This content is currently available only in Punjabi language
ਅਮਰੀਕਾ ਚ ਵਾਤਾਵਰਨ ਦੀ ਸੁਰੱਖਿਆ ਚ ਜੁੱਟੀ ਐੱਨ.ਆਰ.ਆਈਜ਼ ਦੀ ਸੰਸਥਾ ਪਾਦਸ਼ਾਹ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਵਿਸ਼ੇਸ਼ ਤੌਰ ਤੇ ਜਾਗਰੂਕ ਕਰ ਰਹੀ ਹੈ। ਇਸ ਸਬੰਧ ਚ ਮੋਗਾ ਪਹੁੰਚੇ ਇਸ ਸੰਸਥਾ ਦੇ ਮੈਂਬਰ ਹਰਸ਼ਰਨ ਸਿੰਘ ਧਿਦੋਂ ਗਿੱਲ ਨੇ ਦੱਸਿਆ ਕਿ ਅਮਰੀਕਾ ਚ ਪਰਾਲੀ ਦੀ ਵਰਤੋਂ ਇਮਾਰਤਾਂ ਬਣਾਉਣ ਲਈ ਕੀਤੀ ਜਾਂਦੀ ਹੈ। ਜੇਕਰ ਇਸੇ ਤਕਨੀਕ ਨੂੰ ਪੰਜਾਬ ਦੇ ਕਿਸਾਨ ਅਪਣਾਉਂਦੇ ਹਨ ਤਾਂ ਉਹ ਵਾਤਾਵਰਨ ਦੀ ਸੁਰੱਖਿਆ ਨਾਲ ਕਮਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਨਾਲ ਜ਼ਮੀਨ ਦੇ ਉਪਜਾਊ ਤੱਤ ਨਸ਼ਟ ਹੋ ਜਾਂਦੇ ਹਨ। ਪਰਾਲੀ ਨਾਲ ਜਿੱਥੇ ਗੋਟੀਆਂ ਬਣਾਈਆਂ ਜਾਂਦੀਆਂ ਹਨ ਉਥੇ ਹੀ ਇਸ ਤੋਂ ਚਾਰਾ ਵੀ ਤਿਆਰ ਕੀਤਾ ਜਾ ਸਕਦਾ ਹੈ।
ਯੂਰਪ ਦੇ ਦੇਸ਼ਾਂ ਚ ਪੰਜਾਬ ਤੋਂ ਤਿੰਨ ਗੁਣਾਂ ਜ਼ਿਆਦਾ ਝੋਨੇ ਦੀ ਫਸਲ ਹੁੰਦੀ ਹੈ ਪਰ ਉਥੇ ਪਰਾਲੀ ਸਾੜਨ ਦੀ ਥਾਂ ਉਸ ਦੀ ਵਰਤੋਂ ਕਿਸੇ ਕੰਮ ਲਈ ਕੀਤੀ ਜਾਂਦੀ ਹੈ। ਅਜਿਹਾ ਕਰਨ ਨਾਲ ਵਾਤਾਵਰਨ ਖਰਾਬ ਨਹੀਂ ਹੁੰਦਾ। ਗਿੱਲ ਨੇ ਕਿਹਾ ਕਿ ਸਾਡੀ ਸੰਸਥਾ ਨੇ ਪਰਾਲੀ ਤੋਂ ਘਰ ਬਣਾਉਣ ਲਈ ਕਈ ਕਾਰੀਗਰਾਂ ਨੂੰ ਟਰੇਡ ਕੀਤਾ ਹੋਇਆ ਹੈ, ਜੋ ਪਰਾਲੀ ਅਤੇ ਹੋਰ ਸਾਮਾਨ ਤੋਂ ਘਰ ਤਿਆਰ ਕਰਕੇ ਲੋਕਾਂ ਨੂੰ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਘਰ ਦਾ ਨਿਰਮਾਣ ਕਰਨ ਲਈ ਲੋਹੇ ਦੇ ਧਾਗਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਕੁਦਰਤੀ ਆਫਤ ਆਉਣ ਤੇ ਇਸ ਘਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਨਾ ਕੋਈ ਸੀਲ ਆਉਦੀ ਹੈ ਅਤੇ ਨਾ ਹੀ ਇਸ ਨੂੰ ਅੱਗ ਲੱਗਣ ਦਾ ਕੋਈ ਖਤਰਾ ਹੁੰਦਾ ਹੈ। ਉਨ੍ਹਾਂ ਇਸ ਦੇ ਲਈ ਫਗਵਾੜਾ ਦੇ ਇਕ ਵਾਤਾਵਰਣ ਪ੍ਰੇਮੀ ਬਲਵਿੰਦਰ ਪ੍ਰੀਤ ਨੂੰ ਕਾਰੀਗਰ ਦੇ ਤੌਰ ਤੇ ਤਿਆਰ ਕੀਤਾ ਹੈ, ਜਿਸ ਨਾਲ ਮਿਲ ਕੇ ਉਨ੍ਹਾਂ ਪੀ.ਯੂ ਚੰਡੀਗੜ੍ਹ ਅਤੇ ਪੀ.ਯੂ ਲੁਧਿਆਣਾ ਚ ਕਈ ਤਰ੍ਹਾਂ ਦੇ ਸੈਮੀਨਾਰ ਲਾਏ ਹਨ। ਗਿੱਲ ਨੇ ਦੱਸਿਆ ਕਿ ਜੂਨ 2019 ਚ ਉਹ ਬਾਕੀ ਦੀਆਂ ਸੰਸਥਾਵਾਂ ਨਾਲ ਮਿਲ ਕੇ ਜਾਗਰੂਕ ਸੈਮੀਨਾਰ ਲਾਉਣਗੇ ਅਤੇ ਪਰਾਲੀ ਤੋਂ ਲੋਕਾਂ ਨੂੰ ਘਰ ਬਣਾ ਕੇ ਵੀ ਦੇਣਗੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Jagbani