Expert Advisory Details

idea99PAU.jpg
Posted by ਅਮਨਦੀਪ ਕੌਰ ਤੇ ਰਵਿੰਦਰ ਸਿੰਘ ਚੰਦੀ*
Punjab
2018-07-23 04:19:14

ਵਰਖਾ ਰੁੱਤ ਦੀਆਂ ਸਬਜ਼ੀਆਂ ਦੀ ਸਾਂਭ-ਸੰਭਾਲ

ਪੰਜਾਬ ਵਿੱਚ ਸਾਲ 2017-18 ਦੌਰਾਨ ਤਕਰੀਬਨ 2.58 ਲੱਖ ਹੈਕਟੇਅਰ ਰਕਬੇ ਉੱਪਰ ਸਬਜ਼ੀਆਂ ਪੈਦਾ ਕੀਤੀਆਂ ਗਈਆਂ ਹਨ ਤੇ ਕੁੱਲ ਪੈਦਾਵਾਰ ਲਗਪਗ 51.36 ਲੱਖ ਟਨ ਸੀ ਅਤੇ ਜੇ ਅਸੀਂ ਪ੍ਰਤੀ ਜੀਅ ਪ੍ਰਤੀ ਦਿਨ ਸਬਜ਼ੀਆਂ ਦੀ ਖ਼ਪਤ ਦੇਖੀਏ ਤਾਂ ਇਹ 200 ਗ੍ਰਾਮ ਪ੍ਰਤੀ ਮਨੁੱਖ ਤੋਂ ਵੀ ਘੱਟ ਬਣਦੀ ਹੈ। ਇਸ ਮਨੁੱਖੀ ਮੰਗ ਨੂੰ ਪੂਰਾ ਕਰਨ ਲਈ ਸਬਜ਼ੀਆਂ ਦੀ ਪੈਦਾਵਾਰ ਨੂੰ ਦੁੱਗਣਾ ਕਰਨ ਦੀ ਲੋੜ ਹੈ। ਸਬਜ਼ੀਆਂ ਉਪਰ ਕਈ ਪ੍ਰਕਾਰ ਦੇ ਕੀੜੇ-ਮਕੌੜੇ ਹਮਲਾ ਕਰਦੇ ਹਨ ਅਤੇ ਕਾਫ਼ੀ ਨੁਕਸਾਨ ਕਰਦੇ ਹਨ। ਚੰਗੇ ਝਾੜ ਲਈ ਇਨ੍ਹਾਂ ਦੀ ਪਛਾਣ ਅਤੇ ਰੋਕਥਾਮ ਕਰਨਾ ਅਤਿ ਜ਼ਰੂਰੀ ਹੈ। ਕੀਟਨਾਸ਼ਕਾਂ ਦੀ ਵਰਤੋਂ ਤੋਂ ਇਲਾਵਾ ਹੇਠਾਂ ਹੋਰ ਵੀ ਰੋਕਥਾਮ ਦੇ ਤਰੀਕੇ ਦਿੱਤੇ ਜਾ ਰਹੇ ਹਨ।

ਬੈਂਗਣ: ਫ਼ਲਾਂ ਅਤੇ ਲਗਰਾਂ ਵਿੱਚ ਮੋਰੀ ਕਰਨ ਵਾਲੀ ਸੁੰਡੀ: ਇਸ ਦਾ ਪਤੰਗਾ ਚਿੱਟੇ ਰੰਗ ਦਾ ਹੁੰਦਾ ਹੈ, ਜਿਸ ਦੇ ਸਰੀਰ ਉੱਪਰ ਭੂਰੇ ਤੇ ਕਾਲੇ ਰੰਗ ਦੇ ਧੱਬੇ ਹੁੰਦੇ ਹਨ। ਖੰਭਾਂ ਦੇ ਕਿਨਾਰੇ ਵਾਲਾਂ ਦੀ ਝਾਲਰ ਬਣੀ ਹੁੰਦੀ ਹੈ ਅਤੇ ਅਗਲੇ ਖੰਭਾਂ ਤੇ ਕਾਲੇ-ਚਿੱਟੇ ਅਤੇ ਭੂਰੇ ਰੰਗ ਦੇ ਧੱਬੇ ਹੁੰਦੇ ਹਨ। ਇਹ ਪਤੰਗਾ ਸਲੇਟੀ ਰੰਗ ਦੇ 80-120 ਅੰਡੇ ਦਿੰਦਾ ਹੈ ਜਿਹੜੇ ਕਿ ਇਕੱਲੇ-ਇਕੱਲੇ ਜਾਂ ਝੂੰਡਾਂ ਵਿੱਚ ਪੱਤਿਆਂ ਦੇ ਹੇਠਾਂ, ਹਰੇ ਤਣੇ, ਫੁੱਲ ਡੋਡੀਆਂ ਜਾਂ ਫਲ ਉੱਪਰ ਹੁੰਦੇ ਹੈ। ਅੰਡੇ ਵਿੱਚੋਂ 3-6 ਦਿਨਾਂ ਬਾਅਦ ਸੁੰਡੀ ਨਿਕਲਦੀ ਹੈ ਜਿਹੜੀ ਕਿ ਨਰਮ ਕਰੂੰਬਲਾਂ ਵਿੱਚ ਵੜ ਕੇ ਫੁੱਲ ਅਤੇ ਫਲ ਨੂੰ ਖ਼ਰਾਬ ਕਰ ਦਿੰਦੀਆਂ ਹੈ। ਇਸ ਦਾ ਕੋਆ ਜ਼ਮੀਨ ਤੇ ਡਿੱਗੇ ਪੱਤਿਆਂ ਤੇ ਮਿਲਦਾ ਹੈ।

ਨੁਕਸਾਨ: ਜਿਨ੍ਹਾਂ ਲਗਰਾਂ ਵਿੱਚ ਸੁੰਡੀ ਦਾ ਹਮਲਾ ਹੋਇਆ ਹੋਵੇ, ਉਹ ਮੁਰਝਾ ਕੇ ਡਿੱਗ ਪੈਂਦੀਆਂ ਹਨ ਜਾਂ ਝੁੱਕ ਜਾਂਦੀਆਂ ਹਨ, ਸੁੱਕ ਜਾਂਦੀਆਂ ਹਨ ਅਤੇ ਫਲ ਕਾਣੇ ਹੋ ਜਾਂਦੇ ਹਨ।

ਰੋਕਥਾਮ:

* ਬੈਂਗਣਾਂ ਦੀ ਮੋਢੀ ਫ਼ਸਲ ਨਾ ਰੱਖੋ।

* ਪੰਜਾਬ-ਬਰਸਾਤੀ, ਪੰਜਾਬ ਸਦਾਬਹਾਰ ਅਤੇ ਬੀ ਐਚ 2 ਕਿਸਮਾਂ ਇਸ ਦੇ ਹਮਲੇ ਨੂੰ ਕੁਝ ਹੱਦ ਤੱਕ ਸਹਾਰ ਸਕਦੀਆਂ ਹਨ।

* ਛਿੜਕਾਅ ਕਰਨ ਤੋਂ ਪਹਿਲਾਂ ਪੱਕੇ ਫ਼ਲ ਤੋੜ ਲਵੋ ਅਤੇ ਕਾਣੇ ਫ਼ਲ ਤੋੜ ਕੇ ਜ਼ਮੀਨ ਵਿੱਚ ਦਬਾ ਦਿਉ ।

* ਜਿਉਂ ਹੀ ਇਸ ਕੀੜੇ ਦਾ ਹਮਲਾ ਹੋਵੇ, ਤਾਂ 80 ਮਿਲੀਲਿਟਰ ਕੋਰਾਜ਼ਨ 18.5 ਐਸ ਸੀ (ਕਲੋਰਐਂਟਰਾਨੀਲੀਪਰੋਲ) ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਜੀ (ਐਮਾਮੈਕਟਿਨ ਬੈਂਜੋਏਟ) ਜਾਂ 100 ਮਿਲੀਲਿਟਰ ਸੁਮੀਸੀਡੀਨ 20 ਈ ਸੀ (ਫੈਨਵਲਰੇਟ) ਜਾਂ 200 ਮਿਲੀਲਿਟਰ ਰਿਪਕਾਰਡ 10 ਈ ਸੀ (ਸਾਈਪਰਮੈਥਰਿਨ) ਜਾਂ 160 ਮਿਲੀਲਿਟਰ ਡੈਸਿਸ 2.8 ਈ ਸੀ (ਡੈਲਟਾਮੈਥਰਿਨ) ਜਾਂ  800 ਮਿਲੀਲਿਟਰ ਏਕਾਲਕਸ 25 ਈ ਸੀ (ਕੁਇਨਲਫਾਸ) 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ 3-4 ਵਾਰੀ 14 ਦਿਨਾਂ ਦੇ ਵਕਫੇ ਨਾਲ ਛਿੜਕੋ।

* ਪ੍ਰੋਕਲੇਮ ਦੇ ਛਿੜਕਾਅ ਤੋਂ ਬਾਅਦ 3 ਦਿਨ, ਏਕਾਲਕਸ ਦੇ ਛਿੜਕਾਅ ਤੋਂ 4 ਦਿਨ ਅਤੇ ਕੋਰਾਜ਼ਨ ਦੇ ਛਿੜਕਾਅ ਤੋਂ ਬਾਅਦ 7 ਦਿਨ ਤੱਕ ਫ਼ਲ ਨਾ ਤੋੜੋ।

ਹੱਡਾ ਭੂੰਡੀ: ਭੁੰਡੀ ਅਤੇ ਬੱਚਾ ਦੋਵੇਂ ਹੀ ਬੈਂਗਣਾਂ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ। ਇਹ ਭੁੰਡੀ ਗੂੜੇ ਤਾਂਬੇ ਰੰਗ ਦੀ ਹੁੰਦੀ ਹੈ ਅਤੇ ਉਸ ਦੇ ਖੰਭਾਂ ਉੱਪਰ 28 ਕਾਲੇ ਧੱਬੇ ਹੁੰਦੇ ਹਨ। ਇਸ ਦਾ ਬਾਲਗ ਪੀਲੇ ਰੰਗ ਦਾ ਹੁੰਦਾ ਹੈ। ਆਪਣੇ ਪੂਰੇ ਜੀਵਨ ਚੱਕਰ ਵਿੱਚ ਇਹ ਭੁੰਡੀ 400 ਅੰਡੇ ਦਿੰਦੀ ਹੈ ਅਤੇ ਪੱਤਿਆਂ ਨੂੰ ਖੁਰਚ-ਖੁਰਚ ਕੇ ਖਾਂਦੀ ਹੈ।

ਜੈਸਿਡ: ਜੈਸਿਡ ਦੇ ਹਮਲੇ ਕਾਰਨ ਪੱਤੇ ਪਹਿਲਾਂ ਪੀਲੇ ਤੇ ਪਿਛੋਂ ਤਾਂਬੇ ਰੰਗ ਦੇ ਹੋ ਕੇ ਝੜ ਜਾਂਦੇ ਹਨ। ਨਿੱਕੇ ਅਤੇ ਵੱਡੇ ਹਰੇ ਰੰਗ ਦੇ ਕੀੜੇ ਬਹੁਤ ਗਿਣਤੀ ਵਿੱਚ ਪੱਤਿਆਂ ਦੇ ਹੇਠਾਂ ਨਜ਼ਰ ਆਉਂਦੇ ਹਨ।

ਰੋਕਥਾਮ: ਜੈਸਿਡ ਤੇ ਹੱਡਾ ਭੂੰਡੀ ਦਾ ਹਮਲਾ ਹੋਣ ਸਾਰ 250 ਮਿਲੀਲਿਟਰ ਮੈਲਾਥੀਅਨ 50 ਈ ਸੀ ਪ੍ਰਤੀ ਏਕੜ 10 ਦਿਨਾਂ ਦੇ ਵਕਫੇ ਨਾਲ ਪੌਦਿਆਂ ’ਤੇ ਛਿੜਕੋ।

ਮਕੌੜਾ ਜੂੰ: ਮਕੌੜਾ ਜੂੰ ਦਾ ਹਮਲਾ ਗਰਮ ਅਤੇ ਖੁਸ਼ਕ ਮੌਸਮ ਵਿੱਚ ਜ਼ਿਆਦਾ ਹੁੰਦਾ ਹੈ। ਸ਼ੁਰੂ ਵਿੱਚ ਪੱਤਿਆਂ ’ਤੇ ਚਿੱਟੇ ਬਰੀਕ ਧੱਬੇ ਜਿਹੇ ਪੈ ਜਾਂਦੇ ਹਨ, ਮਗਰੋਂ ਪੱਤਿਆਂ ਤੇ ਜਾਲੇ ਬਣ ਜਾਂਦੇ ਹਨ ਜਿਨ੍ਹਾਂ ’ਤੇ ਧੂੜ ਜੰਮ ਜਾਂਦੀ ਹੈ ਅਤੇ ਪੱਤੇ ਝੜ ਜਾਂਦੇ ਹਨ।

ਰੋਕਥਾਮ:

* ਬੈਂਗਣ ਦੀ ਮੋਢੀ ਫ਼ਸਲ ਨਾ ਰੱਖੋ।

* ਅਪਰੈਲ ਤੋਂ ਜੂਨ ਦੌਰਾਨ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਸਿੰਜਾਈ ਕਰਦੇ ਰਹੋ।

* ਸਿੰਥੈਟਿਕ ਜ਼ਹਿਰਾਂ ਦੀ ਵਰਤੋਂ ਜ਼ਰੂਰਤ ਨਾਲੋਂ ਜ਼ਿਆਦਾ ਨਾ ਕਰੋ।

* ਇਸ ਦੀ ਰੋਕਥਾਮ ਲਈ 300 ਮਿਲੀਲਿਟਰ ਉਮਾਈਟ 57 ਈ ਸੀ ਜਾਂ 450 ਮਿਲੀਲਿਟਰ ਫਾਸਮਾਈਟ 50 ਈ ਸੀ ਜਾਂ 250 ਮਿਲੀਲਿਟਰ ਮੈਟਾਸਿਸਟਾਕਸ 25 ਈ ਸੀ ਨੂੰ 100-150 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।

ਤੇਲਾ (ਜੈਸਿਡ): ਇਹ ਇੱਕ ਰਸ ਚੂਸਣ ਵਾਲਾ ਕੀੜਾ ਹੈ। ਇਹ ਕਪਾਹ, ਭਿੰਡੀ, ਆਲੂ, ਬੈਂਗਣ ਅਤੇ ਨਦੀਨਾਂ ਉੱਪਰ ਪਾਇਆ ਜਾਂਦਾ ਹੈ। ਇਸ ਦਾ ਬਾਲਗ ਅਤੇ ਬੱਚਾ ਦੋਵੇਂ ਹੀ ਨੁਕਸਾਨ ਕਰਦੇ ਹਨ। ਇਸ ਦੇ ਬੱਚੇ ਅੰਡੇ ਵਿੱਚੋਂ ਨਿਕਲ ਕੇ ਪੱਤਿਆਂ ਦਾ ਰਸ ਚੂਸਦੇ ਹਨ ਜਿਹੜੇ ਕਿ 7-21 ਦਿਨ ਬਾਅਦ ਬਾਲਗ ਬਣ ਜਾਂਦੇ ਹਨ। ਇਨ੍ਹਾਂ ਦੇ ਖੰਭਾਂ ਵਾਲੇ ਬਾਲਗ ਥੋੜ੍ਹੀ ਜਿਹੀ ਹਿੱਲ ਜੁੱਲ ਨਾਲ ਉੱਡ ਜਾਂਦੇ ਹਨ ਅਤੇ ਰਾਤ ਸਮੇਂ ਰੋਸ਼ਨੀ ਵੱਲ ਆਕਰਸ਼ਿਤ ਹੁੰਦੇ ਹਨ।

ਨੁਕਸਾਨ: ਇਹ ਕੀੜੇ ਭਿੰਡੀ ਦੀ ਫ਼ਸਲ ’ਤੇ ਮਈ ਤੋਂ ਸੰਤਬਰ ਤੱਕ ਹਮਲਾ ਕਰਦੇ ਹਨ। ਇਹ ਪੌਦਿਆਂ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ। ਹਮਲੇ ਵਾਲੇ ਪੱਤਿਆਂ ਦਾ ਰੰਗ ਪਹਿਲਾਂ ਹਲਕਾ ਪੀਲਾ, ਫਿਰ ਲਾਲੀ ਤੇ ਹੋ ਜਾਂਦਾ ਹੈ। ਪ੍ਰਭਾਵਿਤ ਪੱਤੇ ਉੱਪਰ ਵੱਲ ਮੁੜ ਜਾਂਦੇ ਹਨ, ਠੂਠੀ ਪੈ ਜਾਂਦੀ ਹੈ ਅਤੇ ਬਾਅਦ ਵਿੱਚ ਸੁੱਕ ਕੇ ਜ਼ਮੀਨ ਉੱਪਰ ਡਿੱਗ ਜਾਂਦੇ ਹਨ।

ਰੋਕਥਾਮ:

* ਪੰਜਾਬ-8 ਕਿਸਮ ਤੇਲੇ ਦੇ ਹਮਲੇ ਨੂੰ ਕੁਝ ਹੱਦ ਤੱਕ ਸਹਾਰ ਸਕਦੀ ਹੈ।

* ਰਸ ਚੂਸਣ ਵਾਲੇ ਕੀੜਿਆਂ ਤੋਂ ਬਚਾਅ ਲਈ 15 ਦਿਨ ਦੇ ਵਕਫੇ ਨਾਲ ਇੱਕ ਜਾ ਦੋ ਵਾਰ 40 ਮਿਲੀਲਿਟਰ ਕੌਨਫੀਡੋਰ 17.8 ਐਸ ਐਲ (ਇਮੀਡਾਕਲੋਪਰਿਡ) ਜਾਂ 40 ਗ੍ਰਾਮ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) ਜਾਂ 560 ਮਿਲੀਲਿਟਰ ਮੈਲਾਥੀਆਨ 50 ਈ ਸੀ ਨੂੰ 100-125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕੋ।

* ਕੌਨਫੀਡੋਰ ਜਾਂ ਐਕਟਾਰਾ ਦੇ ਛਿੜਕਾਅ ਤੋਂ ਇੱਕ ਦਿਨ ਤੱਕ ਫਲ ਨਾ ਤੋੜੋ।

ਲਾਲ ਮਕੌੜਾ ਜੂੰ: ਇਹ ਪੱਤਿਆਂ ’ਤੇ ਹਮਲਾ ਕਰਦੀ ਹੈ ਅਤੇ ਰਸ ਚੂਸਦੀ ਹੈ। ਪੱਤਿਆਂ ’ਤੇ ਜਾਲੇ ਲੱਗ ਜਾਂਦੇ ਹਨ ਅਤੇ ਪੱਤੇ ਸੁੱਕ ਕੇ ਝੜ ਜਾਂਦੇ ਹਨ।

ਰੋਕਥਾਮ: ਇਸ ਦੀ ਰੋਕਥਾਮ ਲਈ 250 ਮਿਲੀਲਿਟਰ ਮੈਟਾਸਿਸਟਾਕਸ 25 ਈ ਸੀ (ਔਕਸੀਡੈਮੇਟੋਨ ਮੀਥਾਇਲ) ਜਾਂ ਰੋਗਰ 30 ਈ ਸੀ (ਡਾਈਮੈਥੋਏਟ) ਪ੍ਰਤੀ ਏਕੜ ਦੇ ਹਿਸਾਬ ਨਾਲ 100-125 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ।

ਟਮਾਟਰ

ਫਲ ਦਾ ਗੜੂੰਆਂ: ਇਹ ਟਮਾਟਰ ਉੱਪਰ ਪਾਇਆ ਜਾਣ ਵਾਲਾ ਹਾਨੀਕਾਰਕ ਕੀੜਾ ਹੈ, ਜੋ ਟਮਾਟਰ ਤੋਂ ਇਲਾਵਾ  ਦਾਲਾਂ, ਨਰਮਾ, ਬਰਸੀਮ ਆਦਿ ਦਾ ਵੀ ਨੁਕਸਾਨ ਕਰਦਾ ਹੈ। ਪੀਲੇ ਭੂਰੇ ਰੰਗ ਦੇ ਪਤੰਗੇ ਨਵੀਆਂ ਫੁੱਟੀਆਂ ਕਰੂੰਬਲਾਂ ਦੇ ਉੱਪਰਲੇ ਅਤੇ ਹੇਠਲੇ ਹਿੱਸੇ ਤੇ ਅੰਡੇ ਦਿੰਦੇ ਹਨ। ਸੁੰਡੀਆਂ ਦੀਆਂ ਸਾਰੀਆਂ ਅਵਸਥਾਵਾਂ ਹੀ ਨੁਕਸਾਨਦਾਇਕ ਹਨ। ਵੱਡੀਆਂ ਸੁੰਡੀਆਂ ਤਕਰੀਬਨ 3.5 ਸੈਂਟੀਮੀਟਰ ਲੰਮੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਸਰੀਰ ਦੇ ਦੋਵਾਂ ਪਾਸਿਆਂ ਉੱਪਰ ਗੂੜੇ ਸੁਰਮੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਅੰਡਿਆਂ ਵਿੱਚੋਂ ਨਿਕਲੀਆਂ ਸੁੰਡੀਆਂ ਪੱਤਿਆਂ ਨੂੰ ਖਾਂਦੀਆਂ ਹਨ ਅਤੇ ਇਹ ਸੁੰਡੀਆਂ ਵੱਡੀ ਅਵਸਥਾ ਵਿੱਚ ਫਲਾਂ ਵਿੱਚ ਮੋਰੀਆਂ ਕਰਕੇ ਉਨ੍ਹਾਂ ਦਾ ਨੁਕਸਾਨ ਕਰਦੀਆਂ ਹਨ। ਅਜਿਹੇ ਫਲ ਮੰਡੀਕਰਨ ਅਤੇ ਖਾਣ ਦੇ ਯੋਗ ਨਹੀਂ ਰਹਿੰਦੇ। ਇਸ ਨਾਲ ਝਾੜ ਦਾ ਵੀ ਕਾਫੀ ਨੁਕਸਾਨ ਹੋ ਜਾਂਦਾ ਹੈ।

ਰੋਕਥਾਮ: ਹੇਠ ਲਿਖੀਆਂ ਕੀੜੇਮਾਰ ਜ਼ਹਿਰਾਂ ਵਿੱਚੋਂ ਕਿਸੇ ਇੱਕ ਨੂੰ ਫ਼ਸਲ ਤੇ ਫੁੱਲ ਆਉਣ ਸਾਰ ਹੀ ਪ੍ਰਤੀ ਏਕੜ 100 ਲਿਟਰ ਪਾਣੀ ਵਿਚ ਘੋਲ ਕੇ ਤਿੰਨ ਛਿੜਕਾਅ 2 ਹਫ਼ਤਿਆਂ ਦੇ ਫ਼ਰਕ ਨਾਲ ਕਰੋ:

* 60 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨੀਲੀਪਰੋਲ)

* 30 ਮਿਲੀਲਿਟਰ ਫੇਮ 480 ਐਸ ਐਲ (ਫਲੂਬੈਂਡੀਆਮਾਈਡ)

* 200 ਮਿਲੀਲਿਟਰ ਇੰਡੋਕਸਾਕਾਰਬ 14.5 ਐਸ ਸੀ

* 600 ਮਿਲੀਲਿਟਰ ਕਰੀਨਾ 50 ਈ ਸੀ (ਪਰੋਫੀਨੋਫੋਸ)

ਛਿੜਕਾਅ ਕਰਨ ਤੋਂ ਪਹਿਲਾਂ ਤਿਆਰ/ਪੱਕੇ ਫਲ ਤੋੜ ਲਓ। ਕੋਰਾਜ਼ਨ ਦੇ ਛਿੜਕਾਅ ਤੋਂ ਪਿੱਛੋਂ 1 ਦਿਨ ਅਤੇ ਫੇਮ ਦੇ ਛਿੜਕਾਅ ਤੋਂ ਪਿੱਛੋਂ 3 ਦਿਨ ਤੱਕ ਫ਼ਲ ਨਾ ਤੋੜੋ।

ਚਿੱਟੀ ਮੱਖੀ: ਇਹ ਬਹੁਫਸਲੀ ਕੀੜਾ ਹੈ ਜੋ ਕਿ ਫਸਲਾਂ ਤੋਂ ਇਲਾਵਾ ਨਦੀਨਾਂ ਉੱਪਰ ਵੀ ਪਾਇਆ ਜਾਂਦਾ ਹੈ। ਇਸ ਦੇ ਬੱਚੇ ਹਲਕੇ ਪੀਲੇ, ਗੋਲਾਕਾਰ ਅਤੇ ਸੁਸਤ ਹੁੰਦੇ ਹਨ, ਜੋ ਕਿ ਅਕਸਰ ਪੱਤੇ ਦੇ ਹੇਠਲੇ ਪਾਸੇ ਝੁੰਡਾਂ ਵਿੱਚ ਬੈਠੇ ਨਜ਼ਰ ਆਉਂਦੇ ਹਨ। ਇਹ ਪੱਤਿਆਂ ਦਾ ਰਸ ਚੂਸਦੇ ਹੋਏ ਤਿੰਨ ਅਵਸਥਾਵਾਂ ਵਿੱਚੋਂ ਗੁਜ਼ਰਦੇ ਹੋਏ ਕੋਏ ਦੀ ਅਵਸਥਾ ਵਿੱਚ ਪਹੁੰਚਦੇ ਹਨ। ਇਸ ਦੇ ਬਾਲਗ 1-1.5 ਮਿਲੀਮਿਟਰ ਲੰਮੇ, ਪੀਲੇ ਰੰਗ ਦੇ, ਜਿਨ੍ਹਾਂ ਦੇ ਖੰਭ ਚਿੱਟੇ ਮੋਮੀ ਪਦਾਰਥ ਨਾਲ ਢਕੇ ਹੁੰਦੇ ਹਨ। ਪਤੰਗੇ ਵੀ ਪੱਤਿਆਂ ਦਾ ਰਸ ਚੂਸ ਕੇ ਫਸਲ ਦਾ ਨੁਕਸਾਨ ਕਰਦੇ ਹਨ। ਹਮਲੇ ਵਾਲੇ ਬੂਟੇ ਦੋ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੇ ਹਨ; ਰਸ ਚੂਸਣ ਕਰਕੇ ਬੂਟੇ ਛੋਟੇ ਰਹਿ ਜਾਂਦੇ ਹਨ, ਦੂਜਾ ਬੂਟਿਆਂ ਦੀ ਭੋਜਨ ਬਣਾਉਣ ਵਾਲੀ ਪ੍ਰਕਿਰਿਆ ਪ੍ਰਭਾਵਿਤ ਹੋ ਜਾਂਦੀ ਹੈ ਕਿਉਂਕਿ ਪੱਤਿਆਂ ਉੱਪਰ ਕਾਲੀ ਉੱਲੀ ਲੱਗ ਜਾਂਦੀ ਹੈ। ਝਾੜ ’ਤੇ ਵੀ ਕਾਫ਼ੀ ਮਾੜਾ ਅਸਰ ਪੈਂਦਾ ਹੈ। ਇਹ ਕੀੜਾ ਵਿਸ਼ਾਣੂ ਰੋਗ (ਪੱਤਾ ਮਰੋੜ ਵਿਸ਼ਾਣੂ) ਵੀ ਫੈਲਾਉਂਦਾ ਹੈ।

ਰੋਕਥਾਮ: ਇਸ ਦੀ ਰੋਕਥਾਮ ਲਈ 400 ਮਿਲੀਲਿਟਰ ਮੈਲਾਥਿਆਨ 50 ਈ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਫਲ ਪੈਣ ਤੋਂ ਪਹਿਲਾਂ ਛਿੜਕੋ।

ਚੇਪਾ: ਟਮਾਟਰ ਉੱਪਰ ਰਸ ਚੂਸਣ ਵਾਲੇ ਕੀੜਿਆਂ ਵਿੱਚੋਂ ਚੇਪਾ ਕਾਫ਼ੀ ਹੱਦ ਤੱਕ ਨੁਕਸਾਨ ਕਰਦਾ ਹੈ। ਟਮਾਟਰ ਉੱਪਰ ਬੱਚੇ ਅਤੇ ਬਾਲਗ ਦੋਵੇਂ ਹੀ ਪੱਤਿਆਂ ਦਾ ਰਸ ਚੂਸਦੇ ਹਨ ਜਿਸ ਕਾਰਨ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਉਹ ਕਮਜ਼ੋਰ ਰਹਿ ਜਾਂਦੇ ਹਨ। ਹਮਲੇ ਕਾਰਨ ਨਵੀਆਂ ਕਰੂੰਬਲਾਂ ਮੁਰਝਾਅ ਜਾਂਦੀਆਂ ਹਨ ਅਤੇ ਪੱਤੇ ਝੁਲਸੇ ਨਜ਼ਰ ਆਉਂਦੇ ਹਨ।

ਰੋਕਥਾਮ: ਇਸ ਦੀ ਰੋਕਥਾਮ ਲਈ 400 ਮਿਲੀਲਿਟਰ ਮੈਲਾਥਿਆਨ 50 ਈ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਫਲ ਪੈਣ ਤੋਂ ਪਹਿਲਾਂ ਛਿੜਕੋ।

ਦਵਾਈਆਂ ਦੇ ਇਸਤੇਮਾਲ ਸਮੇਂ ਰੱਖਣ ਵਾਲੀਆਂ ਸਾਵਧਾਨੀਆਂ:

* ਛਿੜਕਾਅ ਤੋਂ ਪਹਿਲਾਂ ਮੰਡੀਕਰਣ ਯੋਗ ਅਤੇ ਪੱਕੇ ਹੋਏ ਫਲ ਤੋੜ ਲਵੋ।

* ਲੋੜ ਅਨੁਸਾਰ ਛਿੜਕਾਅ ਕਰੋ ਤਾਂ ਕਿ ਮਿੱਤਰ ਕੀੜਿਆਂ ਦੀ ਗਿਣਤੀ ਨਾ ਘਟੇ।

* ਕਾਣੇ ਫ਼ਲ ਤੋੜ ਕੇ ਜ਼ਮੀਨ ਵਿਚ ਦਬਾ ਦਿਉ।

*ਕੀਟ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ।