Expert Advisory Details

idea99wheat_pau_16th_feb.jpg
Posted by Punjab Agricultural University, Ludhiana
Punjab
2021-02-16 12:24:50

ਚੂਹਿਆਂ ਦੀ ਰੋਕਥਾਮ ਵਾਸਤੇ ਜ਼ਹਿਰੀਲਾ ਚੋਗ ਬਣਾਉਣ ਲਈ ਦੋ ਰਸਾਇਣਾਂ (ਜ਼ਿੰਕ ਫਾਸਫਾਈਡ ਅਤੇ ਬਰੋਮੋਡਾਇਲੋਨ) ਦੀ ਸਿਫਾਰਸ਼ ਕੀਤੀ ਜਾਂਦੀ ਹੈ। ਫ਼ਸਲਾਂ ਦੇ ਵਿੱਚ ਜ਼ਹਿਰੀਲਾ ਚੋਗ ਉਦੋਂ ਹੀ ਵਰਤਣਾ ਚਾਹੀਦਾ ਹੈ ਜਦੋਂ ਖੇਤ ਵਿੱਚ ਖੁੱਡਾਂ ਦੀ ਗਿਣਤੀ 10  ਪ੍ਰਤੀ ਏਕੜ ਤੋਂ ਵੱਧ ਹੋਵੇ।

ਜ਼ਹਿਰੀਲਾ ਚੋਗ ਤਿਆਰ ਕਰਨਾ- ਜ਼ਹਿਰੀਲਾ ਚੋਗ ਤਿਆਰ ਕਰਨ ਲਈ ਸਾਨੂੰ ਬਾਜਰਾ, ਕਣਕ, ਮੱਕੀ ਦਾ ਦਰੜ ਜਾਂ ਉਨ੍ਹਾਂ ਦੇ ਮਿਸ਼ਰਣ ਦੇ 1 ਕਿਲੋ ਟੁੱਟੇ ਦਾਣੇ ਦੀ ਜ਼ਰੁਰਤ ਹੈ। ਇਸ ਵਿਚ 20 ਗ੍ਰਾਮ ਕੋਈ ਵੀ ਖਾਣ ਵਾਲਾ ਸਬਜ਼ੀਆਂ ਦਾ ਤੇਲ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਬਾਅਦ ਵਿਚ 20 ਗ੍ਰਾਮ ਬੂਰਾ ਖੰਡ ਅਤੇ 25 ਗ੍ਰਾਮ ਜ਼ਿੰਕ ਫਾਸਫਾਈਡ ਜਾਂ 20 ਗ੍ਰਾਮ ਬਰੋਮੋਡਾਇਲੋਨ ਦਾ ਪਾਊਡਰ ਚੰਗੀ ਤਰ੍ਹਾਂ ਮਿਲਾਓ। ਹੁਣ, ਜ਼ਹਿਰੀਲਾ ਚੋਗ ਵਰਤਣ ਲਈ ਤਿਆਰ ਹੈ। ਜਦੋਂ ਵੀ ਜ਼ਰੂਰੀ ਹੋਵੇ ਜ਼ਹਿਰੀਲਾ ਚੋਗ ਹਮੇਸ਼ਾ ਤਾਜ਼ਾ ਤਿਆਰ ਕਰੋ ਅਤੇ ਇਸ ਵਿੱਚ ਕਦੇ ਵੀ ਪਾਣੀ ਨਾ ਮਿਲਾਓ।

ਜ਼ਹਿਰਲਾ ਚੋਗ ਖੇਤਾਂ ਵਿੱਚ ਰੱਖਣ ਦਾ ਸਮਾਂ ਤੇ ਵਿਧੀ- ਰਵਾਇਤੀ ਤਰੀਕੇ ਨਾਲ ਬੀਜੀ ਕਣਕ ਵਿੱਚ ਜ਼ਿੰਕ ਫਾਸਫਾਈਡ ਜਾਂ ਬਰੋਮੋਡਾਇਲੋਨ ਦਾ ਜ਼ਹਿਰੀਲਾ ਚੋਗ 400 ਗ੍ਰਾਮ ਪ੍ਰਤੀ ਏਕੜ ਅੱਧ ਫਰਵਰੀ ਤੋਂ ਸ਼ੁਰੂ ਮਾਰਚ ਦੌਰਾਨ (ਦੋਧੇ ਦਾਣੇ ਪੈਣ ਤੋਂ ਪਹਿਲਾ) ਫ਼ਸਲ ਵਿੱਚ ਰੱਖੋ। ਜ਼ੀਰੋ ਟਿਲੇਜ਼ ਤਰੀਕੇ ਨਾਲ ਬੀਜੀ ਕਣਕ ਵਿੱਚ ਬਿਜਾਈ ਤੋਂ ਪਹਿਲਾ ਜ਼ਿੰਕ ਫਾਸਫਾਈਡ ਦਾ ਜ਼ਹਿਰੀਲਾ ਚੋਗ ਰੱਖੋ ਅਤੇ ਦੂਜੀ ਵਾਰ ਜ਼ਿੰਕ ਫਾਸਫਾਈਡ ਜਾਂ ਬਰੋਮੋਡਾਇਲੋਨ ਦਾ ਜ਼ਹਿਰੀਲਾ ਚੋਗ 400 ਗ੍ਰਾਮ ਪ੍ਰਤੀ ਏਕੜ ਅੱਧ ਫਰਵਰੀ ਤੋਂ ਸ਼ੁਰੂ ਮਾਰਚ ਦੌਰਾਨ ਫ਼ਸਲ ਵਿੱਚ ਰੱਖੋ। ਹੈਪੀਸੀਡਰ ਨਾਲ ਬੀਜੀ ਕਣਕ ਵਿੱਚ ਚੂਹਿਆਂ ਦੀ ਜਨਸੰਖਿਆ ਜ਼ਿਆਦਾ ਹੁੰਦੀ ਹੈ। ਇਸ ਕਣਕ ਵਿੱਚ ਅੱਧ ਫਰਵਰੀ ਤੋਂ ਸ਼ੁਰੂ ਮਾਰਚ ਦੌਰਾਨ ਫ਼ਸਲ ਵਿੱਚ ਦੂਧੀਆ ਦਾਣੇ ਪੈਣ ਤੋਂ ਪਹਿਲਾਂ ਜ਼ਿੰਕ ਫ਼ਾਸਫਾਈਡ ਜਾਂ ਬਰੋਮੋਡਾਇਲਾਨ ਦਾ ਚੋਗ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਾਗਜ਼ ਦੇ ਟੁਕੜਿਆਂ ਉੱਪਰ 40 ਥਾਵਾਂ ਤੇ ਰੱਖੋ।

ਫ਼ਸਲਾਂ ਵਿੱਚ ਜ਼ਹਿਰੀਲਾ ਚੋਗ ਰੱਖਣ ਦੀ ਵਿਧੀ- ਫ਼ਸਲਾਂ ਵਿੱਚ ਜ਼ਹਿਰੀਲਾ ਚੋਗ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਸਤੇਮਾਲ ਕਰੋ। ਇਸ ਵਾਸਤੇ ਖੇਤ ਵਿੱਚ 40 ਥਾਵਾਂ ਨੂੰ ਚੁਣੋ ਅਤੇ 10 ਗ੍ਰਾਮ ਜ਼ਹਿਰੀਲਾ ਚੋਗ ਪ੍ਰਤੀ ਥਾਂ ਕਾਗਜ਼ ਦੇ ਟੁਕੜੇ ਉੱਪਰ ਰੱਖੋ। ਇਸ ਦਾ ਇਸਤੇਮਾਲ ਫ਼ਸਲ ਵਿੱਚ ਸਹੀ ਸਮੇਂ ਤੇ ਕਰੋ।