Expert Advisory Details

7132201904261012510.jpg
Posted by ਨਿਸ਼ਾਨ ਸਿੰਘ
Punjab
2019-04-26 10:07:35

ਕਣਕ ਦੀ ਕਟਾਈ ਤੋਂ ਬਾਅਦ ਤੂੜੀ ਬਣਾ ਕੇ ਖੇਤ ਨੂੰ ਬਿਨਾ ਵਾਹਿਆਂ ਅਤੇ ਬਿਨਾ ਕਣਕ ਦੀ ਰਹਿੰਦ ਖੂੰਹਦ ਨੂੰ ਸਾੜਿਆਂ ਖੇਤ ਨੂੰ ਹਲਕਾ ਰੌਣੀ ਕਰੋ ਚੌਥੇ ਪੰਜਵੇਂ ਦਿਨ ਵੱਤਰ ਆਉਣ ਤੇ ਜੀਰੋ ਡਰਿਲ ਜਾਂ ਹੈਪੀਸੀਡਰ ਨਾਲ ਮੂੰਗੀ / ਗੁਆਰਾ ਹਰੀ ਖਾਦ ਦੇ ਤੌਰ ਤੇ ਬੀਜੋ ਇਹਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ ਜ਼ਮੀਨ ਦੀ ਸਿਹਤ ਚ ਸੁਧਾਰ ਹੋਵੇਗਾ। ਨਾਲ ਨਾਲ ਅੱਗ ਲਾਉਣ ਨਾਲ ਪਲੀਤ ਹੁੰਦੇ ਵਾਤਾਵਰਨ ਦਾ ਵੀ ਬਚਾਅ ਹੋਵੇਗਾ। ਸੜਕਾਂ ਕੱਸੀਆਂ ਨਹਿਰਾਂ ਵੱਟਾਂ ਪਹਿਆਂ ਦੇ ਬੰਨਿਆਂ ਤੇ ਖੜੇ ਰੁੱਖ ਜੋ ਅੱਗ ਨਾਲ ਸੜ ਜਾਂਦੇ ਨੇ ਉਹਨਾਂ ਦਾ ਵੀ ਬਚਾਅ ਹੋਵੇਗਾ ਮਿੱਤਰ ਕੀਟ ਵੀ ਖੇਤ ਚ ਬੱਚਣਗੇ । ਹਰੀ ਖ਼ਾਦ ਦੇ ਤੌਰ ਤੋਟ ਪਹਿਲਾਂ ਕਿਸਾਨ ਵੀਰ ਜੰਤਰ ਨੂੰ ਤਰਜੀਹ ਦੇਂਦੇ ਸਨ ਪਰ ਏਸ ਸਾਲ ਖੇਤੀ-ਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਜੰਤਰ ਦੀ ਬਿਜਾਈ ਤੇ ਬੈਨ ਲਾ ਦਿੱਤਾ ਹੈ ਕਿਉਂਕਿ ਇੱਕ ਤਾਂ ਜੰਤਰ ਪਾਣੀ ਬਹੁਤ ਮੰਗਦਾ ਦੂਸਰਾ ਜੰਤਰ ਤੇ ਸੁੰਡੀ ਦਾ ਹਮਲਾ ਬਹੁਤ ਹੁੰਦਾ। ਜੋ ਕਿਸਾਨ ਦੀ ਜੇਬ ਤੇ ਬੋਝ ਬਣਦਾ । ਗੁਆਰਾ ਨੂੰ ਪਾਣੀ ਦੀ ਲੋੜ ਘੱਟ ਪੈਂਦੀ ਅਤੇ ਕੀਟਾਂ ਦਾ ਹਮਲਾ ਨਾਂ-ਮਾਤਰ ਹੁੰਦਾ । ਮੂੰਗੀ ਨੂੰ ਅਸੀਂ ਤੀਸਰੀ ਫਸਲ ਦੇ ਤੌਰ ਤੇ ਵੀ ਲੈ ਸਕਦੇ ਹਾਂ 60-65 ਦਿਨ ਵਿੱਚ ਮੂੰਗੀ ਦੀ ਫਸਲ ਪੱਕ ਜਾਂਦੀ ਹੈ । ਬਹੁਤੀਆਂ ਹਲਕੀਆਂ ਜ਼ਮੀਨਾਂ ਜਾਂ ਜਿੱਥੇ ਪਾਣੀ ਦੀ ਘਾਟ ਹੋਵੇ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਮੂੰਗੀ/ਸਣ/ਜੰਤਰ/ਰਵਾਂਹ ਤੋਂ ਬਿਨਾਂ ਗੁਆਰਾ ਇੱਕ ਬਹੁਤ ਵਧੀਆ ਬਦਲਵੀਂ ਫਸਲ ਹੈ। ਹਰੀ ਖਾਦ ਤੋਂ ਬਿਨਾਂ ਗੁਆਰਾ ਸਬਜੀ(ਫਲੀਆਂ), ਪਸ਼ੂਆਂ ਲਈ ਹਰਾ ਚਾਰਾ ਅਤੇ ਪਕਾਏ ਹੋਏ ਗੁਆਰੇ ਦੇ ਬੀਜ ਗੂੰਦ ਕੱਢਣ ਲਈ ਵੀ ਵਰਤੇ ਜਾਂਦੇ ਹਨ ਜਿਸਨੂੰ ਗੁਆਰਗੰਮ ਕਹਿੰਦੇ ਹਨ । ਬਰਾਨੀ ਜਮੀਨ ਜਿੱਥੇ ਬਿਲਕੁਲ ਵੀ ਪਾਣੀ ਨਹੀਂ ਵਿੱਚ ਗੁਆਰੇ ਦੀ ਬਿਜਾਈ ਬਾਰਿਸ਼ ਸ਼ੁਰੂ ਹੋਣ ਤੇ ਕੀਤੀ ਜਾਂਦੀ ਹੈ ਪਰੰਤੂ ਗੁਆਰੇ ਦੀ ਬਿਜਾਈ ਲਈ ਸਹੀਂ ਸਮਾਂ ਜੁਲਾਈ ਦਾ ਦੂਜਾ ਹਫਤਾ ਹੈ। ਜੇਕਰ ਅਸੀਂ ਹਰੀ ਖਾਦ ਲਈ ਬਿਜਾਈ ਕਰਨੀ ਹੈ ਤਾਂ ਕਣਕ ਵੱਢਣਸਾਰ ਕਰ ਦਿਉ ਅਤੇ 60-65 ਦਿਨ ਦੀ ਫਸਲ ਨੂੰ ਜਮੀਨ ਵਿੱਚ ਵਾਹ ਦਿਉ ਤਾਂ ਬਹੁਤ ਵਧੀਆ ਹਰੀ ਖਾਦ ਬਣਦੀ ਹੈ। * ਐਚ ਜੀ 365; ਅਗੇਤਾ ਗੁਆਰਾ ਅਤੇ ਗੁਆਰਾ 80 ਇਸਦੀਆਂ ਵਧੀਆ ਝਾੜ ਦੇਣ ਵਾਲੀਆਂ ਕਿਸਮਾਂ ਹਨ। ਇੱਕ ਏਕੜ ਲਈ 8-10 ਕਿਲੋ ਬੀਜ ਕਾਫੀ ਹੈ। ਬਹੁਤੀ ਖਾਦ ਦੀ ਵੀ ਜਰੂਰਤ ਨਹੀਂ 10-15 ਕਿਲੋ ਯੂਰੀਆ ਖਾਦ ਤੋਂ ਇਲਾਵਾ ਸੁਪਰ ਖਾਦ ਬਿਜਾਈ ਸਮੇਂ ਹੀ ਪਾ ਦਿਉ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਕਰਨ ਤੋਂ 24 ਘੰਟੇ ਦੇ ਅੰਦਰ ਅੰਦਰ ਸਟੌਂਪ 700-1000 ਮਿਲੀਲੀਟਰ ਨਟੀਨਨਾਸ਼ਕ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਕੱਟ ਵਾਲੀ ਨੌਜਲ ਨਾਲ ਸਪਰੇਅ ਕਰੋ। ਕੀੜੇ ਮਕੌੜੇ ਦੀ ਕੋਈ ਬਹੁਤੀ ਸਮੱਸਿਆ ਨਹੀਂ ਹੈ ਜੇਕਰ ਹਰੇ ਤੇਲੇ ਦੀ ਸਮੱਸਿਆ ਹੋਵੇ ਤਾਂ ਖੇਤੀ ਮਾਹਿਰਾਂ ਨਾਲ ਰਾਇ ਕਰਕੇ ਲੋੜ ਅਨੁਸਾਰ ਸਪਰੇਅ ਕਰੋ। ਜੁਲਾਈ ਵਿੱਚ ਬੀਜੀ ਪਕਾਵੀਂ ਫਸਲ ਅਕਤੂਬਰ ਮਹੀਨੇ ਵਿੱਚ ਦਾਣਿਆਂ ਲਈ ਪੱਕ ਕੇ ਤਿਆਰ ਹੋ ਜਾਂਦੀ ਹੈ। ਕਿਸਾਨ ਵੀਰਾਂ ਨੂੰ ਇਹੀ ਸਲਾਹ ਕੇ ਹਰੀ ਖਾਦ ਲਈ ਮੂੰਗੀ/ਜੰਤਰ ਤੋਂ ਬਿਨਾਂ ਇਹ ਬਦਲਵੀਂ ਫਸਲ ਵੀ ਜਰੂਰ ਬੀਜਣ।