Expert Advisory Details

idea99PAU.jpg
Posted by Communication Department, PAU
Punjab
2018-01-22 04:05:17

ਸਹੀ ਕਾਸ਼ਤਕਾਰੀ ਢੰਗ ਅਪਣਾ ਕੇ ਗੁੱਲੀ ਡੰਡੇ ਦੀ ਸਮੱਸਿਆ ਨੂੰ ਹੱਲ ਕਰੋ : ਪੀਏਯੂ ਮਾਹਿਰ

ਲੁਧਿਆਣਾ 20 ਜਨਵਰੀ 

ਪੀਏਯੂ ਦੇ ਖੇਤੀ-ਮਾਹਿਰਾਂ ਦੀ ਟੀਮ ਨੇ ਖੇਤੀਬਾੜੀ ਵਿਭਾਗ ਦੇ ਅਫ਼ਸਰਾਂ ਨਾਲ 15 ਜਨਵਰੀ ਨੂੰ ਗੁੱਲੀ ਡੰਡੇ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ । ਇਸ ਇਲਾਕੇ ਵਿੱਚ ਕਣਕ ਦੀ ਫ਼ਸਲ ਵਿੱਚ ਗੁੱਲੀ ਡੰਡੇ ਨਦੀਨ ਦ ਸਮੱਸਿਆ ਬਣੀ ਹੋਈ ਹੈ । ਸਰਵੇਖਣ ਵਿੱਚ ਮਾਹਿਰਾਂ ਨੇ ਪਾਇਆ ਕਿ ਕਿਸਾਨ ਨਦੀਨ ਨਾਸ਼ਕਾਂ ਦੀ ਮਿਕਦਾਰ ਤੋਂ ਜ਼ਿਆਦਾ ਵਰਤੋਂ (1.5 ਤੋਂ 2 ਗੁਣਾ ਵੱਧ) ਕਰ ਰਹੇ ਸਨ ਅਤੇ ਨਦੀਨ ਨਾਸ਼ਕਾਂ ਨੂੰ ਰਲਾ ਕੇ ਵੀ ਵਰਤ ਰਹੇ ਹਨ । ਨਦੀਨ ਨਾਸ਼ਕ ਦੀ ਸਪਰੇਅ ਜੋ 30-35 ਦਿਨਾਂ ਤੇ ਕਰਨੀ ਬਣਦੀ ਸੀ ਉਹ 45 ਤੋਂ 60 ਦਿਨਾਂ ਤੇ ਕੀਤੀ ਗਈ । ਮਾਹਿਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਨ ਸਪਰੇਅਰ ਦੀ ਵਰਤੋਂ ਨਾਲ ਵੀ ਇਹ ਮੁਸ਼ਕਿਲ ਆਉਂਦੀ ਹੈ ਕਿ ਨਦੀਨ ਨਾਸ਼ਕ ਦਾ ਛਿੜਕਾਅ ਇਕਸਾਰ ਨਹੀਂ ਹੁੰਦਾ । ਉਹਨਾਂ ਕਿਹਾ ਕਿ ਨਦੀਨ ਨਾਸ਼ਕ ਦੀ ਛਿੜਕਾਅ ਵੇਲੇ ਪਾਣੀ ਦੀ ਉਚਿਤ ਮਾਤਰਾ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ । 

ਗੁੱਲੀ ਡੰਡੇ ਦੀ ਜ਼ਿਆਦਾ ਸਮੱਸਿਆ ਉਹਨਾਂ ਖੇਤਾਂ ਵਿੱਚ ਪਾਈ ਗਈ ਜਿੱਥੇ ਕਿਸਾਨ ਲਗਾਤਾਰ ਇੱਕ ਹੀ ਦਵਾਈ ਦੀ ਵਰਤੋਂ ਕਈ ਸਾਲਾਂ ਤੋਂ ਕਰਦੇ ਆ ਰਹੇ ਹਨ । ਉਹਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਦੀਨ ਨਾਸ਼ਕ ਦੀ ਚੋਣ ਕਰਨ ਵੇਲੇ ਪਿਛਲੇ ਸਾਲਾਂ ਵਿੱਚ ਵਰਤੀਆਂ ਗਈਆਂ ਨਦੀਨ ਨਾਸ਼ਕਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਅਤੇ ਜਿਹੜੀ ਦਵਾਈ ਨੇ ਪਿਛਲੇ ਸਾਲਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਹੈ ਉਸ ਨੂੰ ਨਾ ਵਰਤਿਆ ਜਾਵੇ । ਸਹੀ ਸਮੇਂ ਤੇ, ਨਦੀਨ ਨਾਸ਼ਕਾਂ ਅਤੇ ਪਾਣੀ ਦੀ ਸਹੀ ਮਾਤਰਾ ਵਰਤ ਕੇ ਹੱਥ ਵਾਲੇ ਪੰਪ ਨਾਲ ਸਪਰੇਅ ਕਰਨੀ ਚਾਹੀਦੀ ਹੈ । ਜਿੱਥੇ ਗੁੱਲੀ ਡੰਡੇ ਦੀ ਸਮੱਸਿਆ ਜ਼ਿਆਦਾ ਹੈ ਉਹਨਾਂ ਖੇਤਾਂ ਵਿੱਚ ਜਾਂ ਤਾਂ ਇੱਕ ਦੋ ਸਾਲ ਕਣਕ ਦੀ ਥਾਂ ਬਰਸੀਮ ਦੀ ਫ਼ਸਲ ਲਾਈ ਜਾਵੇ ਜਾਂ ਕਣਕ ਦੀ ਅਗੇਤੀ ਬਿਜਾਈ (ਅਕਤੂਬਰ ਦੇ ਅਖੀਰ ਵਿੱਚ) ਕੀਤੀ ਜਾਵੇ ਅਤੇ ਬਿਜਾਈ ਵੇਲੇ ਹੀ ਪੈਂਡੀਮੈਥਾਲੀਅਨ ਨਦੀਨ ਨਾਸ਼ਕ ਦਾ ਛਿੜਕਾਅ ਕਰ ਦਿੱਤਾ ਜਾਵੇ । 

ਹਰ ਤਰ•ਾਂ ਦੇ ਨਦੀਨਾਂ ਵਿੱਚ ਕੁਝ ਬੀਜ ਇਸ ਤਰ•ਾਂ ਦੇ ਹੁੰਦੇ ਹਨ ਜੋ ਕਿਸੇ ਖਾਸ ਦਵਾਈ ਨੂੰ ਸਹਿਣ ਦੀ ਸਮਰੱਥਾ ਰੱਖਦੇ ਹਨ । ਲਗਾਤਾਰ ਇੱਕ ਹੀ ਨਦੀਨ ਨਾਸ਼ਕ ਦੀ ਵਰਤੋਂ ਕਰਨ ਨਾਲ ਨਦੀਨ ਨਾਸ਼ਕ ਨੂੰ ਸਹਿਣ ਵਾਲੇ ਬੂਟਿਆਂ ਦੀ ਗਿਣਤੀ ਵੱਧ ਜਾਂਦੀ ਹੈ । ਜਿਸ ਕਰਕੇ ਉਹ ਨਦੀਨ ਨਾਸ਼ਕ, ਜੋ ਪਹਿਲਾਂ ਬਹੁਤ ਵਧੀਆ ਕੰਮ ਕਰਦਾ ਸੀ ਹਰ ਸਾਲ ਉਸਦਾ ਅਸਰ ਘਟਦਾ ਜਾਂਦਾ ਹੈ । ਇਉਂ ਕਿਸੇ ਖੇਤ ਵਿੱਚ ਖਾਸ ਨਦੀਨ ਨਾਸ਼ਕ ਨੂੰ ਸਹਿਣ ਕਰਨ ਵਾਲੇ ਬੂਟਿਆਂ ਦੀ ਗਿਣਤੀ ਵੱਧਦੀ ਜਾਂਦੀ ਹੈ । 

ਇਹਨਾਂ ਮਾਹਿਰਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਨਦੀਨ ਨਾਸ਼ਕਾਂ ਦੀ ਸਹੀ ਅਤੇ ਸੁਚੱਜੀ ਵਰਤੋਂ ਦੇ ਨਾਲ-ਨਾਲ ਚੰਗੇ ਕਾਸ਼ਤਕਾਰੀ ਢੰਗ ਜਿਵੇਂ ਕਿ ਫ਼ਸਲੀ ਚੱਕਰ ਅਤੇ ਅਗੇਤੀ ਬਿਜਾਈ ਆਦਿ ਨੂੰ ਅਪਨਾਉਣ ਅਤੇ ਸਮੇਂ-ਸਮੇਂ ਬਚੇ ਹੋਏ ਨਦੀਨਾਂ ਦੇ ਬੂਟਿਆਂ ਨੂੰ ਬੀਜ ਬਣਨ ਤੋਂ ਪਹਿਲਾਂ ਹੀ ਰੋਕ ਕੇ ਇਸ ਸਮੱਸਿਆ ਦਾ ਹੱਲ ਕਰਦੇ ਰਹਿਣ|