Expert Advisory Details

idea99sugarcane.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2022-03-21 09:51:03

ਰੱਤਾ ਰੋਗ- ਇਹ ਰੋਗ ਇੱਕ ਉੱਲੀ ਕਰਕੇ ਹੁੰਦਾ ਹੈ। ਇਹ ਬਿਮਾਰੀ ਮੁੱਖ ਤੌਰ 'ਤੇ ਰੋਗੀ ਬਰੋਟਿਆਂ ਨਾਲ ਹੁੰਦੀ ਹੈ। ਇਹ ਬਿਮਾਰੀ ਜੁਲਾਈ ਤੋਂ ਫ਼ਸਲ ਦੀ ਕਟਾਈ ਤੱਕ ਮਾਰ ਕਰਦੀ ਹੈ। ਇਹ ਬਿਮਾਰੀ ਮੁੱਖ ਤੌਰ 'ਤੇ ਗੰਨੇ ਦੇ ਗੁੱਦੇ ਦੀ ਹੈ ਹਾਲਾਂਕਿ ਇਹ ਪੱਤਿਆਂ 'ਤੇ ਵੀ ਅਸਰ ਕਰਦੀ ਹੈ। ਸ਼ੁਰੂਆਤੀ ਨਿਸ਼ਾਨੀਆਂ ਵਿੱਚ ਸਿਰੇ ਵਾਲੇ ਪੱਤਿਆਂ ਦਾ ਰੰਗ ਬਦਲ ਕੇ ਪੀਲਾ ਪੈ ਜਾਂਦਾ ਹੈ ਅਤੇ ਫਿਰ ਸਾਰੇ ਪੱਤੇ ਮੁਰਝਾਅ ਜਾਂਦੇ ਹਨ। ਚੀਰੇ ਹੋਏ ਗੰਨਿਆਂ ਦਾ ਅੰਦਰੋਂ ਗੁੱਦਾ ਲਾਲ ਹੋ ਜਾਂਦਾ ਹੈ ਅਤੇ ਚੌੜੇ ਪਾਸੇ ਵੱਲ ਲੰਬੂਤਰੇ ਚਿੱਟੇ ਧੱਬੇ ਇਸਨੂੰ ਕੱਟਦੇ ਨਜ਼ਰ ਆਉਂਦੇ ਹਨ। ਇਨ੍ਹਾਂ ਚੀਰੇ ਹੋਏ ਗੰਨਿਆਂ ਵਿੱਚੋਂ ਸ਼ਰਾਬ ਵਰਗੀ ਬੂ ਆਉਂਦੀ ਹੈ।

ਰੋਕਥਾਮ- ਬਿਜਾਈ ਲਈ ਬੀਜ ਕੇਵਲ ਰੋਗ-ਰਹਿਤ ਫ਼ਸਲ ਵਿੱਚੋਂ ਲਵੋ।

  • ਰੋਗ ਦਾ ਟਾਕਰਾ ਕਰਨ ਯੋਗ ਕਿਸਮਾਂ ਜਿਵੇਂ ਕਿ ਸੀ.ਓ.ਪੀ.ਬੀ. 95, ਸੀ.ਓ.ਪੀ.ਬੀ. 96, ਸੀ.ਓ. 15023, ਸੀ.ਓ.ਪੀ.ਬੀ. 92, ਸੀ.ਓ. 118, ਸੀ.ਓ.ਪੀ.ਬੀ. 98, ਸੀ.ਓ.ਪੀ.ਬੀ. 93, ਸੀ.ਓ.ਪੀ.ਬੀ. 94, ਸੀ. ਓ.ਪੀ.ਬੀ. 91, ਅਤੇ ਸੀ.ਓ.ਜੇ 88 ਹੀ ਬੀਜੋ।
  • ਰੱਤਾ ਰੋਗ ਸੰਵੇਦਨਸ਼ੀਲ਼ ਕਿਸਮਾਂ ਜਿਵੇਂ ਕਿ ਸੀ.ਓ.ਜੇ 85, ਸੀ.ਓ. 238 ਅਤੇ ਗੈਰ-ਸਿਫਾਰਿਸ਼ ਕਿਸਮ ਸੀ.ਓ. 89003 ਦੀ ਬਿਜਾਈ ਨਾ ਕਰੋ।
  • ਬਿਮਾਰੀ ਵਾਲੇ ਖੇਤਾਂ ਵਿੱਚ ਇੱਕ ਸਾਲ ਫ਼ਸਲੀ ਚੱਕਰ ਅਪਣਾਓ।
  • ਰੋਗੀ ਫ਼ਸਲ ਅਗੇਤੀ ਪੀੜ ਲਓ। ਖੇਤ ਛੇਤੀ ਤੋਂ ਛੇਤੀ ਵਾਹ ਕੇ ਮੁੱਢ ਸਾੜ ਦਿਓ।
  • ਰੋਗੀ ਗੰਨਿਆਂ ਵਾਲਾ ਸਾਰਾ ਬੂਝਾ ਮੂੱਢੋਂ ਪੁੱਟ ਕੇ ਦੱਬ ਜਾਂ ਸਾੜ ਦਿਓ।
  • ਰੋਗ ਵਾਲੀ ਫ਼ਸਲ ਦਾ ਮੋਢਾ ਨਾ ਰੱਖੋ।

ਮੁਰਝਾਉਣਾ- ਇਹ ਬਿਮਾਰੀ ਜੁਲਾਈ ਤੋਂ ਫ਼ਸਲ ਪੱਕਣ ਤੱਕ ਰਹਿੰਦੀ ਹੈ। ਬਿਮਾਰੀ ਵਾਲੇ ਗੰਨੇ ਦੇ ਪੱਤੇ ਪਹਿਲਾਂ ਪੀਲੇ ਪੈ ਜਾਂਦੇ ਹਨ ਅਤੇ ਬਾਅਦ ਵਿੱਚ ਉੱਤੋਂ ਸੁੱਕ ਜਾਂਦੇ ਹਨ। ਗੰਨੇ ਦੇ ਗੁੱਦੇ ਦਾ ਰੰਗ ਅੰਦਰੋਂ ਭੱਦਾ ਲਾਲ ਹੋ ਜਾਂਦਾ ਹੈ। ਇਸ ਵਿੱਚ ਗੁੱਦੇ ਦਾ ਰੰਗ ਗੰਢ ਦੇ ਨੇੜਿਓਂ ਜਿਆਦਾ ਗੂੜ੍ਹਾ ਹੁੰਦਾ ਹੈ ਅਤੇ ਵਿਚਕਾਰੋਂ ਘੱਟ। ਬਿਮਾਰੀ ਵਾਲਾ ਗੰਨਾ ਵਿਚਕਾਰੋਂ ਖਾਲੀ ਪੈ ਜਾਂਦਾ ਹੈ ਅਤੇ ਹੌਲਾ ਹੋ ਜਾਂਦਾ ਹੈ।

ਰੋਕਥਾਮ- ਇਸਦੀ ਰੋਕਥਾਮ ਲਈ ਰੱਤਾ ਰੋਗ ਵਾਲੇ ਉਪਾਅ ਹੀ ਕਰੋ।

  • ਇਸ ਬਿਮਾਰੀ ਨੂੰ ਫੈਲਾਉਣ ਵਾਲੀ ਉੱਲੀ ਬਹੁਤ ਦੇਰ ਤੱਕ ਖੇਤ ਵਿਚ ਉੱਵੇਂ ਹੀ ਪਈ ਰਹਿੰਦੀ ਹੈ।
  • ਇਸ ਕਰਕੇ ਅਜਿਹੇ ਖੇਤਾਂ ਵਿੱਚ ਤਿੰਨ ਸਾਲਾਂ ਲਈ ਗੰਨਾ ਨਹੀਂ ਬੀਜਣਾ ਚਾਹੀਦਾ।

ਕਾਂਗਿਆਰੀ- ਇਹ ਬਿਮਾਰੀ ਸਾਰਾ ਸਾਲ ਹੀ ਰਹਿੰਦੀ ਹੈ ਪਰ ਇਸ ਦਾ ਹਮਲਾ ਮਈ ਤੋਂ ਜੁਲਾਈ ਅਤੇ ਫਿਰ ਅਕਤੂਬਰ-ਨਵੰਬਰ ਦੇ ਦਰਮਿਆਨ ਵਧੇਰੇ ਹੁੰਦਾ ਹੈ। ਮੋਢੇ ਦੀ ਫ਼ਸਲ ਵਿਚ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ। ਬਿਮਾਰੀ ਵਾਲੇ ਗੰਨਿਆਂ ਦੀ ਮੁੱਖ ਸ਼ਾਖ ਛਾਗੇਂ ਵਰਗੀ ਬਣ ਜਾਂਦੀ ਹੈ, ਜਿਸ ਉੱਪਰ ਕਾਲਾ ਧੂੜੇਦਾਰ ਮਾਦਾ ਲੱਗਾ ਹੁੰਦਾ ਹੈ। ਅਜਿਹੀਆਂ ਛਾਂਟੇ ਵਰਗੀਆਂ ਸ਼ਾਖਾਂ ਗੰਨੇ ਦੇ ਆਗ ਵਿੱਚੋਂ ਜਾਂ ਬਾਅਦ ਵਿਚ ਫੁਟਣ ਵਾਲੀਆਂ ਸ਼ਾਖਾਂ ਉੱਪਰ ਹੋ ਸਕਦੀਆਂ ਹਨ।

ਰੋਕਥਾਮ- ਨਰੋਆ ਬੀਜ ਵਰਤੋ। ਬਿਮਾਰੀ ਲੱਗੇ ਗੰਨਿਆਂ ਦੇ ਨੇੜੇ ਦੇ ਗੰਨੇ ਵੀ ਬੀਜ ਲਈ ਨਾ ਵਰਤੋ।

  • ਕਾਂਗਿਆਰੀ ਵਾਲੀਆਂ ਸ਼ਾਖਾਂ ਹੌਲੇ ਜਿਹੇ ਖਿੱਚ ਕੇ ਮੋਟੇ ਕੱਪੜੇ ਦੇ ਝੋਲੇ ਵਿੱਚ ਪਾ ਕੇ ਕੱਟ ਲਓ। ਫਿਰ ਸਾਰਾ ਬੂਟਾ ਮੁੱਢੋਂ ਪੁੱਟ ਕੇ ਸਾੜ ਦਿਓ ਜਾਂ ਮਿੱਟੀ ਵਿੱਚ ਡੂੰਘਾ ਦਬਾ ਦਿਓ।