ਭਾਰੀ ਮੀਂਹ ਕਾਰਨ ਝੋਨੇ ਦੀ ਵਾਢੀ ਪੱਛੜੀ

September 22 2021

ਦੋਆਬਾ ਖੇਤਰ ’ਚ ਸਵੇਰ ਤੋਂ ਪੈ ਰਹੇ ਮੀਂਹ ਕਾਰਨ ਜਿਥੇ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋਈ ਝੋਨੇ ਦੀ ਵਾਢੀ ਵੀ ਪ੍ਰਭਾਵਿਤ ਹੋ ਗਈ ਹੈ। ਜਲੰਧਰ ਸਮੇਤ ਆਸ ਪਾਸ ਦੇ ਇਲਾਕਿਆਂ ਵਿਚ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਭਰ ਗਿਆ ਹੈ, ਜਿਸ ਨਾਲ ਮੌਸਮੀ ਫ਼ਸਲਾਂ, ਆਲੂ ਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਪਿੰਡ ਜਗਨਪੁਰ ਦੇ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਖੜ੍ਹੀ ਹੈ। ਇਸੇ ਹਫ਼ਤੇ ਉਸ ਨੇ ਇਸ ਨੂੰ ਵੱਢ ਕੇ ਮੰਡੀ ਵਿੱਚ ਸੁੱਟਣਾ ਸੀ, ਪਰ ਮੀਂਹ ਨੇ ਫ਼ਸਲ ਦੀ ਵਾਢੀ ਪਛਾੜ ਦਿੱਤੀ ਹੈ।

ਇਸੇ ਤਰ੍ਹਾਂ ਰਮਦਾਸਪੁਰ (ਅਲਾਵਲਪੁਰ) ਦੇ ਕਿਸਾਨ ਅਮਰੀਕ ਨੇ ਦੱਸਿਆ ਕਿ ਉਹ ਸਬਜ਼ੀਆਂ ਬੀਜਦਾ ਹੈ। ਮੀਂਹ ਕਾਰਨ ਉਸ ਦੀਆਂ ਸਬਜ਼ੀਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਜੇ ਮੀਂਹ ਇਸੇ ਤਰ੍ਹਾਂ ਪੈਂਦਾ ਰਿਹਾ ਤਾਂ ਉਸ ਦਾ ਕਾਫੀ ਨੁਕਸਾਨ ਹੋ ਜਾਵੇਗਾ। ਪਿੰਡ ਧੋਗੜੀ ਦੇ ਕਿਸਾਨ ਨੇ ਦੱਸਿਆ ਕਿ ਇਸ ਮੀਂਹ ਕਾਰਨ ਉਸ ਵਲੋਂ ਬੀਜੀ ਆਲੂ ਦੀਆਂ ਫ਼ਸਲ ਦੇ ਖੇਤਾਂ ਵਿਚ ਪਾਣੀ ਖੜ੍ਹ ਗਿਆ ਹੈ ਤੇ ਉਸ ਵੱਲੋਂ ਖੇਤਾਂ ਵਿੱਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune