪਹੁੰਚੇ ਕਿਸਾਨਾਂ ਨੇ ਮਹਿਲ ਕਲਾਂ ਵਿੱਚ ਮੁਜ਼ਾਹਰਾ ਕਰਨ ਉਪਰੰਤ ਬਰਨਾਲਾ, ਲੁਧਿਆਣਾ ਮੁੱਖ ਮਾਰਗ ’ਤੇ ਧਰਨਾ ਵੀ ਦਿੱਤਾ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ, ਮੀਤ ਪ੍ਰਧਾਨ ਜਗਤਾਰ ਸਿੰਘ, ਮੀਤ ਪ੍ਰਧਾਨ ਹਾਕਮ ਸਿੰਘ ਧਾਲੀਵਾਲ, ਜਨਰਲ ਸਕੱਤਰ ਅਜਮੇਰ ਸਿੰਘ ਹੁੰਦਲ ਅਤੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡਾਂ ਵਿੱਚ ਰੈਲੀਆਂ ਕਰਕੇ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਅਾ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ, ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ, ਪਰਮਜੀਤ ਕੌਰ ਗੁੰਮਟੀ ਅਤੇ ਕਲਵੰਤ ਕੌਰ ਸੱਦੋਵਾਲ ਨੇ ਕਲਾਲ ਮਾਜਰਾ ਵਿੱਚ ਰੈਲੀ ਕੱਢੀ। 

ਸਿਰਸਾ(ਪ੍ਰਭੂ ਦਿਆਲ): ਇੱਥੇ ਕਿਸਾਨਾਂ ਨੇ ਜਿੱਥੇ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕਰਦਿਆਂ ਖੇਤੀ ਸਬੰਧੀ ਲਿਆਂਦੇ ਗਏ ਆਰਡੀਨੈਂਸਾਂ ਦੀਆਂ ਕਾਪੀਆਂ ਸਾੜੀਆਂ ਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਉਥੇ ਹੀ ਆਸ਼ਾ ਵਰਕਰਾਂ ਤੋਂ ਇਲਾਵਾ ਨੌਕਰੀ ਤੋਂ ਹਟਾਏ ਗਏ ਪੀਟੀਆਈ ਅਧਿਆਪਕਾਂ ਨੇ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਜ਼ਾਦੀ ਦੇ ਜਸ਼ਨਾਂ ਦੌਰਾਨ ਕਿਸਾਨ ਯੂਨੀਅਨ ਕਾਲੇ ਝੰਡੇ ਲੈ ਕੇ ਮਿਨੀ ਸਕੱਤਰੇਤ ਵਿੱਚ ਖੇਤੀ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਇਨ੍ਹਾਂ ਨੂੰ ਤੁਰੰਤ ਵਾਪਿਸ ਲਏ ਜਾਣ ਦੀ ਮੰਗ ਕੀਤੀ। ਇਸੇ ਤਰ੍ਹਾਂ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀਆਂ ਆਸ਼ਾ ਵਰਕਰਾਂ ਨੇ ਨਾਗਰਿਕ ਹਸਪਤਾਲ ਵਿੱਚ ਆਪਣਾ ਧਰਨਾ ਜਾਰੀ ਰੱਖਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਜੈਤੋ(ਸ਼ਗਨ ਕਟਾਰੀਆ): ਇਥੇ ਕਿਸਾਨ, ਮਜ਼ਦੂਰ,  ਮੁਲਾਜ਼ਮ ਜਥੇਬੰਦੀਆਂ ਨੇ ਆਜ਼ਾਦੀ ਦਿਵਸ ਮੌਕੇ ਪਿੰਡਾਂ ’ਚ ਰੋਸ ਮਾਰਚ ਕਰਕੇ ਕੇਂਦਰ ਸਰਕਾਰ  ਦਾ ਪੁਤਲਾ ਸਾੜਿਆ। ਵਿਖਾਵਾਕਾਰੀ ਖੇਤੀ ਵਿਰੋਧੀ ਕੇਂਦਰੀ ਆਰਡੀਨੈਂਸਾਂ, ਬਿਜਲੀ ਐਕਟ-2020  ਅਤੇ ਕਿਰਤ ਕਾਨੂੰਨ ਵਿੱਚ ਸੋਧ ਦਾ ਵਿਰੋਧ ਕਰ ਰਹੇ ਸਨ। ਕਾਲੇ ਝੰਡਿਆਂ ਨਾਲ ਲੈਸ  ਮੋਟਰਸਾਈਕਲ ਸਵਾਰਾਂ ਦਾ ਕਾਫ਼ਲਾ ਪਿੰਡ ਅਜਿੱਤਗਿੱਲ ਤੋਂ ਸ਼ੁਰੂ ਹੋ ਕੇ ਗੁਰੂ ਕੀ ਢਾਬ,  ਸਰਾਵਾਂ, ਗੁਰੂਸਰ ਆਦਿ ਪਿੰਡਾਂ ਵਿਚੋਂ ਦੀ ਲੰਘਦਾ ਹੋਇਆ ਬਰਗਾੜੀ ਪਹੁੰਚਿਆ ਅਤੇ ਇਥੇ  ਮੋਦੀ ਸਰਕਾਰ ਦਾ ਪੁਤਲਾ ਫੂਕਿਅਾ ਗਿਅਾ। ਇੱਥੇ ਭਾਰਤੀ ਕਿਸਾਨ ਯੂਨੀਅਨ  (ਕ੍ਰਾਂਤੀਕਾਰੀ) ਦੇ ਸੂਬਾਈ ਆਗੂ ਸਰਮੁਖ ਸਿੰਘ ਅਜਿੱਤਗਿੱਲ, ਜ਼ਿਲ੍ਹਾ ਪ੍ਰਧਾਨ ਨਿਰਮਲ  ਸਿੰਘ ਬਰਗਾੜੀ, ਸਿਕੰਦਰ ਸਿੰਘ ਦਬੜ੍ਹੀਖਾਨਾ, ਸੋਹਣ ਸਿੰਘ ਬਰਗਾੜੀ, ਕ੍ਰਾਂਤੀਕਾਰੀ ਪੇਂਡੂ  ਮਜ਼ਦੂਰ ਯੂਨੀਅਨ ਦੇ ਸੂਬਾ ਖ਼ਜ਼ਾਨਚੀ ਸਿਕੰਦਰ ਅਜਿੱਤਗਿੱਲ, ਭੁਪਿੰਦਰ ਸਿੰਘ ਸੇਵੇਵਾਲਾ,  ਮਹਿੰਦਰ ਸਿੰਘ ਚੰਦਭਾਨ, ਸੱਤਪਾਲ ਜੈਤੋ, ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਆਗੂ ਕੁਲਬੀਰ  ਸਿੰਘ, ਹਰਜੀਤ ਸਿੰਘ ਗੁੜ੍ਹੀਸੰਘਰ ਆਦਿ ਨੇ ਸੰਬੋਧਨ ਕੀਤਾ।   

ਗਹਿਰੀ ਬੁੱਟਰ ਵਿੱਚ ਕਿਸਾਨਾਂ ਵੱਲੋਂ ਰੋਸ ਰੈਲੀ

ਸੰਗਤ ਮੰਡੀ(ਧਰਮਪਾਲ ਸਿੰਘ ਤੂਰ): ਗੇਲ ਇੰਡੀਆ ਕੰਪਨੀ ਵੱਲੋਂ ਬਲਾਕ ਸੰਗਤ ਦੇ 11 ਪਿੰਡਾਂ ਵਿੱਚੋਂ ਪਾਈ ਜਾ ਰਹੀ ਗੈਸ ਪਾਈਪਲਾਈਨ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਾਲੀ ਆਜ਼ਾਦੀ ਮਨਾਈ ਗਈ। ਇਸ ਮੌਕੇ ਇਕੱਠੇ ਹੋਏ ਕਿਸਾਨਾਂ ਵੱਲੋਂ ਗੇਲ ਇੰਡੀਆ ਕੰਪਨੀ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਆਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀ ਹੋਣ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ 1 ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ-ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।   

ਕਿਸਾਨਾਂ ਨੇ ਆਰਡੀਨੈਂਸਾਂ ਦੀਆਂ ਕਾਪੀਆਂ ਫੂਕੀਆਂ

ਟੱਲੇਵਾਲ(ਲਖਵੀਰ ਸਿੰਘ ਚੀਮਾ):ਇਥੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਆਰਡੀਨੈਂਸ ਦੀਆਂ ਕਾਪੀਆਂ ਫ਼ੂਕ ਕੇ ਰੋਸ ਜਤਾਇਆ  ਗਿਆ ਅਤੇ ਆਜ਼ਾਦੀ ਦਿਹਾੜੇ ਨੂੰ ਗੁਲਾਮੀ ਦਿਵਸ ਵੱਜੋਂ ਮਨਾਇਅਾ ਗਿਅਾ। ਇਸ ਮੌਕੇ ਜੱਥੇਬੰਦੀ ਦੇ  ਜ਼ਿਲ੍ਹਾ ਸੀ. ਮੀਤ ਪ੍ਰਧਾਨ ਸਿਕੰਦਰ ਸਿੰਘ ਮਾਨ ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਦੁੱਗਲ ਦੀ  ਅਗਵਾਈ ਵਿੱਚ ਬਰਨਾਲਾ ਮੋਗਾ ਰੋਡ ’ਤੇ ਆਰਡੀਨੈਂਸ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ  ਗਿਆ।  

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune