ਲੁਧਿਆਣਾ 11 ਸਤੰਬਰ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਿਹਾ ਕਿਸ਼ੋਰਾਂ ਦੀ ਪ੍ਰਜਨਨ ਸਿਹਤ ਸੰਬੰਧੀ ਨਵੀਨਤਮ ਖੋਜ (ਆਰ ਐਚ ਏ 2017) ਬਾਰੇ ਦੋ ਦਿਨਾਂ ਕੌਮਾਂਤਰੀ ਸੈਮੀਨਾਰ ਅੱਜ ਇਥੇ ਸਮਾਪਤ ਹੋ ਗਿਆ । ਇਹ ਸੈਮੀਨਾਰ ਪੀਏਯੂ ਦੇ ਜੀਵ ਵਿਗਿਆਨ ਵਿਭਾਗ ਵੱਲੋਂ ਆਈ ਐਸ ਐਸ ਆਰ ਐਫ ਜੈਪੁਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ । ਇਸ ਸਮਾਗਮ ਵਿੱਚ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਲਗਭਗ 350 ਵਿਦਿਆਰਥੀਆਂ ਨੇ ਭਾਗ ਲਿਆ ।
ਇਸ ਸਮਾਗਮ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਮਹੱਤਵ ਬਾਰੇ ਜਾਣੂੰ ਕਰਵਾਇਆ ਅਤੇ ਜ਼ਿੰਦਗੀ ਦੇ ਚੰਗੇ ਗੁਣਾਂ ਜਿਵੇਂ ਸਹਿਣਸ਼ੀਲਤਾ ਅਤੇ ਅਨੁਸਾਸ਼ਨ ਉਪਰ ਜ਼ੋਰ ਦਿੱਤਾ । ਡਾ. ਢਿੱਲੋਂ ਨੇ ਚੰਗੇ ਆਚਰਣ ਅਤੇ ਮਨੁੱਖੀ ਗੁਣਾਂ ਦਾ ਸਿਹਤ ਨਾਲ ਸੰਬੰਧ ਦੱਸਦਿਆਂ ਕਿਹਾ ਕਿ ਸਾਨੂੰ ਇਨ•ਾਂ ਨਾਲ ਸੰਬੰਧਤ ਸਮਾਜਿਕ ਸਮੱਸਿਆਵਾਂ ਬਾਰੇ ਵੀ ਜਾਗਰੂਕ ਹੋਣ ਦੀ ਲੋੜ ਹੈ । ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਦੇ ਹੋਏ ਉਨ•ਾਂ ਨੇ ਕਿਹਾ ਕਿ ਆਪਣੇ ਵਿਰਸੇ ਦੀਆਂ ਦਾਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਹਮੇਸ਼ਾਂ ਸੰਭਾਲ ਕੇ ਰੱਖੋ ਅਤੇ ਇੰਟਰਨੈਟ ਵਰਗੀਆਂ ਅਜੋਕੀਆਂ ਅਲਾਮਤਾਂ ਨੂੰ ਸੰਜਮ ਨਾਲ ਵਰਤੋ । ਇਹ ਨੌਜਵਾਨਾਂ ਦੇ ਭਵਿੱਖ ਤੇ ਬਹੁਤ ਅਸਰ ਪਾਉਂਦੀਆਂ ਹਨ ।
ਜ਼ਿਕਰਯੋਗ ਹੈ ਕਿ ਦੂਸਰੇ ਦਿਨ ਸੈਮੀਨਾਰ ਵਿੱਚ 9 ਭਾਸ਼ਨ ਦਿੱਤੇ ਗਏ । ਦਿੱਲੀ ਯੂਨੀਵਰਸਿਟੀ ਤੋਂ ਡਾ. ਰਾਧੇ ਸ਼ਾਮ ਨੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਪ੍ਰਜਨਨ ਸਿਹਤ ਦੀ ਸਾਂਭ-ਸੰਭਾਲ ਲਈ ਇਸ ਪੱਖੋਂ ਸੁਚੇਤ ਹੋਣਾ ਬਹੁਤ ਜਰੂਰੀ ਹੈ । ਆਈ ਸੀ ਐਮ ਆਰ, ਨਵੀਂ ਦਿੱਲੀ ਤੋਂ ਡਾ. ਆਰ ਐਸ ਸ਼ਰਮਾ ਨੇ ਮੋਬਾਇਲ ਫੋਨਾਂ ਅਤੇ ਟਾਵਰਾਂ ਤੋਂ ਨਿਕਲ ਰਹੀਆਂ ਤਰੰਗਾਂ ਦੇ ਬੁਰੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ ਅਤੇ ਇਨ•ਾਂ ਤੋਂ ਬਚਾਅ ਦੇ ਤਰੀਕੇ ਵੀ ਸਾਂਝੇ ਕੀਤੇ ।
ਪੀਏਯੂ ਤੋਂ ਡਾ. ਕਿਰਨ ਬੈਂਸ ਨੇ ਕਿਸ਼ੋਰਾਂ ਨੂੰ ਪੌਸ਼ਟਿਕ ਭੋਜਨ ਬਾਰੇ ਅਤੇ ਐਸ ਪੀ ਐਸ ਹਸਪਤਾਲ ਤੋਂ ਡਾ. ਵੀਨਸ ਬਾਂਸਲ ਨੇ ਇਸਤਰੀ ਰੋਗ ਸੰਬੰਧੀ ਪ੍ਰੇਸ਼ਾਨੀਆਂ ਬਾਰੇ ਭਾਸ਼ਨ ਦਿੱਤੇ ।
ਡਾ. ਜੇ ਐਸ ਬੇਦੀ, ਗਡਵਾਸੂ ਨੇ ਪ੍ਰਜਨਨ ਸੰਬੰਧੀ ਵੱਖ-ਵੱਖ ਬਿਮਾਰੀਆਂ ਜੋ ਪਾਲਤੂ ਜਾਂ ਘਰੇਲੂ ਜਾਨਵਰਾਂ ਤੋਂ ਫੈਲਦੀਆਂ ਹਨ, ਬਾਰੇ ਜਾਣੂੰ ਕਰਵਾਇਆ ।
ਐਸ ਐਮ ਐਸ ਮੈਡੀਕਲ ਕਾਲਜ, ਜੈਪੁਰ ਤੋਂ ਡਾ. ਸੁਨੀਤਾ ਕੁੰਟਲ ਨੇ ਗਰਭ ਰੋਕਣ ਲਈ ਵੱਖ-ਵੱਖ ਗਰਭ ਨਿਰੋਧਕਾਂ ਬਾਰੇ ਦੱਸਿਆ ਅਤੇ ਡਾ. ਸੁਨੀਲ ਗੁਪਤਾ ਚਮੜੀ ਵਿਗਿਆਨ ਵਿਭਾਗ ਡੀ ਐਮ ਸੀ ਲੁਧਿਆਣਾ ਨੇ ਵਿਦਿਆਰਥੀਆਂ ਨੂੰ ਐਚ ਆਈ ਬੀ ਏਡਜ਼ ਅਤੇ ਇਸ ਤੋਂ ਬਚਾਅ ਬਾਰੇ ਜਾਗਰੂਕ ਕਰਵਾਇਆ ।
ਡਾ. ਐਨ ਕੇ ਲੋਹੀਆ, ਪ੍ਰਧਾਨ, ਆਈ ਐਸ ਐਸ ਐਫ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਪੂਰੀ ਟੀਮ ਦੇ ਸਮੁੱਚੇ ਸਹਿਯੋਗ ਨੂੰ ਸਲਾਹਿਆ । ਬਾਅਦ ਵਿੱਚ ਉਨ•ਾਂ ਨੇ ਪ੍ਰਬੰਧਕੀ ਚੇਅਰਮੈਨ ਅਤੇ ਡਾ. ਐਸ ਐਸ ਹੁੰਦਲ ਅਤੇ ਪ੍ਰਬੰਧਕੀ ਸੈਕਟਰੀ ਡਾ. ਕੇ ਐਸ ਖੇੜਾ ਨੂੰ ਵਧਾਈ ਵੀ ਦਿੱਤੀ ।
ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਦੇ ਡੀਨ ਡਾ. ਜੀ. ਕੇ. ਸਾਂਘਾ ਜੋ ਇਸ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਵੀ ਸਨ, ਨੇ ਵੀ ਇਸ ਸਫ਼ਲ ਸੈਮੀਨਾਰ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ ।
ਸੈਮੀਨਾਰ ਵਿੱਚ ਚਾਰ ਤਕਨੀਕੀ ਸੈਸ਼ਨਾਂ ਵਿੱਚ 16 ਭਾਸ਼ਨ ਦਿੱਤੇ ਗਏ ਜੋ ਕਿ ਵੱਖ-ਵੱਖ ਬੁਨਿਆਦੀ ਅਤੇ ਅਮਲੀ ਪਹਿਲੂਆਂ ਤੋਂ ਮਨੁੱਖੀ ਸਰੀਰਕ ਵਿੱਦਿਆ, ਸਰੀਰਾਂ ਵਿੱਚ ਬਣਦੇ ਜ਼ਹਿਰੀਲੇ ਤੱਤ, ਬਾਇਓ ਮੈਡੀਸਨ ਅਤੇ ਪ੍ਰਜਨਨ ਜੀਵ ਵਿਗਿਆਨ ਬਾਰੇ ਸਨ । ਦਿੱਲੀ ਯੂਨੀਵਰਸਿਟੀ ਤੋਂ ਡਾ. ਅਖਿਲੇਸ਼ ਯਾਦਵ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਇੱਕ ਥੀਏਟਰ ਮੁਕਾਬਲਾ ਵੀ ਕਰਵਾਇਆ ਗਿਆ । ਪ੍ਰਜਨਨ ਸਿਹਤ ਦੇ ਵਿਸ਼ੇ ਤੇ ਪੋਸਟਰ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਲਗਭਗ 53 ਪੋਸਟਰ ਲਗਾਏ ਗਏ । ਕੋਮਲਪ੍ਰੀਤ ਕੌਰ (ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ, ਪੀਏਯੂ), ਸ਼ਗੁਨ ਗਿੱਲ (ਐਚ ਜੇ ਐਸ ਡੈਂਟਲ ਕਾਲਜ, ਚੰਡੀਗੜ•), ਗੁਰਪ੍ਰੀਤ ਕੌਰ (ਖਾਲਸਾ ਕਾਲਜ ਫਾਰ ਵਿਮੈਨ, ਲੁਧਿਆਣਾ) ਅਤੇ ਵਿਭੂ ਵੇਦ (ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ, ਪੀਏਯੂ) ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਇਨਾਮ ਹਾਸਲ ਕੀਤਾ । ਖਾਲਸਾ ਕਾਲਜ ਲੁਧਿਆਣਾ ਦੀ ਅੰਬਿਕਾ ਗੋਇਲ ਨੇ ਸਲਾਹੁਤਾ ਇਨਾਮ ਜਿੱਤਿਆ ।