Expert Advisory Details

idea99jhona.jpeg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-07-04 11:13:52

ਇਹ ਵੇਖਣ ਵਿੱਚ ਆਇਆ ਹੈ ਕਿ ਕੁੱਝ ਕਿਸਾਨ ਵੀਰ ਝੋਨਾ ਲਾਉਣ ਤੋਂ ਪਹਿਲਾਂ ਖਾਲੀ ਖੇਤਾਂ ਵਿੱਚ ਇਕ ਤੋਂ ਦੋ ਬੋਰੇ ਭਾਵ 45-90 ਕਿੱਲੋ ਯੂਰੀਆ ਪ੍ਰਤੀ ਏਕੜ ਪਾ ਰਹੇ ਹਨ। ਜੋ ਕਿ ਬਿਲਕੁਲ ਗਲਤ ਹੈ ਕਿੳਂਕਿ ਖਾਲੀ ਖੇਤਾਂ ਵਿਚ ਪਾਈ ਯੂਰੀਆ ਦਾ ਕੁੱਝ ਹਿੱਸਾ ਹਵਾ ਵਿੱਚ ਗੈਸ ਬਣ ਕੇ ਉੱਡ ਜਾਂਦਾ ਹੈ ਅਤੇ ਕੁੱਝ ਹਿੱਸਾ ਨਾਈਟ੍ਰੇਟ ਦੇ ਰੂਪ ਵਿੱਚ ਪਾਣੀ ਲਾਉਣ ਤੇ ਕਾਫੀ ਡੂੰਘਾ ਚਲਿਆ ਜਾਂਦਾ ਹੈ ਜਿਸ ਨੂੰ ਬੂਟੇ ਦੀਆਂ ਜੜ੍ਹਾਂ ਨਹੀਂ ਲੈ ਸਕਦੀਆਂ ਜਦਕਿ ਸਮਾਂ ਪਾਕੇ ਉਹ ਧਰਤੀ ਹੇਠਲੇ ਪਾਣੀ ਵਿੱਚ ਰਲ ਕੇ ਪਾਣੀ ਨੂੰ ਦੂਸ਼ਿਤ ਕਰਦੇ ਹਨ।

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਭੂਮੀ ਵਿਗਿਆਨ ਵਿਭਾਗ ਦੇ ਮੁੱਖੀ ਡਾ. ਓ ਪੀ ਚੌਧਰੀ ਨੇ ਦੱਸਿਆ ਕਿ ਝੋਨੇ ਦੀਆਂ ਜੜ੍ਹਾਂ ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਤੋਂ ਤਕਰੀਬਨ 7-10 ਦਿਨ ਬਾਅਦ ਨਾਈਟ੍ਰੋਜਨ ਲੈਣ ਦੇ ਯੋਗ ਹੁੰਦੀਆਂ ਹਨ। ਇਸ ਲਈ ਝੋਨੇ ਵਿੱਚ ਨਾਈਟ੍ਰੋਜਨ ਦੀ ਪਹਿਲੀ ਕਿਸ਼ਤ ਦੀ ਸਿਫਾਰਿਸ਼ ਵੀ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾਂ ਪਨੀਰੀ ਲਗਾਉਣ ਤੋਂ 2 ਹਫਤੇ ਦੇ ਅੰਦਰ ਪਾਉਣ ਦੀ ਸਿਫ਼ਾਰਸ਼ ਹੈ । ਖਾਲੀ ਖੇਤ ਵਿੱਚ ਝੋਨਾ ਲਾਉਣ ਤੋਂ ਪਹਿਲਾਂ ਵਾਧੂ ਪਾਈ ਗਈ ਯੂਰੀਆ ਦਾ ਬਹੁਤਾ ਹਿੱਸਾ ਵਾਤਾਵਰਣ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਦਾ ਕਾਰਨ ਬਣਦਾ ਹੈ। ਉਹਨਾਂ ਕਿਸਾਨ ਵੀਰਾਂ ਨੂੰ ਖਾਲੀ ਖੇਤਾਂ ਵਿੱਚ ਯੂਰੀਆ ਪਾ ਕੇ ਆਪਣੇ ਖੇਤੀ ਖਰਚੇ ਵਧਾਉਣ ਤੋਂ ਸੁਚੇਤ ਕੀਤਾ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਝੋਨੇ ਨੂੰ ਸਿਫਾਰਿਸ਼ ਕੀਤੀ 90 ਕਿੱਲੋ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਕਿਸ਼ਤਾਂ ਵਿੱਚ (ਪਹਿਲੀ ਕਿਸ਼ਤ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾਂ ਪਨੀਰੀ ਲਗਾਉਣ ਤੋਂ 2 ਹਫ਼ਤੇ ਤੱਕ, ਦੂਜੀ ਅਤੇ ਤੀਜੀ ਕਿਸ਼ਤ ਪਨੀਰੀ ਲਾਉਣ ਤੋਂ 3 ਅਤੇ 6 ਹਫ਼ਤੇ ਬਾਅਦ) ਛੱਟੇ ਨਾਲ ਪਾਈ ਜਾਵੇ । ਘੱਟ ਸਮਾਂ ਲੈਣ ਵਾਲੀਆਂ ਕਿਸਮਾਂ (ਪੀ. ਆਰ.124 ਅਤੇ ਪੀ.ਆਰ. 126) ਨੂੰ ਤੀਜੀ ਕਿਸ਼ਤ ਪਨੀਰੀ ਲਾਉਣ ਤੋਂ 5 ਹਫ਼ਤੇ ਬਾਅਦ ਹੀ ਪਾਉਣੀ ਚਾਹੀਦੀ ਹੈ ।