Expert Advisory Details

idea99vegetablesXSmall.jpg
Posted by ਡਾ. ਸੁਖਦੀਪ ਸਿੰਘ ਹੁੰਦਲ
Punjab
2019-04-11 11:39:00

ਗਰਮ ਰੁੱਤਾਂ ਦੀਆਂ ਸਬਜ਼ੀਆਂ ਵਿੱਚ ਸਿੰਚਾਈ ਦਾ ਖ਼ਾਸ ਖਿਆਲ ਰੱਖੋ ਅਤੇ ਅਗੇਤੀਆਂ ਬੀਜੀਆਂ ਸਬਜ਼ੀਆਂ ਜਿਵੇਂ ਬੈਂਗਣ, ਮਿਰਚ, ਸ਼ਿਮਲਾ ਮਿਰਚ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਤੁੜਾਈ ਦੁਪਹਿਰ ਵੇਲੇ ਕਰੋ, ਪਰ ਘੀਆ ਕੱਦੂ ਦੀ ਤੁੜਾਈ ਸਵੇਰ ਵੇਲੇ ਕਰੋ। ਪਿਆਜ਼ ਦੀ ਮਾਰਚ ਵਿੱਚ ਬੀਜੀ ਗਈ ਫ਼ਸਲ ਦੀ ਵਧੀਆ ਤਰੀਕੇ ਨਾਲ ਦੇਖਭਾਲ ਕਰੋ ਅਤੇ 5-7 ਦਿਨ ਦੇ ਵਕਫ਼ੇ 'ਤੇ ਪਾਣੀ ਦਿੰਦੇ ਰਹੋ। ਟਮਾਟਰ ਨੂੰ ਹਫ਼ਤੇ ਵਿੱਚ ਇੱਕ ਵਾਰ ਸਿੰਚਾਈ ਕਰੋ ਤਾਂ ਜੋ ਫ਼ਲ ਵਿੱਚ ਵਾਧਾ ਹੋਵੇ।  ਤਿਆਰ ਹੋਏ ਟਮਾਟਰਾਂ ਨੂੰ ਤੁੜਾਈ ਕਰਕੇ ਦੂਰ ਨੇੜੇ ਦੀਆਂ ਮੰਡੀਆਂ ਵਿੱਚ ਭੇਜਦੇ ਰਹੋ। ਟਮਾਟਰਾਂ ਦੇ ਫ਼ਲ ਗੜੂੰਏਂ ਦੀ ਰੋਕਥਾਮ ਲਈ  0.3 ਮਿ.ਲੀ. ਫੇਮ  480 ਐਸ. ਐਲ . ਜਾਂ 6 ਮਿ.ਲੀ. ਕਰੀਨਾਂ 50 ਤਾਕਤ ਅਤੇ ਝੁਲਸ ਰੋਗ ਤੋਂ ਬਚਾਅ ਲਈ 3 ਗ੍ਰਾਮ ਇੰਡੋਫਿਲ ਐਮ-45 ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਫੇਮ ਦੀ ਸਪਰੇ ਤੋਂ ਬਾਅਦ ਫ਼ਲ ਤੋੜਣ ਲਈ 3 ਦਿਨ ਤੱਕ ਇੰਤਜ਼ਾਰ ਕਰੋ। ਲੱਸਣ ਨੂੰ ਪਾਣੀ ਦੇਣਾ ਬੰਦ ਕਰ ਦਿਓ ਅਤੇ ਅਖ਼ੀਰਲੇ ਹਫ਼ਤੇ ਹਲਕਾ ਪਾਣੀ ਲਗਾ ਕੇ ਵੱਤਰ ਆਉਣ 'ਤੇ ਪੁਟਾਈ ਸ਼ੁਰੂ ਕਰ ਦਿਓ। ਹਫ਼ਤੇ ਤੱਕ ਇਹਨਾਂ ਨੂੰ ਛੋਟੀਆਂ ਗੁੱਛੀਆਂ ਬਣਾ ਕੇ ਹਵਾਦਾਰ ਜਗ੍ਹਾਂ 'ਤੇ ਭੰਡਾਰ ਕਰ ਲਵੋ।  ਮਿਰਚਾਂ ਦੀ ਬਿਜਾਈ ਤੋਂ ਪਹਿਲਾਂ 220 ਗ੍ਰਾਮ ਯੂਰੀਆ, 800 ਗ੍ਰਾਮ ਸਿੰਗਲ ਸੁਪਰਫਾਸਫੇਟ ਅਤੇ 125 ਗ੍ਰਾਮ ਮਿਊਰੇਟ ਆਫ਼ ਪੋਟਾਸ਼ ਖਾਦ ਪ੍ਰਤੀ ਮਰਲਾ ਪਾ ਦਿਓ। ਬੂਟੇ ਲਾਉਂਦੇ ਸਮੇਂ ਕਤਾਰਾਂ ਦੀ ਦੂਰੀ 75 ਸੈ.ਮੀ. ਅਤੇ ਬੂਟਿਆਂ ਦਾ ਫਾਸਲਾ 45-60 ਸੈ.ਮੀ. ਰੱਖੋ। ਖਰਬੂਜ਼ੇ ਦੀ ਫ਼ਸਲ ਨੂੰ ਪੀਲੇ ਧੱਬਿਆਂ ਦੇ ਰੋਗ ਤੋਂ ਬਚਾਅ ਲਈ 3 ਗ੍ਰਾਮ ਇੰਡੋਫਿਲ ਐਮ-45 ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ।