Expert Advisory Details

idea99cotton_crop.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-04-27 13:47:04

ਪੰਜਾਬ ਦੇ ਦੱਖਣੀ-ਪੱਛਮੀ ਜ਼ਿਲ੍ਹੇ (ਮਾਨਸਾ, ਬਠਿੰਡਾ, ਫ਼ਾਜ਼ਿਲਕਾ, ਫ਼ਰੀਦਕੋਟ, ਫ਼ਿਰੋਜ਼ਪੁਰ) ਜਿਸਨੂੰ ਨਰਮਾ-ਕਪਾਹ ਪੱਟੀ ਦੇ ਤੌਰ ਤੇ ਜਾਣਿਆ ਜਾਂਦਾ ਹੈ,ਵਿੱਚ ਤਕਰੀਬਨ 71 ਪ੍ਰਤੀਸ਼ਤ ਰਕਬੇ ਹੇਠਲਾ ਪਾਣੀ ਮਾੜੇ ਦਰਜੇ ਦਾ ਹੈ। ਖਾਰੇ ਪਾਣੀਆਂ ਨੂੰ ਜਿਪਸਮ ਦੀ ਵਰਤੋਂ ਨਾਲ ਕੁਝ ਹੱਦ ਤੱਕ ਸਿੰਚਾਈ ਲਈ ਵਰਤ ਸਕਦੇ ਹਾਂ,ਜਦਕਿ ਲੂਣੇ ਪਾਣੀਆਂ ਨੂੰ ਨਹਿਰੀ ਜਾਂ ਚੰਗੇ ਪਾਣੀ ਨਾਲ ਰਲਾ ਕੇ ਜਾਂ ਫਿਰ ਅਦਲ-ਬਦਲ ਕੇ ਵਰਤਿਆ ਜਾ ਸਕਦਾ ਹੈ। ਮਾੜੇ ਪਾਣੀਆਂ ਹੇਠ ਰਕਬੇ ਵਿੱਚ  ਫ਼ਸਲਾਂ ਦੀ ਚੋਣ ਅਜਿਹੇ ਢੰਗ ਨਾਲ ਕਰਨੀ ਚਾਹੀਦੀ ਹੈ ਕਿ ਇੱਕ ਤਾਂ ਫ਼ਸਲ ਮਾੜੇ ਪਾਣੀ ਨੂੰ ਸਹਾਰਨ ਦੀ ਸਮੱਰਥਾ ਰੱਖਦੀ ਹੋਵੇ, ਦੂਸਰਾ ਉਸ ਫ਼ਸਲ ਨੂੰ ਪਾਣੀ ਦੀ ਜ਼ਰੂਰਤ ਵੀ ਘੱਟ ਹੋਵੇ। ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਚੰਗੀ ਸਿਹਤ ਬਰਕਰਾਰ ਰੱਖਣ ਲਈ ਮਾੜੇ ਪਾਣੀਆਂ ਵਾਲੇ ਟਿਊਬਵੈੱਲਾਂ ਥੱਲੇ ਜਿੱਥੋਂ ਤਕ ਹੋ ਸਕੇ ਝੋਨੇ ਦੀ ਥਾਂ ਨਰਮੇ ਨੂੰ ਤਰਜੀਹ ਦਿਓ।

    • ਜੇਕਰ ਮਾੜੇ ਪਾਣੀਆਂ ਹੇਠ ਨਰਮੇ ਦੀ ਫ਼ਸਲ ਲੈਣੀ ਹੋਵੇ ਤਾਂ ਨਰਮੇ ਦੇ ਵਧੀਆ ਜੰਮ ਲਈ ਰੌਣੀ ਹਮੇਸ਼ਾ ਚੰਗੀ ਕੁਆਲਿਟੀ ਦੇ (ਨਹਿਰੀ) ਪਾਣੀ ਨਾਲ ਕਰਨੀ ਚਾਹੀਦੀ ਹੈ।

    • ਰੇਤਲੀਆਂ ਜ਼ਮੀਨਾਂ ਵਿੱਚ ਨਰਮੇ ਨੂੰ 10 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡਰੇਟ ਜਾਂ 6.5 ਕਿੱਲੋ ਜ਼ਿੰਕ ਸਲਫ਼ੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਪਾਉ।

    • ਚੰਗੇ ਝਾੜ ਲਈ ਫੁੱਲ ਪੈਣ ਤੇ ਬੀ.ਟੀ. ਨਰਮੇ ਵਿੱਚ 2% ਪੋਟਾਸ਼ੀਅਮ ਨਾਈਟਰੇਟ ਦੀ ਘੋਲ ਦੇ ਹਫ਼ਤੇ-ਹਫ਼ਤੇ ਬਾਅਦ 4 ਸਪਰੇਅ ਕਰੋ।

    • ਕਈ ਵਾਰ ਨਰਮੇ ਵਿੱਚ ਫੁੱਲ ਪੈਣ ਤੇ ਪੱਤੇ ਲਾਲ ਹੋ ਜਾਂਦੇ ਹਨ,ਇਸਦੀ ਰੋਕਥਾਮ ਲਈ 1% ਮੈਗਨੀਸ਼ਅਮ ਸਲਫ਼ੇਟ ਦੇ ਘੋਲ ਦੇ 15 ਦਿਨ ਦੇ ਵਕਫ਼ੇ ਤੇ 2 ਸਪਰੇਅ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਤਰੀਕੇ ਨਾਲ ਨਰਮੇ ਦੀ ਫ਼ਸਲ ਤੋਂ ਭਰਪੂਰ ਝਾੜ ਅਤੇ ਆਰਥਿਕ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।

    • ਜੇਕਰ ਲੰਮੇ ਸਮੇਂ ਤੱਕ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣੀ ਹੈ ਤਾਂ ਮਾੜੇ ਪਾਣੀ ਹੇਠ ਝੋਨੇ ਦੀ ਥਾਂ ਨਰਮੇ/ਕਪਾਹ ਨੂੰ ਤਰਜੀਹ ਦਿਓ।