Expert Advisory Details

idea99moongi.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2022-03-25 09:40:20

ਕਣਕ ਦੀ ਵਾਢੀ ਤੋਂ ਬਾਅਦ ਅਤੇ ਝੋਨੇ ਦੀ ਲੁਆਈ ਤੋਂ ਪਹਿਲਾਂ ਲਗਭਗ 60-65 ਦਿਨ ਤੱਕ ਖੇਤ ਖਾਲੀ ਰਹਿੰਦੇ ਹਨ। ਕਣਕ ਦੀ ਵਾਢੀ ਅਤੇ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਦਰਮਿਆਨ ਬਹੁਤ ਘੱਟ ਸਮਾਂ ਹੁੰਦਾ ਹੈ ਅਤੇ ਰਵਾਇਤੀ ਬਿਜਾਈ ਵਿੱਚ ਖੇਤ ਦੀ ਤਿਆਰੀ ਲਈ ਵੱਧ ਸਮਾਂ ਲੱਗਣ ਕਰਕੇ ਅਕਸਰ ਹੀ ਮੂੰਗੀ ਦੀ ਬਿਜਾਈ ਵਿੱਚ ਦੇਰੀ ਹੋ ਜਾਂਦੀ ਹੈ। ਪਰ ਖੇਤ ਦੀ ਤਿਆਰੀ ਦਾ ਸਮਾਂ ਬਚਾਉਣ ਲਈ ਕਿਸਾਨ ਬਿਨਾਂ ਵਹਾਈ ਤਕਨੀਕ ਦੇ ਅਨੁਸਾਰ ਹੈਪੀ ਸੀਡਰ ਜਾਂ ਜ਼ੀਰੋ-ਟਿਲ ਡਰਿੱਲ ਨਾਲ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਸਮੇਂ ਸਿਰ ਕਰ ਸਕਦੇ ਹਨ।

  • ਕਣਕ ਦੀ ਵਾਢੀ ਤੋਂ ਬਾਅਦ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਬਿਨਾਂ ਵਹਾਈ ਜ਼ੀਰੋ-ਟਿਲ ਡਰਿੱਲ ਨਾਲ ਕਰੋ ।
  • ਜੇਕਰ ਕਣਕ ਦਾ ਨਾੜ ਖੇਤ ਵਿੱਚ ਹੋਵੇ ਤਾਂ ਮੂੰਗੀ ਦੀ ਬਿਜਾਈ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ।
  • ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਲਈ ਪੀ.ਏ.ਯੂ. ਵੱਲੋਂ ਸਿਫਾਰਿਸ਼ ਕਿਸਮਾਂ ਐੱਸ ਐੱਮ ਐੱਲ 1827, ਐੱਸ ਐੱਮ ਐੱਲ 832 ਅਤੇ ਐੱਸ ਐੱਮ ਐੱਲ 668 ਦੀ ਬਿਜਾਈ ਬਿਨਾਂ ਵਹਾਈ ਤਕਨੀਕ ਨਾਲ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
  • ਐੱਸ ਐੱਮ ਐੱਲ 668 ਕਿਸਮ ਲਈ 15 ਕਿੱਲੋ ਅਤੇ ਬਾਕੀ ਕਿਸਮਾਂ ਲਈ 12 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।ਬਿਜਾਈ 22.5 ਸੈਂਟੀਮੀਟਰ ਚੌੜੀਆਂ ਕਤਾਰਾਂ ਵਿੱਚ ਕਰੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 7 ਸੈਂਟੀਮੀਟਰ ਰੱਖੋ। ਬੀਜ ਨੂੰ ਮਿਸ਼ਰਿਤ ਜੀਵਾਣੂੰ ਖਾਦ ਦਾ ਟੀਕਾ ਜ਼ਰੂਰ ਲਗਾਓ।
  • ਬਿਜਾਈ ਸਮੇਂ ਪ੍ਰਤੀ ਏਕੜ 5 ਕਿਲੋ ਨਾਈਟ੍ਰੋਜਨ ਤੱਤ (11 ਕਿਲੋ ਯੂਰੀਆ) ਅਤੇ 16 ਕਿਲੋ ਫ਼ਾਸਫ਼ੋਰਸ ਤੱਤ (100 ਕਿਲੋ ਸਿੰਗਲ ਸੁਪਰਫ਼ਾਸਫ਼ੇਟ) ਪਾਓ।
  • ਪਹਿਲਾ ਪਾਣੀ ਬਿਜਾਈ ਤੋਂ 25 ਦਿਨਾਂ ਬਾਅਦ ਲਾਉ ਅਤੇ ਬਿਜਾਈ ਤੋਂ 55 ਦਿਨਾਂ ਬਾਅਦ ਪਾਣੀ ਲਾਉਣਾ ਬੰਦ ਕਰ ਦਿਓ, ਇਸ ਨਾਲ ਫ਼ਲੀਆਂ ਇਕਸਾਰ ਪੱਕਦੀਆਂ ਹਨ।

ਬਿਨਾਂ ਵਹਾਈ ਤੋਂ ਗਰਮ ਰੁੱਤ ਦੀ ਮੁੰਗੀ ਨੂੰ ਬੀਜਣ ਦੇ ਫਾਇਦੇ

  • ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਦੀ ਲੁਆਈ ਤੋਂ ਪਹਿਲਾਂ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।
  • ਬਿਨਾਂ ਵਹਾਈ ਤੋਂ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਸਮਾਂ, ਊਰਜਾ ਅਤੇ ਪੈਸੇ ਦੀ ਬੱਚਤ ਕਰਨ ਵਿੱਚ ਸਹਾਈ ਹੁੰਦੀ ਹੈ।
  • ਹੈਪੀ ਸੀਡਰ ਨਾਲ ਕੀਤੀ ਮੂੰਗੀ ਦੀ ਬਿਜਾਈ ਨਾਲ ਮਿੱਟੀ ਦੇ ਜੈਵਿਕ ਮਾਦੇ, ਬਣਤਰ, ਸੂਖਮ ਜੀਵਾਣੂਆਂ ਦੀ ਗਿਣਤੀ ਅਤੇ ਮਿੱਟੀ ਦੀ ਪਾਣੀ ਜ਼ਜਬ ਕਰਨ ਦੀ ਸਮਰੱਥਾ ਵਿੱਚ ਸੁਧਾਰ ਆਉਂਦਾ ਹੈ।
  • ਗਰਮ ਰੁੱਤ ਦੀ ਮੂੰਗੀ ਦੀਆਂ ਫਲੀਆਂ ਤੋੜਨ ਉਪਰੰਤ ਮੂੰਗੀ ਦਾ ਹਰਾ ਟਾਂਗਰ ਝੋਨਾ ਲਾਉਣ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਦਬਾਉਣ ਨਾਲ ਝੋਨੇ ਦਾ ਝਾੜ ਵੱਧ ਜਾਂਦਾ ਹੈ ਅਤੇ ਝੋਨੇ ਨੂੰ ਨਾਈਟ੍ਰੋਜਨ ਦਾ ਤੀਜਾ ਹਿੱਸਾ ਘੱਟ ਪਾਉਣਾ ਪੈਂਦਾ ਹੈ।
  • ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਮਈ-ਜੂਨ ਦੇ ਮਹੀਨੇ ਵਿੱਚ ਵੱਧ ਤਾਪਮਾਨ ਨਾਲ ਮਿੱਟੀ ਦੇ ਜੈਵਿਕ ਕਾਰਬਨ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਵਿੱਚ ਸਹਾਈ ਹੁੰਦੀ ਹੈ।