Expert Advisory Details

idea9920200909-top-news-cotton-generic_174721ed298_large.jpg
Posted by Punjab Agricultural University, Ludhiana
Punjab
2021-05-08 13:47:34

ਨਰਮਾ: ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਬਿਜਾਈ ਹਰ ਹਾਲਤ ਵਿੱਚ ਖਤਮ ਕਰ ਲਓ। ਨਰਮਾ ਨਿੰਬੂ ਜਾਤੀ ਦੇ ਬਾਗਾਂ ਨੇੜੇ ਨਾ ਬੀਜੋ। ਲਾਗੇ ਭਿੰਡੀ, ਮੂੰਗੀ, ਢੈਂਚਾ, ਅਰਿੰਡ, ਅਰਹਰ ਆਦਿ ਦੀ ਫ਼ਸਲ ਵੀ ਨਾ ਲਗਾਉ। ਖੇਤ ਸਾਫ਼ ਰੱਖੋ। ਕੰਘੀ ਬੂਟੀ ਅਤੇ ਪੀਲੀ ਬੂਟੀ ਨੂੰ ਵੱਟਾਂ ਬੰਨਿਆਂ ਤੋਂ ਖ਼ਤਮ ਕਰ ਦਿਉ ਕਿਉਂਕਿ ਪੱਤਾ ਮਰੋੜ ਵਾਇਰਸ ਨਰਮੇ ਤੇ ਹਮਲਾ ਕਰਨ ਤੋਂ ਪਹਿਲਾਂ ਇਥੇ ਹੀ ਪਲਦਾ ਹੈ। ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ, ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰ ਦਿਉ। ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾਂ ਜਿਵੇਂ ਕਿ ਬੈਂਗਣ, ਆਲੂ, ਟਮਾਟਰ, ਮਿਰਚ, ਮੂੰਗੀ ਆਦਿ 'ਤੇ ਵੀ ਪਾਇਆ ਜਾਂਦਾ ਹੈ। ਇਸ ਲਈ ਇਹਨਾਂ ਫਸਲਾਂ ਦਾ ਲਗਾਤਾਰ ਸਰਵੇਖਣ ਕਰੋ ਅਤੇ ਲੋੜ ਮੁਤਾਬਿਕ ਇਸ ਦੀ ਰੋਕਥਾਮ ਕਰੋ। ਇਸ ਮਹੀਨੇ ਨਰਮੇ ਦੀ ਫਸਲ 'ਤੇ ਵੀ ਚਿੱਟੀ ਮੱਖੀ ਦਾ ਲਗਾਤਾਰ ਸਰਵੇਖਣ ਕਰਦੇ ਰਹੋ। ਜਿੱਥੇ ਕਿਤੇ ਇਟਸਿੱਟ ਨਦੀਨ ਪਹਿਲੀ ਸਿੰਚਾਈ ਜਾਂ ਬਰਸਾਤ ਮਗਰੋਂ ਉੱਗਦੇ ਹਨ ਤਾਂ ਸਟੌਂਪ 30 ਤਾਕਤ ਇੱਕ ਲੀਟਰ ਪ੍ਰਤੀ ਏਕੜ ਦੇ ਹਿਸਾਬ ਛਿੜਕੋ। ਛਿੜਕਾਅ ਇੱਕਸਾਰ ਹੋਣਾ ਚਾਹੀਦਾ ਹੈ ਅਤੇ ਦਵਾਈ 200 ਲਿਟਰ ਪਾਣੀ ਵਿੱਚ ਘੋਲਣੀ ਚਾਹੀਦੀ ਹੈ। ਸਟੌਂਪ ਨਦੀਨ ਨਾਸ਼ਕ ਉੱਗੇ ਹੋਏ ਨਦੀਨਾਂ ਨੂੰ ਨਹੀਂ ਮਾਰਦੀ ਇਸ ਲਈ ਉੱਗੇ ਹੋਏ ਇਟਸਿੱਟ ਦੇ ਬੂਟੇ ਨਦੀਨ ਨਾਸ਼ਕ ਦਾ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿੱਚੋਂ ਕੱਢ ਦਿਉ। ਨਰਮਾ/ਕਪਾਹ ਬੀਜਣ ਤੋਂ 45 ਦਿਨ ਬਾਅਦ ਨਦੀਨਾਂ ਦੇ ਨਾਸ਼ ਲਈ ਇੱਕ ਗੋਡੀ ਜ਼ਰੂਰ ਕਰੋ।