Expert Advisory Details

idea9964886283-fd64-4957-9638-cd7baad02e88.jpg
Posted by Dr. Sukhdeep Hundal
Punjab
2018-03-01 10:31:01

ਮਾਰਚ ਮਹੀਨੇ ਦੇ ਪਹਿਲੇ ਪੰਦਰਵਾੜੇ ਦੇ ਬਾਗਬਾਨੀ ਰੁਝੇਵੇਂ

ਫਲਦਾਰ ਬੂਟੇ 

1. ਫਲਦਾਰ ਬੂਟੇ ਜਿਵੇਂ ਨਿੰਬੂ ਜਾਤੀ ਦੇ ਬੂਟੇ, ਅੰਬ, ਅਮਰੁਦ, ਬੇਰ, ਲੁਕਾਠ ਅਦਿ ਨੂੰ ਲਗਾਇਆ ਜਾ ਸਕਦਾ ਹੈ। ਫਲਦਾਰ ਬੂਟੇ ਹਮੇਸ਼ਾ ਬਾਗਬਾਨੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਰਜਿਸਟਰਡ ਨਰਸੀਆਂ ਤੋਂ ਹੀ ਖਰੀਦ। ਬੂਟੇ ਲਗਾਉਣ ਸਮੇਂ ਉੱਨ੍ਹਾਂ ਵਿਚਕਾਰ ਉਚਿਤ ਫਾਸਲਾ ਰੱਖਣਾ ਵੀ ਬਹੁੱਤ ਜਰੂਰੀ ਹੈ। ਨਵੇਂ ਲਗਾਏ ਬੂਟਿਆਂ ਨੂੰ ਸਿੱਧਾ ਰੱਖਣ ਲਈ ਸੋਟੀ ਦਾ ਸਹਾਰਾ ਦਿਉ ਅਤੇ ਸਿੰਚਾਈ ਦਾ ਖਾਸ ਖਿਆਲ ਰੱਖੋ। ਬੂਟੇ ਦੀ ਪਿਉਂਦ ਤੋਂ ਹੇਠਾ ਵਾਲੇ ਭਾਗ ਤੇ ਨਿਕਲ ਰਹੀਆਂ ਸ਼ਾਖਾਵਾਂ ਨੂੰ ਤੋੜਦੇ ਰਹੋ।

2. ਬੇਰ, ਅਮਰੂਦ, ਲੁਕਾਠ ਦੇ ਬੂਟਿਆਂ ਵਿੱਚ ਫਲ ਦੇ ਆਕਾਰ ਵਾਧੇ ਲਈ ਲੋੜ ਅਨੁਸਾਰ ਪਾਣੀ ਦਿਓ।

3. ਬੇਰ ਦੇ ਫਲਾਂ ਦਾ ਰੰਗ ਬਦਲਣ ਸਮੇਂ ਪਹਿਲੇ ਹਫਤੇ 1 ਮਿ.ਲਿ. ਐਥੀਫੋਨ ਦਵਾਈ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਸਪ੍ਰੇ ਕਰੋ ਤਾਂ ਕਿ ਫਲ ਦੋ ਹਫਤੇ ਪਹਿਲਾਂ ਪੱਕ ਜਾਣ।

4. ਨਿੰਬੂ ਜਾਤੀ ਬੂਟਿਆਂ ਦੇ ਸਿਟਰਸ ਸਿੱਲਾ ਅਤੇ ਚੇਪੇ ਤੋਂ ਬਚਾਅ ਲਈ 2.5 ਮਿ.ਲਿ. ਰੋਗਰ ਜਾਂ 0.4 ਮਿ.ਲਿ. ਕਨਫੀਡੋਰ ਜਾਂ 0.3 ਗ੍ਰਾਂਮ ਐਕਟਾਰਾ ਨੂੰ 1 ਲਿਟਰ ਪਾਣੀ ਦੇ ਹਿਸਾਬ ਨਾਲ ਸਪ੍ਰੇ ਕਰੋ।

5. ਨਾਸ਼ਪਾਤੀ ਵਿੱਚ ਤੇਲੇ ਦੀ ਰੋਕਥਾਮ ਲਈ 0.3 ਗ੍ਰਾਮ ਐਕਟਾਰਾ ਜਾਂ 0.4 ਕਨਫੀਡੋਰ ਨੂੰ 1 ਲਿਟਰ ਪਾਣੀ ਦੇ ਹਿਸਾਬ ਨਾਲ ਸਪ੍ਰੇ ਕਰੋ।

ਸਬਜੀਆਂ

1. ਗਰਮ ਰੁੱਤ ਦੀਆਂ ਸਬਜੀਆਂ ਦੀ ਸਾਨੂੰ ਆਪਣੀ ਪਰਿਵਾਰਕ ਲੋੜਾਂ ਨੂੰ ਪੂਰਾ ਕਰਨ ਲਈ ਬਾਗਵਾਨੀ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਬਜੀ ਬੀਜਾਂ ਦੀ ਕਿੱਟ ਲਿਆਂ ਕੇ ਜਿਸ ਵਿੱਚ ਘੀਆ ਕੱਦੂ, ਚੱਪਣ ਕੱਦੂ, ਹਲਵਾ ਕੱਦੂ, ਘੀਆ ਤੋਰੀ, ਕਰੇਲਾ, ਟੀਂਡਾ, ਭਿੰਡੀ, ਲੋਬੀਆ, ਤਰ, ਖੀਰਾ ਆਦਿ ਦੇ ਬੀਜ ਲਾਉਣੇ ਚਾਹੀਦੇ ਹਨ। ਬਿਜਾਈ ਤੋਂ ਪਹਿਲਾਂ ਕਿਆਰੀ ਵਿੱਚ ਦੇਸੀ ਰੂੜੀ ਖਾਦ ਜਰੂਰ ਪਾ ਲਵੋ।

2. ਭਿੰਡੀ ਦੀ ਕਾਸ਼ਤ ਲਈ ਪੰਜਾਬ ਪਦਮਨੀ, ਪੰਜਾਬ-7, ਪੰਜਾਬ-8, ਵਿੱਚੋ 60 ਗ੍ਰਾਮ ਬੀਜ ਵਰਤੋ। ਚੰਗੇ ਜਮ ਲਈ ਬੀਜ ਰਾਤ ਭਰ ਕੋਸੇ ਪਾਣੀ ਵਿੱਚ ਭਿਉ ਦਿਉ। ਜਮੀਨ ਦੀ ਤਿਆਰੀ ਕਰਦੇ ਸਮੇ 280 ਗ੍ਰਾਮ ਯੂਰੀਆ ਖਾਦ ਪ੍ਰਤੀ ਮਰਲਾ ਪਾ ਕੇ ਪੂਰਬ ਤੋਂ ਪੱਛਮ ਦੀ ਦਿਸ਼ਾ ਵਿੱਚ ਡੇਢ ਫੁੱਟ ਦੀ ਦੂਰੀ ਤੇ ਵੱਟਾਂ ਬਣਾ ਕੇ ਦੱਖਣ ਪਾਸੇ ਵੱਲ 4-5 ਬੀਜ ਪ੍ਰਤੀ ਚੋਕੇ ਦੇ ਹਿਸਾਬ ਅੱਧਾ ਫੁੱਟ ਦੀ ਦੂਰੀ ਤੇ ਬੀਜੋ। 

3. ਲੋਬੀਆ ਦੀ 263 ਕਿਸਮ ਦੀ ਬਿਜਾਈ ਸਮੇਂ 280 ਗ੍ਰਾਮ ਯੂਰੀਆ ਖਾਦ 625 ਗ੍ਰਾਮ ਫਾਸਫੇਟ ਅਤੇ 100 ਗ੍ਰਾਮ ਪੋਟਾਸ਼ ਖਾਦ ਅਤੇ 50-60 ਗ੍ਰਾਮ ਬੀਜ ਪ੍ਰਤੀ ਮਰਲਾ ਪਾਉ। ਵੱਟਾਂ ਵਿੱਚ ਫਾਸਲਾ ਡੇਢ ਫੁੱਟ ਅਤੇ ਬੂਟਿਆਂ ਵਿਚਕਾਰ ਫਾਸਲਾ ਅੱਧਾ ਫੁੱਟ ਰੱਖੋ।

4. ਪਿਆਜ ਵਿੱਚ ਐਗਰੀ ਫਾਊਂਡ ਡਾਰਕ ਰੈਡ ਦੀ ਨਰਸਰੀ ਵਿੱਚ ਬਿਜਾਈ ਲਈ 30 ਗ੍ਰਾਮ ਬੀਜ ਪ੍ਰਤੀ ਮਰਲਾ ਵਰਤੋ। ਪਿਆਜ ਵਿੱਚ ਥਰਿੱਪ ਦੀ ਰੋਕਥਾਮ ਲਈ 4 ਮਿ.ਲਿ. ਮੈਲਾਥਿਆਨ 50 ਤਾਕਤ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪ੍ਰੇ ਕਰੋ।

ਖੁੰਬਾਂ

1. ਖੰਬਾਂ ਦੀ ਫਸਲ ਖਤਮ ਹੋਣ ਤੇ ਸਾਰੇ ਕਮਰਿਆਂ ਨੂੰ ਖਾਲੀ ਕਰ ਕੇ ਆਰਜੀ ਬੈਡ ਵੀ ਖੋਲ ਕੇ ਬਾਹਰ ਕੱਢ ਦਿਓ ਅਤੇ ਕਮਰੇ ਦੀ ਚੰਗੀ ਤਰ੍ਹਾਂ ਸਫਾਈ ਕਰ ਦਿਓ।

2. ਗਰਮੀ ਰੱਤ ਦੀਆਂ ਖੁੰਬਾਂ ਦੀ ਕਾਸ਼ਤ ਕਰਨ ਲਈ ਤਿਆਰੀ ਸ਼ੁਰੂ ਕਰ ਲਵੋ ਤਾਂ ਕਿ ਸਮੇਂ ਸਿਰ ਬਿਜਾਈ ਕੀਤੀ ਜਾ ਸਕੇ।

ਫੁੱਲ

1. ਗਰਮ ਰੁੱਤ ਦੇ ਫੁੱਲ ਜਿਵੇਂ ਕੋਸਮੋਸ, ਗਲਾਰਡੀਆ, ਗੋਮਫਰੀਨਾ, ਕੋਚੀਆ, ਜ਼ੀਨੀਆ, ਪਾਰਚੂਲੈਕਾ ਦੀ ਪਨੀਰੀ ਇਸ ਮਹੀਨੇ ਬੀਜੀ ਜਾ ਸਕਦੀ ਹੈ।

2. ਨਵੇਂ ਸਜਾਵਟੀ ਰੁੱਖ, ਝਾੜੀਆਂ, ਵੇਲਾਂ ਆਦਿ ਦੇ ਬੂਟੇ ਲਗਾਏ ਜਾ ਸਕਦੇ ਹਨ। ਰੁੱਖ ਲਗਾਉਣ ਵਾਸਤੇ ਇੱਕ ਮੀਟਰ ਵਿਆਸ ਦੇ ਅਤੇ ਝਾੜੀਆਂ ਲਈ ਅੱਧਾ ਮੀਟਰ ਵਿਆਸ ਦੇ ਟੋਏ ਪੁੱਟ ਕੇ ਉਸ ਵਿੱਚ ਅੱਧੀ ਮਿੱਟੀ ਦੇ ਬਰਾਬਰ ਦੇਸੀ ਰੂੜੀ ਖਾਦ ਪਾ ਕੇ ਦੁਬਾਰਾ ਭਰ ਕੇ ਭੂਟੇ ਲਗਾ ਦਿਓ।

ਸ਼ਹਿਦ ਮੱਖੀ ਪਾਲਣ 

ਸ਼ਹਿਦ ਮੱਖੀ ਪਾਲਣ ਸ਼ੁਰੂ ਕਰਨ ਲਈ ਵੀ ਇਹ ਢੁੱਕਵਾ ਸਮਾਂ ਹੈ ਸ਼ਹਿਦ ਮੱਖੀਆਂ ਜਿਥੇ ਫਸਲਾਂ ਦਾ ਝਾੜ ਵਧਾਉਣ ਵਿੱਚ ਮਦਦ ਕਰਦੀਆਂ ਹਨ ਉੱਥੇ ਵਾਧੂ ਆਮਦਨ ਦਾ ਸਾਧਨ ਵੀ ਬਣਦੀਆਂ ਹਨ। ਸੋ ਇਸ ਕੰਮ ਦੀ ਸਿਖਲਾਈ ਲੈ ਕੇ ਸਹਾਇਕ ਧੰਦੇ ਦੇ ਤੌਰ ਤੇ ਅਪਣਾਇਆ ਜਾ ਸਕਦਾ ਹੈ।