Expert Advisory Details

idea99PAU.jpg
Posted by PAU, Communication Department
Punjab
2018-04-05 05:37:28

ਪੱਕੀਆਂ ਕਣਕਾਂ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਰੱਖੋ ਇਹਨਾਂ ਖਾਸ ਗੱਲਾਂ ਦਾ ਧਿਆਨ 

ਕਣਕਾਂ ਪੱਕਣ ਵਾਲੀਆਂ ਹਨ ਅਤੇ ਇਨ੍ਹਾਂ ਦਿਨਾਂ ਵਿੱਚ ਕਿਸਾਨਾਂ ਨੂੰ ਕੁੱਝ ਸਾਵਧਾਨੀਆਂ ਵਰਤਣ ਦੀ ਲੋੜ ਹੈ, ਜਿਵੇਂ ਕਿ ਅਸੀਂ ਹਰ ਵਾਰ ਦੇਖਦੇ ਹਾਂ ਕਿ ਅੱਗ ਲੱਗਣ ਨਾਲ ਹਜ਼ਾਰਾਂ ਏਕੜ ਪੁੱਤਾਂ ਵਾਂਗੂੰ ਪਾਲੀ ਫ਼ਸਲ ਸਵਾਹ ਹੋ ਜਾਂਦੀ ਹੈ , ਅਣਗਹਿਲੀ ਕਰਕੇ ਕਈ ਵਾਰੀ ਕਿਸਾਨ ਆਪ ਆਪਣਾ ਨੁਕਸਾਨ ਕਰ ਬੈਠਦੇ ਹਾਂ ,ਕਿਰਪਾ ਕਰਕੇ ਇਹਨਾਂ

ਕੁਝ ਗੱਲਾਂ ਦਾ ਖਾਸ ਖਿਆਲ ਰੱਖੋ :-

1.ਕਣਕ ਦੇ ਖੇਤਾਂ ਕੋਲ ਅੱਗ ਨਾ ਮਚਾਓ ਅਤੇ ਨਾ ਕਿਸੇ ਨੂੰ ਲਾਓਣ ਦਿਓ ।

2.ਜੇ ਕੋਈ ਨੌਕਰ, ਸੀਰੀ, ਪਾਲੀ ਬੀੜੀ-ਸਿਗਰਟ ਦੀ ਵਰਤੋ ਕਰਦਾ ਹੈ ਤਾਂ ਉਸ ਨੂੰ ਖੇਤ ਵਿਚ ਅਜਿਹਾ ਕਰਨ ਤੋਂ ਰੋਕੋ ।

3.ਟ੍ਰੈਕਟਰ, ਕੰਬਾਇਨ ਆਦਿ ਤੇ ਬੈਟਰੀ ਵਾਲੀਆਂ ਤਾਰਾਂ ਨੂੰ ਸਪਾਰਕ ਨਾ ਕਰਨ ਦਿਓ, ਖੇਤ ਵਿੱਚ ਟ੍ਰੈਕਟਰ ਲਿਜਾਣ ਤੋਂ ਪਹਿਲਾਂ ਕਿਸੇ ਚੰਗੇ ਇਲੈਕਟ੍ਰੀਸ਼ੀਅਨ ਤੋਂ ਤਾਰਾਂ ਆਦਿ ਦੀ ਮੁਰੰਮਤ ਤੇ ਸਰਵਿਸ ਚੰਗੀ ਤਰਾਂ ਕਰਵਾ ਲਵੋ।

4.ਢਾਣੀਆਂ’ਚ ਘਰਾਂ ਵਾਲੀਆਂ ਔਰਤਾਂ ਅਤੇ ਸੁਆਣੀਆਂ ਕੰਮ ਕਰਨ ਤੋਂ ਬਾਅਦ ਚੁੱਲੇ੍ਹ ਵਿੱਚ ਅੱਗ ਨਾ ਛੱਡਣ, ਪਾਣੀ ਦਾ ਛਿੱਟਾ ਮਾਰ ਦੇਣ ਤਾਂ ਜੋ ਤੇਜ਼ ਹਵਾ ਨਾਲ਼ ਅੱਗ ਨਾ ਉੱਡ ਸਕੇ।

5.ਖੇਤ ਨੇੜਲੇ ਖਾਲ ,ਡੱਗੀਆਂ, ਚੁਬੱਚੇ , ਸਪਰੇ ਪੰਪ ਅਤੇ ਟੈਂਕੀਆਂ ਪਾਣੀ ਨਾਲ ਭਰਕੇ ਰੱਖੋ ।

6.ਬਾਂਸ ਜਾਂ ਸੋਟੀ ਨਾਲ ਬਿਜਲੀ ਦੀ ਲਾਈਨ ਨੂੰ ਨਾ ਛੇੜਿਆ ਜਾਵੇ।

7.ਖੇਤਾਂ ਵਿਚ ਟਰਾਂਸਫਾਰਮਾਂ ਆਦਿ ਦੀ ਸਵਿੱਚ ਕੱਟ ਕੇ ਰੱਖੋ ਅਤੇ ਉਸਦੇ ਥੱਲਿਓਂ ਕੁਝ ਮਰਲੇ ਥਾਂ ਤੋਂ ਫਸਲ ਪਹਿਲਾਂ ਹੀ ਕੱਟ ਲਵੋ ਅਤੇ ਆਲੇ-ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਰੱਖੋ ਤਾਂ ਕਿ ਜੇਕਰ ਕੋਈ ਚੰਗਿਆੜੀ ਡਿੱਗ ਵੀ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ।

8.ਦਿਨ ਸਮੇਂ ਖੇਤਾਂ ਵਿੱਚ ਬਿਜਲੀ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ ਅਤੇ ਹੋਰਾਂ ਨੂੰ ਵੀ ਪਰਹੇਜ਼ ਕਰਨ ਲਈ ਆਖੋ., ਬਿਜਲੀ ਦੀ ਵਰਤੋਂ ਕੇਵਲ ਰਾਤ ਸਮੇ ਹੀ ਕਰੋ।

9.ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀਸਿੰਘ ਜਾਂ ਪਾਠੀ ਭਾਈ ਦਾ ਨੰਬਰ ਆਪਣੇ ਫੋਨ 'ਚ ਰੱਖੋ ਤਾ ਜੋ ਅਣਹੋਣੀ ਹੋਣ ਤੋ ਪਹਿਲਾ ਹੀ ਲ਼ੋਕਾ ਨੂੰ ਸਪੀਕਰ 'ਚ ਬੋਲ ਕੇ ਸੂਚਨਾ ਦੇ ਕੇ ਅੱਗ ਨੂੰ ਕਾਬੂ ਕਰ ਲਿਆ ਜਾਵੇ

10.ਲੋੜ ਪੈਣ ਤੇ ਫਾਇਰ- ਬ੍ਰਿਗੇਡ ਦਾ ਨੰਬਰ 101 ਡਾਇਲ ਕਰੋ ।

11.ਪੁਰਾਣੇ ਸੰਦਾਂ ਜਿਵੇਂ ਟ੍ਰੈਕਟਰ ਜਾਂ ਮਸ਼ੀਨ ਜਿਸ ਤੋਂ ਚੰਗਿਆੜੇ ਦਾ ਡਰ ਹੋਵੇ, ਦੀ ਵਰਤੋਂ ਕਰਨ ਤੋਂ ਗੁਰੇਜ਼ ਕਰੋ।