Expert Advisory Details

idea99PAU.jpg
Posted by ਗੁਰਪ੍ਰੀਤ ਸਿੰਘ ਮੱਕੜ, ਪ੍ਰਦੀਪ ਕੁਮਾਰ ਅਤੇ ਕਮਲਜੀਤ ਸਿੰਘ ਸੂਰੀ
Punjab
2018-07-23 03:48:49

ਝੋਨੇ ਦੇ ਕੀੜੇ ਮਕੌੜਿਆਂ ਦੀ ਰੋਕਥਾਮ ਕਿਵੇਂ ਕਰੀਏ

ਝੋਨੇ ਦਾ ਝਾੜ ਘਟਾਉਣ ਵਾਲੇ ਕਾਰਨਾਂ ਵਿੱਚੋਂ ਕੀੜੇ-ਮਕੌੜੇ ਪ੍ਰਮੁੱਖ ਹਨ। ਝੋਨੇ ਦੀ ਫ਼ਸਲ ਦਾ ਨੁਕਸਾਨ ਕਰਨ ਵਾਲੇ ਮੁੱਖ ਕੀੜੇ ਹਨ- ਪੱਤਾ ਲਪੇਟ ਸੁੰਡੀ, ਤਣੇ ਦੀਆਂ ਸੁੰਡੀਆਂ ਅਤੇ ਬੂਟਿਆਂ ਦੇ ਟਿੱਡੇ। ਇਨ੍ਹਾਂ ਕੀੜਿਆਂ ਦੀ ਰੋਕਥਾਮ ਦਾ ਸਿਧਾਂਤ ਹਾਨੀਕਾਰਕ ਕੀੜਿਆਂ ਦਾ ਸੌ ਫ਼ੀਸਦੀ ਖਾਤਮਾ ਕਰਨਾ ਨਹੀਂ ਬਲਕਿ ਇਨ੍ਹਾਂ ਦੀ ਸੰਖਿਆ ਨੂੰ ਆਰਥਿਕ ਕਗਾਰ ਪੱਧਰ ਦੀ ਮਿੱਥੀ ਹੱਦ ਤੋਂ ਹੇਠਾਂ ਰੱਖਣਾ ਹੈ। ਇਸ ਲਈ ਝੋਨੇ ਦੀ ਫ਼ਸਲ ਤੋਂ ਲਾਹੇਵੰਦ ਝਾੜ ਲੈਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਹੇਠਾਂ ਦਿੱਤੀਆਂ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਤਕਨੀਕਾਂ ਨੂੰ ਅਮਲ ਵਿੱਚ ਲਿਆਓ:

ਪੱਤਾ ਲਪੇਟ ਸੁੰਡੀ: ਇਸ ਹਾਨੀਕਾਰਕ ਕੀੜੇ ਦੀਆਂ ਛੋਟੀਆਂ ਸੁੰਡੀਆਂ ਨਰਮ ਪੱਤਿਆਂ ਨੂੰ ਬਿਨਾਂ ਲਪੇਟਿਆਂ ਹੀ ਖਾਂਦੀਆਂ ਹਨ ਪਰ ਵੱਡੀਆ ਹੋਣ ਤੇ ਇਹ ਪੱਤਿਆਂ ਨੂੰ ਕਿਨਾਰਿਆਂ ਤੋਂ ਮੋੜ ਕੇ ਲੰਬੇ-ਰੁਖ਼ ਲਪੇਟ ਲੈਂਦੀਆਂ ਹਨ ਅਤੇ ਅੰਦਰੋਂ-ਅੰਦਰ ਹਰਾ ਮਾਦਾ ਖਾਂਦੀਆਂ ਰਹਿੰਦੀਆਂ ਹਨ। ਹਮਲੇ ਵਾਲੇ ਬੂਟਿਆਂ ਦੇ ਪੱਤਿਆਂ ਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ ਅਤੇ ਉਹ ਜਾਲੀਦਾਰ ਲੱਗਣ ਲੱਗ ਜਾਂਦੇ ਹਨ। ਇਸ ਕੀੜੇ ਦਾ ਬਹੁਤਾ ਨੁਕਸਾਨ ਅਗਸਤ ਤੋਂ ਅਕਤੂਬਰ ਦੌਰਾਨ ਹੁੰਦਾ ਹੈ।

ਰੋਕਥਾਮ- ਆਮ ਢੰਗ: ਫ਼ਸਲ ਦੇ ਨਿਸਰਨ ਤੋਂ ਪਹਿਲਾਂ, ਕੀੜੇ ਦਾ ਹਮਲਾ ਹੋਣ ਤੇ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉੱਪਰਲੇ ਹਿੱਸੇ ਤੇ 2 ਵਾਰੀ ਫੇਰੋ। ਪਹਿਲੀ ਵਾਰ ਕਿਆਰੇ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੇ ਜਾਓ ਅਤੇ ਫਿਰ ਉਨ੍ਹੀਂ ਪੈਰੀਂ ਰੱਸੀ ਫੇਰਦੇ ਹੋਏ ਵਾਪਸ ਮੁੜੋ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਰੱਸੀ ਫੇਰਨ ਵੇਲੇ ਫ਼ਸਲ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ।

ਖਾਦਾਂ ਦੀ ਸਹੀ ਵਰਤੋਂ:  ਨਾਈਟਰੋਜਨ ਤੱਤ ਵਾਲੀਆਂ ਖਾਦਾਂ ਵੱਧ ਪਾਉਣ ਨਾਲ ਇਸ ਸੁੰਡੀ ਦਾ ਹਮਲਾ ਵਧੇਰੇ ਹੁੰਦਾ ਹੈ। ਇਸ ਲਈ ਖਾਦਾਂ ਦੀ ਵਰਤੋਂ ਸਿਫ਼ਾਰਿਸ਼ ਅਨੁਸਾਰ ਹੀ ਕਰੋ।

ਰਸਾਇਣਕ ਰੋਕਥਾਮ: ਖੇਤ ਵਿੱਚ ਖੜ੍ਹੀ ਫ਼ਸਲ ਤੇ ਕੀੜੇ ਦੇ ਹਮਲੇ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜਿਉਂ ਹੀ ਕੀੜੇ ਦੁਆਰਾ ਨੁਕਸਾਨੇ ਪੱਤਿਆਂ ਦੀ ਗਿਣਤੀ 10 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੋਵੇ ਤਾਂ 20 ਮਿਲੀਲਿਟਰ ਫੇਮ 480 ਐਸ ਸੀ (ਫਲੂੂਬੈਂਡਾਮਾਈਡ) ਜਾਂ 170 ਗ੍ਰਾਮ ਮੌਰਟਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾਂ 1 ਲਿਟਰ ਕੋਰੋਬਾਨ/ ਡਰਮਟ/ ਫੋਰਸ 20 ਈ ਸੀ (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਤਣੇ ਦੇ ਗੜੂੰਏਂ/ ਗੋਭ ਦੀ ਸੁੰਡੀ: ਇਸ ਕੀੜੇ ਦੀਆਂ ਤਿੰਨੇ ਕਿਸਮਾਂ ਅਰਥਾਤ ਪੀਲੀ, ਚਿੱਟੀ ਅਤੇ ਗੁਲਾਬੀ ਸੁੰਡੀਆਂ, ਫ਼ਸਲ ਦਾ ਇੱਕੋ ਜਿਹਾ ਨੁਕਸਾਨ ਕਰਦੀਆਂ ਹਨ। ਪੀਲੀਆਂ ਤੇ ਚਿੱਟੀਆਂ ਸੁੰਡੀਆਂ ਮੁੰਜਰਾਂ ਪੈਣ ਤੋਂ ਪਹਿਲਾਂ ਜਦੋਂਕਿ ਗੁਲਾਬੀ ਸੁੰਡੀਆਂ ਮੁੰਜਰਾਂ ਪੈਣ ਸਮੇਂ ਤੇ ਬਾਅਦ ਵਿੱਚ ਫ਼ਸਲ ਦਾ ਨੁਕਸਾਨ ਕਰਦੀਆਂ ਹਨ। ਇਹ ਜੁਲਾਈ ਤੋਂ ਅਕਤੂਬਰ ਤੱਕ ਫ਼ਸਲ ਦਾ ਨੁਕਸਾਨ ਕਰਦੀਆਂ ਹਨ।

ਸੁੰਡੀਆਂ ਗੋਭਾਂ ਵਿੱਚ ਵੜ ਜਾਂਦੀਆ ਹਨ ਤੇ ਇਨ੍ਹਾਂ ਨੂੰ ਅੰਦਰੋ-ਅੰਦਰ ਖਾਂਦੀਆਂ ਰਹਿੰਦੀਆਂ ਹਨ। ਹਮਲੇ ਵਾਲੀਆਂ ਗੋਭਾਂ ਸੁੱਕ ਜਾਂਦੀਆਂ ਹਨ।  ਅਜਿਹੀਆਂ ਸੁੱਕੀਆਂ ਗੋਭਾਂ ਅਸਾਨੀ ਨਾਲ ਬੂਟਿਆਂ ਵਿੱਚੋਂ ਖਿੱਚੀਆਂ ਜਾ ਸਕਦੀਆਂ ਹਨ। ਜੇ ਸੁੰਡੀਆਂ ਦਾ ਹਮਲਾ ਪੱਛੜ ਕੇ ਅਰਥਾਤ ਮੁੰਜਰਾਂ ਪੈਣ ਸਮੇਂ ਹੋਵੇ ਤਾਂ ਹਮਲੇ ਵਾਲੀਆਂ ਗੋਭਾਂ ਦੀਆਂ ਮੁੰਜਰਾਂ ਸੁੱਕ ਜਾਦੀਆਂ ਹਨ, ਇਨ੍ਹਾਂ ਵਿੱਚ ਦਾਣੇ ਨਹੀਂ ਬਣਦੇ ਅਤੇ ਇਨ੍ਹਾਂ ਦਾ ਰੰਗ ਚਿੱਟਾ ਹੁੰਦਾ ਹੈ। ਅਜਿਹੀਆਂ ਦਾਣਿਆਂ ਤੋਂ ਸੱਖ਼ਣੀਆਂ ‘ਚਿੱਟੀਆਂ ਮੁੰਜਰਾਂ’ ਖੇਤ ਵਿੱਚ ਦੂਰੋਂ ਹੀ ਅਸਾਨੀ ਨਾਲ ਦੇਖੀਆਂ ਜਾ ਸਕਦੀਆਂ ਹਨ।

ਰੋਕਥਾਮ:

ਖਾਦਾਂ ਦੀ ਸਹੀ ਵਰਤੋਂ: ਸਿਫ਼ਾਰਸ਼ ਤੋਂ ਵੱਧ ਨਾਈਟਰੋਜਨ ਖਾਦ ਪਾਉਣ ਨਾਲ ਤਣੇ ਦੀ ਸੁੰਡੀਆਂ ਦਾ ਹਮਲਾ ਵਧੇਰੇ ਹੁੰਦਾ ਹੈ। ਇਸ ਲਈ ਖਾਦਾਂ ਦੀ ਵਰਤੋਂ ਸਿਫ਼ਾਰਸ਼ ਅਨੁਸਾਰ ਕਰੋ।

ਰਸਾਇਣਕ ਰੋਕਥਾਮ: ਖੇਤ ਵਿੱਚ ਖੜ੍ਹੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜਿਉਂ ਹੀ ਗ਼ੈਰ-ਬਾਸਮਤੀ ਝੋਨੇ ਵਿੱਚ ਪੰਜ ਪ੍ਰਤੀਸ਼ਤ ਜਾਂ ਵਧੇਰੇ ਸੁੱਕੀਆਂ ਗੋਭਾਂ (ਆਰਥਿਕ ਕਗਾਰ ਪੱਧਰ) ਹੋਣ ਤਾਂ 20 ਮਿਲੀਲਿਟਰ ਫੇਮ 480 ਐਸ ਸੀ (ਫਲੂੂਬੈਂਡਾਮਾਈਡ) ਜਾਂ 170 ਗ੍ਰਾਮ ਮੌਰਟਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾਂ 1 ਲਿਟਰ ਕੋਰੋਬਾਨ/ ਡਰਮਟ/ ਫੋਰਸ 20 ਈ ਸੀ (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਬੂਟਿਆਂ ਦੇ ਟਿੱਡੇ: ਪੰਜਾਬ ਵਿੱਚ ਚਿੱਟੀ ਪਿੱਠ ਵਾਲਾ ਟਿੱਡਾ ਅਤੇ ਭੂਰਾ ਟਿੱਡਾ ਝੋਨੇ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ। ਇਹ ਟਿੱਡੇ ਬੂਟਿਆਂ ਦੇ ਮੁੱਢ ਉੱਪਰਲੇ ਪੱਤਿਆਂ ਦੇ ਖੋਲਾਂ ਵਿੱਚ ਅੰਡੇ ਦਿੰਦੇ ਹਨ। ਬੱਚੇ ਅਤੇ ਬਾਲਗ/ਵੱਡੇ ਟਿੱਡੇ ਜੁਲਾਈ ਤੋਂ ਅਕਤੂਬਰ ਤੱਕ ਬੂਟਿਆਂ ਦਾ ਰਸ ਚੂਸਦੇ ਹਨ। ਸਿੱਟੇ ਵਜੋਂ ਬੂਟੇ ਦੇ ਪੱਤੇ ਉੱਪਰਲੇ ਸਿਰਿਆਂ ਵੱਲੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਸਾਰਾ ਬੂਟਾ ਹੀ ਸੁੱਕ ਕੇ ਝੁਲਸ ਜਾਂਦਾ ਹੈ। ਹਮਲੇ ਵਾਲੇ ਬੂਟੇ ਸੁੱਕਣ ’ਤੇ ਟਿੱਡੇ ਲਾਗਲੇ ਨਰੋਏ ਬੂਟਿਆਂ ’ਤੇ ਚਲੇ ਜਾਂਦੇ ਹਨ ਅਤੇ ਇਸ ਤਰ੍ਹਾਂ ਬੂਟੇ ਦੌਗੀਆਂ/ ਧੌੜੀਆਂ ਵਿੱਚ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਹਮਲਾ ਵਧਣ ਨਾਲ ਇਨ੍ਹਾਂ ਦੌਗੀਆਂ/ ਧੌੜੀਆਂ ਦੇ ਘੇਰਿਆਂ ਦੇ ਅਕਾਰ ਵੀ ਵਧਦੇ ਰਹਿੰਦੇ ਹਨ ਅਤੇ ਹੋਲੀ-ਹੌਲੀ ਸਾਰਾ ਖੇਤ ਹੀ ਹਮਲੇ ਹੇਠ ਆ ਜਾਂਦਾ ਹੈ।

ਰੋਕਥਾਮ:

ਖਾਦਾਂ ਦੀ ਸਹੀ ਵਰਤੋਂ: ਵੱਧ ਨਾਈਟਰੋਜਨ ਖਾਦ ਪਾਉਣ ਨਾਲ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਵਧੇਰੇ ਹੁੰਦਾ ਹੈ।

ਖੜ੍ਹੀ ਫ਼ਸਲ ਨੂੰ ਪਾਣੀ ਦੇਣ ਵਾਸਤੇ ਵਿਉਂਤਬੰਦੀ: ਜਦੋਂ ਖੇਤ ਵਿੱਚ ਪਨੀਰੀ ਲਾਉਣ ਤੋਂ ਬਾਅਦ ਫ਼ਸਲ ਪੂਰੀ ਤਰ੍ਹਾਂ ਜੰਮ੍ਹ ਜਾਵੇ ਤਾਂ ਖੇਤ ਵਿੱਚੋਂ ਪਾਣੀ ਜ਼ੀਰਨ ਦਿਉ ਅਤੇ 2-3 ਦਿਨਾਂ ਲਈ ਸੋਕਾ ਵੀ ਲਵਾਉਦੇਂ ਰਹੋ। ਅਜਿਹਾ ਕਰਨ ਨਾਲ ਨਾ ਕੇਵਲ ਇਨ੍ਹਾਂ ਟਿੱਡਿਆਂ ਦਾ ਹਮਲਾ ਘੱਟ ਹੁੰਦਾ ਹੈ ਸਗੋਂ ਪਾਣੀ ਅਤੇ ਖ਼ਰਚੇ ਦੀ ਵੀ ਬੱਚਤ ਹੁੰਦੀ ਹੈ। ਖ਼ਿਆਲ ਰੱਖੋ ਕਿ ਸੋਕੇ ਸਮੇਂ ਖੇਤ ਵਿੱਚ ਤ੍ਰੇੜਾਂ ਨਾ ਪੈਣੀਆਂ ਸ਼ੁਰੂ ਹੋ ਜਾਣ। ਅਜਿਹਾ ਨਜ਼ਰ ਆਉਣ ’ਤੇ ਖੇਤ ਨੂੰ ਤੁਰੰਤ ਪਾਣੀ ਦੇ ਦਿਉ।

ਰਸਾਇਣਕ ਰੋਕਥਾਮ: ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਤੋਂ ਤਕਰੀਬਨ ਮਹੀਨਾ ਕੁ ਪਿੱਛੋਂ ਹਫ਼ਤੇ-ਹਫ਼ਤੇ ਬਾਅਦ ਕੁੱਝ ਕੁ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਥਾਪੜੋ/ਝਾੜੋ। ਜੇ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ ਪਾਣੀ ਉੱਤੇ ਤਰਦੇ ਦਿਖਾਈ ਦੇਣ ਤਾਂ 120 ਗ੍ਰਾਮ ਚੈੱਸ 50 ਡਬਲਿਯੂ. ਜੀ. (ਪਾਈਮੈਟ੍ਰੋਜ਼ੀਨ) ਜਾਂ  40 ਮਿਲੀਲਿਟਰ ਕੌਨਫ਼ੀਡੋਰ 200 ਐਸ. ਐਲ./ ਕਰੋਕੋਡਾਈਲ 17.8 ਐਸ. ਐਲ. (ਇਮਿਡਾਕਲੋਪਰਿਡ) ਜਾਂ 800 ਮਿਲੀਲਿਟਰ ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ. ਸੀ. (ਕੁਇਨਲਫ਼ਾਸ) ਜਾਂ ਇੱਕ ਲਿਟਰ ਕੋਰੋਬਾਨ/ ਡਰਮਟ/ ਫੋਰਸ 20 ਈ. ਸੀ. (ਕਲੋਰਪਾਈਰੀਫ਼ਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।

ਚਿਤਾਵਨੀਆਂ:

* ਛਿੜਕਾਅ ਕਰਨ ਵੇਲੇ ਪੰਪ ਦੇ ਫ਼ੁਹਾਰੇ ਦਾ ਰੁਖ਼ ਬੂਟਿਆਂ ਦੇ ਮੁੱਢਾਂ ਵੱਲ ਰੱਖੋ ਤਾਂ ਜੋ ਛਿੜਕਾਅ ਬੂਟਿਆਂ ਦੇ ਮੁੱਢਾਂ ’ਤੇ ਜ਼ਰੂਰ ਪਵੇ ਜਿੱਥੇ ਇਹ ਕੀੜੇ ਵਧੇਰੇ ਹੁੰਦੇ ਹਨ।

* ਜੇ ਕੀੜੇ ਦਾ ਹਮਲਾ ਦੌਗੀਆਂ/ ਧੌੜੀਆਂ ਵਿੱਚ ਹੋਵੇ ਤਾਂ ਕੀਟਨਾਸ਼ਕ ਦਾ ਛਿੜਕਾਅ ਸਾਰੇ ਖੇਤ ਦੀ ਬਜਾਏ ਅਜਿਹੀਆਂ ਦੌਗੀਆਂ/ ਧੌੜੀਆਂ ਉੱਪਰ ਅਤੇ ਇਨ੍ਹਾਂ ਦੇ ਆਲੇ-ਦੁਆਲੇ 3-4 ਮੀਟਰ ਦੇ ਘੇਰੇ ਅੰਦਰ ਆਉਂਦੇ ਤੰਦਰੁਸਤ ਬੂਟਿਆਂ ’ਤੇ ਹੀ ਕਰੋ ਕਿਉਂਕਿ ਟਿੱਡਿਆਂ ਦੀ ਜ਼ਿਆਦਾ ਗਿਣਤੀ ਇਨ੍ਹਾਂ ਥਾਵਾਂ ’ਤੇ ਹੀ ਹੁੰਦੀ ਹੈ।

* ਜਦੋਂ ਟਿੱਡਿਆਂ ਦੀ ਗਿਣਤੀ 5 ਜਾਂ ਇਸ ਤੋਂ ਵੱਧ (ਆਰਥਿਕ ਕਗਾਰ) ਹੋਵੇ ਤਾਂ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਕੇ ਇਨ੍ਹਾਂ ਦੀ ਰੋਕਥਾਮ ਕਰੋ ਨਹੀਂ ਤਾਂ ਇਨ੍ਹਾਂ ਦੀ ਗਿਣਤੀ ਤੇ ਹਮਲਾ ਵਧਦਾ ਰਹਿੰਦਾ ਹੈ ਅਤੇ ਫ਼ਸਲ ਵੱਡੀ ਹੋਣ ’ਤੇ ਛਿੜਕਾਅ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਸਫ਼ਲ ਕੀਟ ਪ੍ਰਬੰਧਨ ਲਈ ਕੁੱਝ ਜਰੂਰੀ ਨੁਕਤੇ:

* ਫ਼ਸਲ ਦਾ ਸਰਵੇਖਣ ਲਗਾਤਾਰ ਕਰਦੇ ਰਹੋ ਅਤੇ ਲੋੜ ਪੈਣ ’ਤੇ ਖੇਤੀ ਮਾਹਿਰਾਂ ਨਾਲ ਸੰਪਰਕ ਕਰੋ।

* ਝੋਨੇ ਉੱਪਰ ਕੀਟਨਾਸ਼ਕਾਂ ਦੇ ਉਪਯੋਗ ਤੋਂ ਲਾਹੇਵੰਦ ਨਤੀਜੇ ਪ੍ਰਾਪਤ ਕਰਨ ਲਈ ਕੀਟਨਾਸ਼ਕਾਂ ਦੀ ਸਹੀ ਮਾਤਰਾ ਅਤੇ ਢੁੱਕਵੀਂ ਸਪਰੇਅ ਤਕਨੀਕ ਅਪਣਾਓ।

* ਛਿੜਕਾਅ ਸਮੇਂ ਵੱਖ ਵੱਖ ਕੀਟਨਾਸ਼ਕਾਂ ਜਾਂ ਕੀਟਨਾਸ਼ਕਾਂ ਅਤੇ ਉੱਲੀਨਾਸ਼ਕਾਂ ਨੂੰ ਰਲਾ ਕੇ ਵਰਤਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ।

* ਆਮ ਕਰਕੇ ਕਿਸਾਨ ਸਿਫਾਰਸ਼ ਕੀਟਨਾਸ਼ਕਾਂ ਦੇ ਨਾਲ ਸਿੰਥੈਟਿਕ ਪਰਿਥਰਾਇਡ ਗਰੁੱਪ ਦੇ ਕੀਟਨਾਸ਼ਕਾਂ (ਜਿਵੇਂ ਕਿ ਸਾਈਪਰਮੈਥਰਿਨ, ਡੈਲਟਾਮੈਥਰਿਨ, ਆਦਿ) ਨੂੰ ਰਲਾ ਕੇ ਝੋਨੇ ਦੇ ਕੀੜਿਆਂ ਦੀ ਵਧੀਆ ਰੋਕਥਾਮ ਦੀ ਆਸ ਕਰਦੇ ਹਨ ਪਰ ਉਲਟਾ ਇਸ ਨਾਲ ਖੇਤ ਵਿੱਚ ਰਸ ਚੂਸਣ ਵਾਲੇ ਕੀੜਿਆਂ ਦੀ ਗਿਣਤੀ ਵੱਧ ਜਾਂਦੀ ਹੈ। ਇਸ ਲਈ ਝੋਨੇ ਵਿੱਚ ਸਿੰਥੈਟਿਕ ਪਰਿਥਰਾਇਡ ਗਰੁੱਪ ਦੇ ਕੀਟਨਾਸ਼ਕਾਂ ਦੀ ਵਰਤੋਂ ਬਿਲਕੁਲ ਨਹੀ ਕਰਨੀ।

* ਕੀਟਨਾਸ਼ਕਾਂ ਦੇ ਛਿੜਕਾਅ ਲਈ ਪ੍ਰਤੀ ਏਕੜ 100 ਲਿਟਰ ਪਾਣੀ ਅਤੇ ਹੋਲੋ ਕੋਨ/ਗੋਲ ਨੋਜ਼ਲ ਹੀ ਵਰਤਣੀ ਚਾਹੀਦੀ ਹੈ।

* ਜੇ ਇਨ੍ਹਾਂ ਕੀੜਿਆਂ ਦਾ ਹਮਲਾ ਖੇਤ ਦੇ ਕਿਨਾਰਿਆਂ ਜਾਂ ਖਾਸ ਦੌਗੀਆਂ/ਧੌੜੀਆਂ ਤਕ ਸੀਮਿਤ ਹੋਵੇ ਤਾਂ ਕੇਵਲ ਹਮਲੇ ਵਾਲੀਆਂ ਦੌਗੀਆਂ/ਧੌੜੀਆਂ ਅਤੇ ਕੁੱਝ ਹਿੱਸਾ ਉਨ੍ਹਾਂ ਦੇ ਦੁਆਲੇ ਛਿੜਕਾਅ ਕਰਕੇ ਕੀੜਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

* ਝੋਨੇ ਦੀ ਫ਼ਸਲ ਵਿੱਚ ਮਿੱਤਰ ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਕੁਦਰਤੀ ਤੌਰ ਤੇ ਹੀ ਦੁਸ਼ਮਣ ਕੀੜਿਆਂ ਦੀ ਗਿਣਤੀ ਨੂੰ ਨਿਅੰਤ੍ਰਿਤ ਕਰਦੇ ਰਹਿੰਦੇ ਹਨ।

* ਹਰ ਵਾਰ ਇੱਕ ਹੀ ਕੀਟਨਾਸ਼ਕ ਦੀ ਵਰਤੋਂ ਨਾ ਕਰੋ।

* ਹੱਥਾਂ ਪੈਰਾਂ ਤੇ ਜ਼ਖਮ ਵਾਲਾ ‘ਕਾਮਾਂ’ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੇ।

*ਕੀਟਨਾਸ਼ਕਾਂ ਦੀ ਵਰਤੋਂ ਵਾਲੇ ਕਾਮੇਂ ‘ਖਾਣ-ਪੀਣ’ ਤੋਂ ਪਹਿਲਾਂ ਆਪਣੇ ਹੱਥ-ਮੂੰਹ ਸਾਬਣ ਤੇ ਪਾਣੀ ਨਾਲ ਚੰਗੀ ਤਰ੍ਹਾਂ ਜ਼ਰੂਰ ਧੋ ਲੈਣ।

ਗੁਰਪ੍ਰੀਤ ਸਿੰਘ ਮੱਕੜ,  ਪ੍ਰਦੀਪ ਕੁਮਾਰ ਅਤੇ ਕਮਲਜੀਤ ਸਿੰਘ ਸੂਰੀ

ਸੰਪਰਕ: 01822-232543