ਨੌਜਵਾਨਾਂ ਲਈ ਮਿਸਾਲ ਬਣਿਆ ਮਧੂ ਮੱਖੀ ਪਾਲਕ ਜਗਤਾਰ ਸਿੰਘ

September 20 2021

ਪੰਜਾਬ ਖੇਤੀ ਪ੍ਰਧਾਨ ਰਾਜ ਹੈ ਤੇ ਇਸ ਦੇ ਵਧੇਰੇ ਲੋਕ ਖੇਤੀ ਉੱਤੇ ਹੀ ਨਿਰਭਰ ਕਰਦੇ ਹਨ। ਮੌਜੂਦਾ ਸਮੇਂ ਖੇਤੀ ਖ਼ਰਚੇ ਵਧਣ ਕਰਕੇ ਮੁਨਾਫ਼ਾ ਬਹੁਤ ਘਟ ਗਿਆ ਹੈ, ਜਿਸ ਨਾਲ ਕਿਸਾਨ ਖੇਤੀ ਤੋਂ ਕੁਝ ਨਿਰਾਸ਼ ਦਿਖਾਈ ਦਿੰਦਾ ਹੈ। ਅਜਿਹੀ ਸਥਿਤੀ ਵਿਚ ਖੇਤੀ ਸਹਾਇਕ ਕਿੱਤੇ ਹੀ ਕਿਸਾਨ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਸਹਾਈ ਹੁੰਦੇ ਹਨ। ਬਹੁਤ ਘੱਟ ਜ਼ਮੀਨ ਵਾਲੇ ਕਿਸਾਨ ਵੀ ਕੋਈ ਖੇਤੀ ਸਹਾਇਕ ਕਿੱਤਾ ਅਪਣਾ ਕੇ ਆਪਣੀ ਆਮਦਨ ’ਚ ਵਾਧਾ ਕਰ ਸਕਦੇ ਹਨ।

ਸ਼ਹਿਦ ਮੱਖੀ ਪਾਲਣ ਦਾ ਸਹਾਇਕ ਕਿੱਤਾ ਹੁਣ ਪੰਜਾਬ ਵਿੱਚ ਬਹੁਤ ਲਾਭਕਾਰੀ ਸਿੱਧ ਹੋ ਰਿਹਾ ਹੈ। ਇਸ ਕਿੱਤੇ ਨਾਲ ਰੂਹ ਤੋਂ ਜੁੜਿਆ ਇਕ ਨੌਜਵਾਨ ਕਿਸਾਨ ਪਿੰਡ ਮੰਡੀ ਖੁਰਦ, ਬਲਾਕ ਰਾਮਪੁਰਾ, ਜ਼ਿਲ੍ਹਾ ਬਠਿੰਡਾ ਦਾ ਵਸਨੀਕ ਪਿਤਾ ਬਹਾਦਰ ਸਿੰਘ, ਮਾਤਾ ਸੁਖਪਾਲ ਕੌਰ ਦਾ ਪੁੱਤਰ ਜਗਤਾਰ ਸਿੰਘ ਅਨਜਾਣ ਹੈ। ਉਸ ਕੋਲ ਲਗਭਗ 525 ਦੇ ਕਰੀਬ ਸ਼ਹਿਦ ਦੀਆਂ ਮੱਖੀਆਂ ਦੇ ਡੱਬੇ ਹਨ।

ਸ਼ੁਰੂਆਤੀ ਦੌਰ ਵਿਚ ਜਗਤਾਰ ਸਿੰਘ ਦੇ ਪਿਤਾ ਨੇ ਸ਼ਹਿਦ ਦੇ ਕੰਮ ਨੂੰ ਸਾਲ 2000 ਵਿਚ ਸਿਰਫ਼ 20 ਡੱਬਿਆਂ ਤੋਂ ਆਰੰਭਿਆ ਸੀ। ਜਗਤਾਰ ਸਿੰਘ ਅਸਲ ਵਿਚ ਖੇਤੀ ਵੀ ਕਰਦਾ ਹੈ ਤੇ ਹੁਣ ਤਕ ਝੋਨੇ ਦੀ ਕਦੇ ਵੀ ਕਾਸ਼ਤ ਨਾ ਕਰਦਾ ਹੋਇਆ ਹੋਰ ਦੂਜੀਆਂ ਫ਼ਸਲਾਂ ਜਿਵੇਂ ਨਰਮਾ, ਕਪਾਹ, ਮੌਸਮੀ ਸਬਜ਼ੀਆਂ, ਛੋਲੇ ਆਦਿ ਦੀ ਪੈਦਾਵਾਰ ਲੈਂਦਾ ਹੈ। ਸ਼ਹਿਦ ਦੇ ਕੰਮ ਨੂੰ ਬਾਰੀਕੀ ਨਾਲ ਕਰਨ ਲਈ ਉਸ ਨੇ ਸ਼ਹਿਦ ਮੱਖੀ ਪਾਲਣ ਦੀ ਮੁੱਢਲੀ ਸਿੱਖਿਆ ਕਿ੍ਰਸ਼ੀ ਵਿਗਿਆਨ ਕੇਂਦਰ ਬਠਿੰਡਾ ਤੋਂ, ਸ਼ਹਿਦ ਦੀ ਰਾਣੀ ਮੱਖੀ ਪੈਦਾ ਕਰਨ ਦੀ ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਪਾਮੇਟੀ ਲੁਧਿਆਣਾ ਤੋਂ ਲਈ ਤੇ ਸਰਟੀਫਿਕੇਟ ਵੀ ਹਾਸਲ ਕੀਤੇ।

ਇਸ ਤੋਂ ਇਲਾਵਾ ਖੇਤਰੀ ਖੋਜ ਕੇਂਦਰ ਪੂਨਾ ਤੋਂ ਵੀ ਮਧੂ ਮੱਖੀ ਪਾਲਣ ਸਬੰਧੀ ਕੁਝ ਹੋਰ ਬਾਰੀਕੀਆਂ ਬਾਰੇ ਸਿਖਲਾਈ ਲਈ। ਉਸ ਦੇ ਪਰਿਵਾਰ ਦਾ ਉਸ ਦੇ ਇਸ ਕਿੱਤੇ ਨੂੰ ਕਾਮਯਾਬ ਕਰਨ ਵਿਚ ਬਹੁਤ ਵੱਡਾ ਹੱਥ ਹੈ। ਉਸ ਦੀ ਪਤਨੀ ਅੰਮਿ੍ਰਤ ਕੌਰ ਤੇ ਪੁੱਤਰ ਪ੍ਰੀਤਪਾਲ ਸਿੰਘ ਵੀ ਉਸ ਦੇ ਕੰਮ ਵਿਚ ਪੂਰਾ ਹੱਥ ਵਟਾਉਂਦੇ ਹਨ। ਉਹ ਸ਼ਹਿਦ ਦੀਆਂ ਮੱਖੀਆਂ ਤੋਂ ਸਿਰਫ਼ ਸ਼ਹਿਦ ਹੀ ਨਹੀ ਪ੍ਰਾਪਤ ਕਰਦਾ ਸਗੋਂ ਮੋਮ ਤੇ ਪੋਲਣ ਵੀ ਪ੍ਰਾਪਤ ਕਰਦਾ ਹੈ।

ਮੱਖੀਆਂ ਵੱਲੋਂ ਪੈਦਾ ਕੀਤੇ ਮੋਮ ਤੋਂ ਮੇਕਅੱਪ ਦਾ ਸਾਮਾਨ ਤੇ ਪੋਲਣ ਤੋਂ ਮਨੁੱਖੀ ਸਰੀਰ ਵਿਚ ਊਰਜਾ ਪੈਦਾ ਕਰਨ ਵਾਲੇ ਸ਼ਰਬਤ ਵੀ ਤਿਆਰ ਕਰਦਾ ਹੈ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮਧੂ ਮੱਖੀ ਪਾਲਣ ਦੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੀ ਸੇਵਾ ਵੀ ਨਿਭਾ ਰਿਹਾ ਹੈ। ਆਪਣੀਆਂ ਮੱਖੀਆਂ ਦੇ ਡੱਬਿਆਂ ਨੂੰ ਫੁੱਲ-ਫ਼ਲਾਕੇ ਦੀ ਪ੍ਰਾਪਤੀ ਲਈ ਇਕ ਥਾਂ ਤੋਂ ਦੂਜੀ ਥਾਂ ’ਤੇ ਲੈ ਜਾਣ ਲਈ ਉਹ ਰਾਜਸਥਾਨ, ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਜੰਮੂ ਆਦਿ ਰਾਜਾਂ ਵਿਚ ਜਾਂਦਾ ਹੈ। ਉਹ ਆਪਣੀਆਂ ਮਧੂ ਮੱਖੀਆਂ ਤੋਂ ਜ਼ਿਆਦਾਤਰ ਸਰੋ੍ਹਂ, ਮਲਟੀਫ਼ਲੋਰਾ, ਤੁਲਸੀ, ਅਜਵਾਇਨ ਆਦਿ ਕਿਸਮਾਂ ਦਾ ਸ਼ਹਿਦ ਪੈਦਾ ਕਰਦਾ ਹੈ।

ਚੰਗਾ ਮੁਨਾਫ਼ਾ

ਆਪਣੇ ਮਧੂ ਮੱਖੀ ਪਾਲਣ ਦੇ ਕਿੱਤੇ ਨੂੰ ਹੋਰ ਨਵੀਂ ਦਿਸ਼ਾ ਦਿੰਦਿਆਂ ਜਗਤਾਰ ਸਿੰਘ ਨੇ ਮੋਮ ਤੋਂ ਹੋਰ ਮੇਕਅੱਪ ਦੇ ਸਾਮਾਨ ਦੇ ਨਾਲ-ਨਾਲ ਸ਼ਹਿਦ ਦੀਆਂ ਮੱਖੀਆਂ ਦੇ ਡੱਬਿਆਂ ਵਿਚ ਵਰਤੀਆਂ ਜਾਂਦੀਆਂ ਮੋਮ ਦੀਆਂ ਸ਼ੀਟਾਂ ਨੂੰ ਵੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ , ਜਿਸ ਨੂੰ ਉਹ ਹੋਰ ਦੂਜੇ ਮਧੂ ਮੱਖੀ ਪਾਲਕਾਂ ਨੂੰ ਵੇਚ ਕੇ ਚੰਗਾ ਮੁਨਾਫ਼ਾ ਲੈ ਰਿਹਾ ਹੈ। ਪੋਲਣ ਦੀ ਪ੍ਰਾਪਤੀ ਵੀ ਜਗਤਾਰ ਸਿੰਘ ਦੋ ਤਰ੍ਹਾਂ ਨਾਲ ਕਰਦਾ ਹੈ ਪਾਊਡਰ ਦੇ ਰੂਪ ਵਿਚ ਅਤੇ ਤਰਲ ਰੂਪ ਵਿਚ। ਇਸ ਦੀ ਖ਼ਰੀਦਦਾਰੀ ਵੀ ਕੁਝ ਲੋਕ ਸਿਹਤ ਤੇ ਸਰੀਰ ਦੇ ਵਿਕਾਸ ਲਈ ਬਹੁਤ ਜ਼ਿਆਦਾ ਕਰਦੇ ਹਨ। ਉਸ ਨੇ ਰਾਣੀ ਮੱਖੀ ਬਣਾਉਣ ਦੀ ਵੀ ਸਿਖਲਾਈ ਲਈ ਹੋਈ ਹੈ। ਇਸ ਲਈ ਉਹ ਆਪਣੇ ਮੱਖੀਆਂ ਦੇ ਡੱਬਿਆਂ ਦੀ ਰਾਣੀ ਮੱਖੀ ਆਪ ਹੀ ਤਿਆਰ ਕਰ ਲੈਂਦਾ ਹੈ ਅਤੇ ਦੂਜੇ ਹੋਰ ਨਵੇਂ ਇਸ ਕਿੱਤੇ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ ਰਾਣੀ ਮੱਖੀ ਵੇਚ ਕੇ ਵਧੇਰੇ ਲਾਭ ਕਮਾ ਰਿਹਾ ਹੈ।

ਕਿੱਤੇ ’ਚ ਲਿਆਂਦੀ ਤਬਦੀਲੀ

ਜਗਤਾਰ ਸਿੰਘ ਆਪਣੇ ਸ਼ਹਿਦ ਵਾਲੀਆਂ ਮੱਖੀਆਂ ਦੇ ਬਕਸਿਆਂ ਤੋਂ ਬਹੁਤ ਹੀ ਸਾਫ਼-ਸੁਥਰੇ ਢੰਗ ਨਾਲ ਸ਼ਹਿਦ ਕੱਢਦਾ ਹੈ ਤੇ ਉਸ ਦੀ ਪ੍ਰੋਸੈਸਿੰਗ ਕਰ ਕੇ ਬੋਤਲਾਂ ਵਿਚ ਭਰਦਾ ਹੈ। ਸ਼ਹਿਦ ਦੀ ਸ਼ੁੱਧਤਾ ਨੂੰ ਪਰਖਣ ਲਈ ਉਸ ਦੇ ਸ਼ਹਿਦ ਦਾ ਸੈਂਪਲ ਰਾਸ਼ਟਰੀ ਮਧੂ ਮੱਖੀ ਬੋਰਡ ਦੀ ਲੈਬੋਰਟਰੀ ਅਤੇ ਜਰਮਨ ਦੀ ਆਧੁਨਿਕ ਲੈਬੋਰਟਰੀ ਵਿੱਚੋਂ ਵੀ ਪਾਸ ਹੋ ਚੁੱਕਿਆ ਹੈ, ਜਿਸ ਨਾਲ ਉਸ ਸ਼ਹਿਦ ਦੇ ਬਿਲਕੁੱਲ ਸ਼ੁੱਧ ਹੋਣ ਦਾ ਪਤਾ ਲੱਗਦਾ ਹੈ।

ਲਾਕਡਾਊਨ ਤੋਂ ਪਹਿਲਾਂ ਉਹ ਆਪਣਾ ਸ਼ਹਿਦ ਅਤੇ ਹੋਰ ਉਤਪਾਦ ਮੇਲਿਆਂ ਅਤੇ ਹੋਰ ਸਰਕਾਰੀ, ਗ਼ੈਰ- ਸਰਕਾਰੀ ਤੇ ਹੋਰ ਸੰਸਥਾਵਾਂ ਵੱਲੋਂ ਲਾਈਆਂ ਜਾਂਦੀਆਂ ਦੁਕਾਨਾਂ ਅਤੇ ਪ੍ਰਦਰਸ਼ਨੀਆਂ ਵਿਚ ਵੇਚਦਾ ਸੀ ਪਰ ਹੁਣ ਉਸ ਦਾ ਸਾਰਾ ਸ਼ਹਿਦ ਆਨਲਾਈਨ ਉਸ ਦੇ ਆਪਣੇ ਘਰੋਂ ਹੀ ਵਿਕ ਜਾਂਦਾ ਹੈ। ਉਂਝ ਲਾਕਡਾਊਨ ਕਰਕੇ ਉਸ ਦੇ ਕੰਮ ਵਿਚ ਬਹੁਤ ਸਮੱਸਿਆਵਾਂ ਵੀ ਆਈਆਂ ਜਿਵੇਂ ਮੰਡੀਕਰਨ ਵੀ ਰੁਕਾਵਟ ਤਾਂ ਹੈ ਹੀ ਤੇ ਨਾਲ ਹੀ ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆਂ ਨੂੰ ਇਕ ਥਾਂ ਤੋਂ ਦੂਜੀ ਥਾਂ ’ਤੇ ਲੈ ਕੇ ਜਾਣ ਵਿਚ ਮੁਸ਼ਕਿਲ ਆਈ, ਜਿਸ ਨਾਲ ਸ਼ਹਿਦ ਦੇ ਉਤਪਾਦਨ ਵਿਚ ਵੀ ਵੱਡੇ ਪੱਧਰ ’ਤੇ ਕਮੀ ਹੋਈ ਪਰ ਜਗਤਾਰ ਸਿੰਘ ਨੇ ਮਨ ਛੋਟਾ ਨਹੀਂ ਕੀਤਾ ਤੇ ਲਗਾਤਾਰ ਹਾਲਾਤ ਮੁਤਾਬਕ ਆਪਣੇ ਇਸ ਸ਼ਹਿਦ ਦੇ ਕਿੱਤੇ ’ਚ ਤਬਦੀਲੀ ਲਿਆ ਕੇ ਆਪਣੀ ਆਮਦਨ ਵਿਚ ਨਿਰੰਤਰ ਵਾਧਾ ਕੀਤਾ।

ਇਸ ਕਿੱਤੇ ਵਿਚ ਜਗਤਾਰ ਸਿੰਘ ਅਨਜਾਣ ਨੂੰ ਪਿੰਡ, ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਕਈ ਤਰ੍ਹਾਂ ਦੇ ਮਾਣ- ਸਨਮਾਨ ਵੀ ਹਾਸਲ ਹੋ ਚੁੱਕੇ ਹਨ। ਭਵਿੱਖ ਵਿਚ ਉਹ ਆਪਣੇ ਇਸ ਸ਼ਹਿਦ ਮੱਖੀ ਪਾਲਣ ਦੇ ਕਿੱਤੇ ਨੂੰ ਹੋਰ ਦਲੇਰੀ ਤੇ ਮਿਹਨਤ ਨਾਲ ਕਰਨਾ ਚਾਹੁੰਦਾ ਹੈ ਤੇ ਇਸ ਕਿੱਤੇ ਵਿਚ ਦੂਜੇ ਕਿਸਾਨਾਂ ਲਾਈ ਇਕ ਮਿਸਾਲ ਬਣਨਾ ਚਾਹੁੰਦਾ ਹੈ। ਅਸੀਂ ਆਸ ਕਰਦੇ ਹਾਂ ਕਿ ਜਗਤਾਰ ਸਿੰਘ ਆਪਣੇ ਇਸ ਕਿੱਤੇ ਵਿਚ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ। ਹੋਰਨਾਂ ਨੌਜਵਾਨਾਂ ਨੂੰ ਵੀ ਉਸ ਤੋਂ ਸੇਧ ਲੈਂਦਿਆਂ ਮਧੂ ਮੱਖੀ ਪਾਲਣ ਦਾ ਧੰਦਾ ਅਪਣਾਉਣਾ ਚਾਹੀਦਾ ਹੈ।

ਖ਼ੁਦ ਕਰਦਾ ਹੈ ਸ਼ਹਿਦ ਦਾ ਮੰਡੀਕਰਨ

ਜਗਤਾਰ ਸਿੰਘ ਆਪਣੇ ਪੈਦਾ ਕੀਤੇ ਸ਼ਹਿਦ ਦੀ ਮੰਡੀਕਾਰੀ ਆਪਣੇ ਪੱਧਰ ’ਤੇ ਹੀ ਕਰਦਾ ਹੈ। ਉਸ ਨੇ ਆਪਣੀ ਇਕ ਕੰਪਨੀ ਵੀ ਬਣਾਈ ਹੋਈ ਹੈ ,ਜਿਸ ਵਿਚ ਉਹ ਆਪਣੀਆਂ ਸ਼ਹਿਦ ਅਤੇ ਹੋਰ ਜਿਣਸਾਂ ਦੀ ਮੰਡੀਕਾਰੀ ਬੜੇ ਹੀ ਵਧੀਆ ਢੰਗ ਨਾਲ ਕਰ ਲੈਂਦਾ ਹੈ ਅਤੇ ਬਹੁਤ ਵਧੀਆ ਮੁਨਾਫ਼ਾ ਪ੍ਰਾਪਤ ਕਰਦਾ ਹੈ। ਸ਼ੁਰੂਆਤੀ ਦਿਨਾਂ ਵਿਚ ਉਹ ਆਪਣਾ ਸ਼ਹਿਦ ਹੋਰ ਦੂਜੀਆਂ ਕੰਪਨੀਆਂ ਨੂੰ ਵੇਚਦਾ ਸੀ ਪਰ ਹੁਣ ਉਹ ਆਪਣਾ ਸਾਰਾ ਸ਼ਹਿਦ ਆਪਣੀ ਕੰਪਨੀ ਦੁਆਰਾ ਹੀ ਵੇਚਦਾ ਹੈ। ਕੋਰੋਨਾ ਤੇ ਲਾਕਡਾਊਨ ਕਾਰਨ ਉਸ ਨੇ ਆਪਣੇ ਸ਼ਹਿਦ ਦੀ ਮੰਡੀਕਾਰੀ ਵਿਚ ਕੁਝ ਤਬਦੀਲੀ ਵੀ ਲਿਆਂਦੀ ਜਿਵੇਂ ਆਨਲਾਈਨ ਸ਼ਹਿਦ ਦੀ ਮੰਡੀਕਾਰੀ ਤੇ ਕੋਰੀਅਰ ਰਾਹੀਂ ਆਪਣੇ ਸ਼ਹਿਦ ਦੀ ਵਿਕਰੀ। ਇਸ ਤਰ੍ਹਾਂ ਵੀ ਉਹ ਆਪਣੇ ਇਸ ਕਿੱਤੇ ਤੋਂ ਵਧੇਰੇ ਆਮਦਨ ਪ੍ਰਾਪਤ ਕਰ ਲੈਂਦਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran