Expert Advisory Details

idea99PAU.jpg
Posted by *ਫ਼ਲ ਵਿਗਿਆਨ ਵਿਭਾਗ, ਪੀਏਯੂ।
Punjab
2018-07-23 03:40:25

ਫ਼ਲਦਾਰ ਬੂਟਿਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਦੇ ਸੁਝਾਅ

ਪੰਜਾਬ ਵਿੱਚ ਜੁਲਾਈ-ਅਗਸਤ ਦੇ ਮਹੀਨੇ ਬਰਸਾਤ ਦੇ ਮੌਸਮ ਵਜੋਂ ਜਾਣੇ ਜਾਂਦੇ ਹਨ। ਇਸ ਮੌਸਮ ਵਿੱਚ ਵਾਤਾਵਰਨ ਵਿਚਲੀ ਸਿੱਲ੍ਹ, ਫ਼ਲਦਾਰ ਬੂਟਿਆਂ ਦੀਆਂ ਬਿਮਾਰੀਆਂ ਦੇ ਲਈ ਬਹੁਤ ਅਨੁਕੂਲ ਹੁੰਦੀ ਹੈ। ਇਸ ਮੌਸਮ ਦੌਰਾਨ ਬਿਮਾਰੀਆਂ ਦੇ ਹਮਲੇ ਨਾਲ ਬੂਟਿਆਂ ਦੀ ਉਮਰ ਵੀ ਘਟ ਜਾਂਦੀ ਹੈ ਅਤੇ ਨਾਲ ਹੀ ਫ਼ਲਾਂ ਦੀ ਮਿਆਰ ਅਤੇ ਪੈਦਾਵਾਰ ’ਤੇ ਵੀ ਮਾੜਾ ਅਸਰ ਪੈਂਦਾ ਹੈ।

ਨਿੰਬੂ-ਜਾਤੀ

ਪੈਰੋਂ ਗਲਣ ਦਾ ਰੋਗ (ਗੂੰਦੀਆਂ ਰੋਗ): ਇਹ ਉੱਲੀ ਜ਼ਮੀਨ ਦੇ ਅੰਦਰ-ਅੰਦਰ ਹੀ ਖ਼ੁਰਾਕੀ ਜੜ੍ਹਾਂ ਨੂੰ ਖ਼ਤਮ ਕਰ ਦਿੰਦੀ ਹੈ। ਇਸ ਬਿਮਾਰੀ ਨਾਲ ਨਰਸਰੀ ਵਿੱਚ ਪਨੀਰੀ ਮੁਰਝਾ ਜਾਂਦੀ ਹੈ ਜਿਸ ਨਾਲ ਤਣਾ ਤੇ ਜੜ੍ਹਾਂ ਗਲ਼ ਜਾਂਦੇ ਹਨ। ਭਾਰੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ (ਜਿੱਥੇ ਪਾਣੀ ਦੀ ਸਤਹਿ ਨੇੜੇ ਹੋਵੇ) ਵਿੱਚ ਇਹ ਬਿਮਾਰੀ ਜ਼ਿਆਦਾ ਨੁਕਸਾਨ ਕਰਦੀ ਹੈ। ਤਣੇ ਦੇ ਪਿਉਂਦ ਵਾਲੇ ਹਿੱਸੇ ਨੇੜਿਉਂ ਗੂੰਦ ਨਿਕਲਣਾ ਇਸ ਬਿਮਾਰੀ ਦੀ ਪਹਿਲੀ ਨਿਸ਼ਾਨੀ ਹੈ। ਜਿਵੇਂ-ਜਿਵੇਂ ਜ਼ਖ਼ਮ ਵੱਡੇ ਹੁੰਦੇ ਹਨ, ਛਿੱਲ ਵਿੱਚ ਲੰਬੇ ਰੁਖ਼ ਤਰੇੜਾਂ ਪੈ ਜਾਂਦੀਆਂ ਹਨ। ਪੱਤੇ ਪੀਲੇ ਪੈ ਜਾਂਦੇ ਹਨ ਅਤੇ ਉੱਲੀ ਤਣੇ ਦੇ ਚਾਰੇ ਪਾਸੇ ਘੁੰਮ ਜਾਂਦੀ ਹੈ, ਜਿਸ ਕਾਰਨ ਬੂਟੇ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟਾ ਮਰਨਾ ਸ਼ੁਰੂ ਹੋ ਜਾਂਦਾ ਹੈ।

ਰੋਕਥਾਮ: ਬਾਗ਼ ਲਗਾਉਣ ਲਈ ਬੂਟੇ ਰੋਗ ਰਹਿਤ ਨਰਸਰੀ ਤੋਂ ਲਓ। ਬੂਟੇ ਲਗਾਉਣ ਸਮੇਂ ਉਸ ਦੀ ਪਿਉਂਦੀ ਅੱਖ ਨੂੰ ਜ਼ਮੀਨ ਤੋਂ 9 ਇੰਚ ਉਚਾ ਰੱਖੋ। ਖੁੱਲ੍ਹਾ ਪਾਣੀ ਲਗਾਉਣ ਤੋਂ ਗੁਰੇਜ਼ ਕਰੋ। ਪਾਣੀ ਦੇ ਨਿਕਾਸ ਦਾ ਚੰਗਾ ਪ੍ਰਬੰਧ ਕਰੋ। ਬਾਗ਼ ਵਿੱਚ ਕੰਮ-ਕਾਰ ਕਰਦੇ ਸਮੇਂ ਤਣੇ ਤੇ ਜੜ੍ਹਾਂ ਨੂੰ ਜ਼ਖ਼ਮੀ ਹੋਣ ਤੋਂ ਬਚਾਓ। ਤਣੇ ਦੇ ਆਲੇ-ਦੁਆਲੇ ਮਿੱਟੀ ਨਾ ਚੜ੍ਹਾਉ। ਬੂਟੇ ਦਾ ਇਲਾਜ ਕਰਨ ਲਈ ਇਹ ਜ਼ਰੂਰੀ ਹੈ ਕਿ ਬਿਮਾਰੀ ਵਾਲੇ ਹਿੱਸੇ ਨਾਲ ਥੋੜ੍ਹਾ ਜਿਹਾ ਤੰਦਰੁਸਤ ਹਿੱਸਾ ਵੀ ਖ਼ੁਰਚ ਦਿਉ। ਉਤਾਰੀ ਹੋਈ ਰੋਗੀ ਛਿੱਲ ਨੂੰ ਇਕੱਠਾ ਕਰਕੇ ਨਸ਼ਟ ਕਰ ਦਿਉ ਤਾਂ ਜੋ ਉੱਲੀ ਜ਼ਮੀਨ ਵਿੱਚ ਫ਼ੈਲ ਨਾ ਸਕੇ। 2 ਗ੍ਰਾਮ ਮੈਟਕੋ 8-64 ਜਾਂ ਰਿਡੋਮਿਲ ਐਮ ਜ਼ੈੱਡ 72 ਤਾਕਤ ਜਾਂ ਰਿਡੋਮਿਲ ਗੋਲਡ 68 ਤਾਕਤ ਜਾਂ ਕਰਜ਼ੈਟ ਐਮ 8 ਨੂੰ 100 ਮਿਲੀਲਿਟਰ ਅਲਸੀ ਦੇ ਤੇਲ ਵਿੱਚ ਘੋਲ਼ ਕੇ ਸਾਲ ਵਿੱਚ ਦੋ ਵਾਰ (ਫਰਵਰੀ-ਮਾਰਚ ਅਤੇ ਜੁਲਾਈ-ਅਗਸਤ) ਜ਼ਖ਼ਮਾਂ ਤੇ ਮਲ ਦਿਉ। ਬਾਅਦ ਵਿੱਚ ਇਨ੍ਹਾਂ ਵਿੱਚੋਂ ਕਿਸੇ ਇੱਕ ਦਵਾਈ ਦੇ 25 ਗ੍ਰਾਮ ਨੂੰ 10 ਲਿਟਰ ਪਾਣੀ ਵਿੱਚ ਘੋਲ਼ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਤਣੇ ਦੇ ਚਾਰ ਚੁਫ਼ੇਰੇ ਵਾਲੀ ਮਿੱਟੀ ਨੂੰ ਚੰਗੀ ਤਰ੍ਹਾਂ ਗੜੁੱਚ ਕਰ ਦਿਉ। ਜਾਂ ਬੂਟਿਆਂ ਦੇ ਮੁੱਢਾਂ ਅਤੇ ਉਨ੍ਹਾਂ ਦੀ ਛਤਰੀ ਹੇਠ ਸੋਡੀਅਮ ਹਾਈਪੋਕਲੋਰਾਈਟ 5% ਨੂੰ 50 ਮਿਲੀਲੀਟਰ ਪ੍ਰਤੀ ਬੂਟਾ ਦੇ ਹਿਸਾਬ ਨਾਲ 10 ਲਿਟਰ ਪਾਣੀ ਵਿਚ ਘੋਲ਼ ਕੇ ਫ਼ਰਵਰੀ-ਮਾਰਚ ਅਤੇ ਫਿਰ ਜੁਲਾਈ-ਅਗਸਤ ਵਿਚ ਚੰਗੀ ਤਰਾਂ ਛਿੜਕੋ। ਇਸ ਤੋਂ ਇਲਾਵਾ ਏਲੀਅਟ (2.5 ਮਿਲੀਲਿਟਰ ਪ੍ਰਤੀ ਲਿਟਰ ਪਾਣੀ) ਦੇ ਦੋ ਛਿੜਕਾਅ ਅਪ੍ਰੈਲ ਅਤੇ ਸਤੰਬਰ ਵਿੱਚ ਕਰੋ।

ਬਿਮਾਰੀ ਵਾਲੀ ਫ਼ਲ ਕੇਰ: ਇਹ ਬਿਮਾਰੀ ਫ਼ਲ ਦੀ ਤੁੜਾਈ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਫ਼ਲ ਤੋੜਣ ਤੱਕ ਲਗਾਤਾਰ ਪੈਂਦੀ ਰਹਿੰਦੀ ਹੈ। ਸਤੰਬਰ ਅਤੇ ਅਕਤੂਬਰ ਮਹੀਨੇ ਕੱਚੇ ਫ਼ਲਾਂ ਦੇ ਡਿੱਗਣ ਨਾਲ ਪੰਜਾਬ ਵਿੱਚ ਬਾਗਬਾਨਾਂ ਦਾ ਕਾਫ਼ੀ ਨੁਕਸਾਨ ਹੁੰਦਾ ਹੈ। ਪੁਰਾਣੇ ਬਾਗਾਂ ਵਿੱਚ ਇਸ ਬਿਮਾਰੀ ਦਾ ਹਮਲਾ ਨਵੇਂ ਬਾਗਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। ਇਸ ਬਿਮਾਰੀ ਦੇ ਹਮਲੇ ਨਾਲ ਫ਼ਲ ਦੀ ਡੰਡੀ ਦੇ ਆਲੇ-ਦੁਆਲੇ ਗੋਲਾਕਾਰ ਭੂੁਰੇ ਰੰਗ ਦੇ ਧੱਬੇ ਪੈ ਜਾਂਦੇ ਹਨ, ਜੋ ਬਾਅਦ ਵਿੱਚ ਵਧ ਕੇ ਰੁਪਏ ਦੇ ਸਿੱਕੇ ਦੀ ਸ਼ਕਲ ਵਾਂਗ ਲੱਗਣ ਲੱਗ ਪੈਂਦੇ ਹਨ। ਇਹ ਗਲਣਾ ਫ਼ਲ ਦੀ ਡੰਡੀ ਵਾਲੇ ਪਾਸੇ ਤੋਂ ਸ਼ੁਰੂ ਹੋ ਕੇ ਫ਼ਲ ਦੀ ਧੁੰਨੀ ਤੱਕ ਪਹੁੰਚ ਕੇ ਸਾਰੇ ਦੇ ਸਾਰੇ ਫ਼ਲ ਦੇ ਹਿੱਸੇ ਨੂੰ ਢੱਕ ਲੈਂਦਾ ਹੈ। ਬਿਮਾਰ ਫ਼ਲਾਂ ਦੀਆਂ ਡੰਡੀਆਂ ਸਲੇਟੀ ਰੰਗ ਦੀਆਂ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਉੱਤੇ ਉੱਲੀ ਦੇ ਕਾਲੇ ਰੰਗ ਦੇ ਟਿਮਕਣੇ ਜਿਹੇ ਦਿਖਾਈ ਦੇਣ ਲੱਗ ਪੈਂਦੇ ਹਨ।

ਰੋਕਥਾਮ: ਹੇਠਾਂ ਡਿੱਗੇ ਰੋਗੀ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦਿਆਂ ਫ਼ਲਾਂ ਨੂੰ ਤੋੜ ਕੇ ਅਤੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬਣਾ ਜਾਂ ਸਾੜਨਾ ਲਾਹੇਵੰਦ ਹੁੰਦਾ ਹੈ। ਅਜਿਹੇ ਫ਼ਲਾਂ ਦੇ ਢੇਰ ਨੂੰ ਬਾਗ ਵਿੱਚ ਨਾ ਰੱਖੋ ਕਿਉਂਕਿ ਇਨ੍ਹਾਂ ਤੋਂ ਵੀ ਰੋਗੀ ਫ਼ਲ ਕੇਰ ਬਹੁਤ ਫ਼ੈਲਦੀ ਹੈ। ਬਾਗ ਵਿੱਚ ਕਦੇ ਵੀ ਪਾਣੀ ਖੜ੍ਹਾ ਨਾ ਰਹਿਣ ਦਿਉ। ਕਿੰਨੂ ਦੇ ਫ਼ਲਾਂ ਦੀ ਕੇਰ ਨੂੰ ਰੋਕਣ ਲਈ ਬੂਟਿਆਂ ਤੇ 1250 ਮਿਲੀਲਿਟਰ ਜ਼ੀਰਮ 27 ਤਾਕਤ + 5 ਗ੍ਰਾਮ 2,4-ਡੀ ਜਾਂ 500 ਮਿਲੀਲਿਟਰ ਪ੍ਰੋਪੀਕੋਨਾਜ਼ੋਲ 25 ਤਾਕਤ + 5 ਗ੍ਰਾਮ 2,4-ਡੀ ਜਾਂ 500 ਗ੍ਰਾਮ ਬਾਵਿਸਟਨ 50 ਤਾਕਤ + 5 ਗ੍ਰਾਮ 2,4-ਡੀ ਦਾ ਛਿੜਕਾਅ 500 ਲਿਟਰ ਪਾਣੀ ਦੇ ਹਿਸਾਬ ਨਾਲ ਅੱਧ ਅਪਰੈਲ, ਅੱਧ ਅਗਸਤ ਅਤੇ ਅੱਧ ਸਤੰਬਰ ਦੇ ਮਹੀਨੇ ਕਰੋ। ਇਸ ਤੋਂ ਇਲਾਵਾ ਇਕੱਲੀ ਜ਼ੀਰਮ 27 ਤਾਕਤ (1250 ਮਿਲੀਲਿਟਰ) ਜਾਂ ਪ੍ਰੋਪੀਕੋਨਾਜ਼ੋਲ 25 ਤਾਕਤ (500 ਮਿਲੀਲਿਟਰ) ਜਾਂ ਬਾਵਿਸਟਨ 50 ਤਾਕਤ (500 ਗ੍ਰਾਮ) ਦੇ ਦੋ ਹੋਰ ਛਿੜਕਾਅ ਅਖ਼ੀਰ ਜੁਲਾਈ ਅਤੇ ਅਖ਼ੀਰ ਸਤੰਬਰ ਵਿੱਚ ਵੀ ਜ਼ਰੂਰ ਕਰੋ।

ਟਾਹਣੀਆਂ ਦਾ ਸੋਕਾ ਅਤੇ ਪੱਤਿਆਂ ਦੇ ਧੱਬੇ: ਇਹ ਦੇਖਿਆ ਗਿਆ ਹੈ ਕਿ ਇਹ ਬਿਮਾਰੀ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਦੇ ਰੂਪ ਵਿੱਚ ਬੂਟੇ ਤੇ ਹਮਲਾ ਕਰਦੀ ਹੈ, ਜਿਵੇਂ ਕਿ ਟਾਹਣੀਆਂ ਦਾ ਸੋਕਾ, ਪੱਤਿਆਂ ਦੇ ਧੱਬੇ, ਫ਼ਲਾਂ ਦਾ ਗਲਣਾ ਅਤੇ ਧਰਤੀ ਤੇ ਡਿੱਗਣਾ ਆਦਿ। ਟਾਹਣੀਆਂ ਉਪਰੋਂ ਹੇਠਾਂ ਨੂੰ ਸੁੱਕਣ ਲੱਗ ਜਾਂਦੀਆਂ ਹਨ। ਇਨ੍ਹਾਂ ਸੁੱਕੀਆਂ ਹੋਈਆਂ ਟਾਹਣੀਆਂ ਉਤੇ ਉਲੀ ਦੇ ਕਾਲੇ ਟਿਮਕਣੇ ਜਿਹੇ ਪੈਦਾ ਹੋ ਜਾਂਦੇ ਹਨ। ਇਸ ਰੋਗ ਦੀ ਉਲੀ ਫ਼ਲਾਂ ਦੀ ਡੰਡੀ ’ਤੇ ਵੀ ਅਸਰ ਕਰਦੀ ਹੈ।

ਰੋਕਥਾਮ: ਜੁਲਾਈ ਅਤੇ ਸਤੰਬਰ ਦੇ ਮਹੀਨੇ ਬੂਟਿਆਂ ਤੇ ਬੋਰਡੋ ਮਿਸ਼ਰਨ (2:2:250) ਜਾਂ ਕੌਪਰ ਔਕਸੀਕਲੋਰਾਈਡ 50 ਤਾਕਤ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ।

ਕੋਹੜ ਰੋਗ: ਇਸ ਬਿਮਾਰੀ ਦੇ ਹਮਲੇ ਨਾਲ ਪੱਤਿਆਂ ਉਤੇ ਪੀਲੇ ਭੂੁਰੇ ਰੰਗ ਦੇ ਧੱਬੇ ਪੈ ਜਾਂਦੇ ਹਨ। ਇਹ ਧੱਬੇ ਪੱਤਿਆਂ ਦੇ ਦੋਵੇਂ ਪਾਸੇ ਉਠੇ ਨਜ਼ਰ ਆਉਂਦੇ ਹਨ ਅਤੇ ਇਹਨਾ ਧੱਬਿਆਂ ਦੇ ਆਲੇ ਦੁਆਲੇ ਪੀਲੇ ਰੰਗ ਦੇ ਘੇਰੇ ਬਣ ਜਾਂਦੇ ਹਨ। ਰੋਗੀ ਪੱਤੇ ਛੇਤੀ ਝੜ ਜਾਂਦੇ ਹਨ। ਟਾਹਣੀਆਂ ਉੱਤੇ ਇਹ ਧੱਬੇ ਵਿੰਗੇ-ਟੇਢੇ ਤੇ ਭੂੁਰੇ ਰੰਗ ਦੇ ਹੁੰਦੇ ਹਨ। ਰੋਗੀ ਟਾਹਣੀਆਂ ਸੁੱਕ ਕੇ ਸੋਕੜ ਪੈਦਾ ਕਰ ਦਿੰਦੀਆਂ ਹਨ। ਫ਼ਲਾਂ ਤੇ ਇਹ ਧੱਬੇ ਖ਼ੁਰਦਰੇ ਤੇ ਕਾਰਕ ਵਾਂਗ ਹੁੰਦੇ ਹਨ, ਜੋ ਸਿਰਫ਼ ਉੱਪਰਲੀ ਛਿੱਲ ਤੱਕ ਹੀ ਮਾਰ ਕਰਦੇ ਹਨ।

ਰੋਕਥਾਮ: ਬਿਮਾਰੀ ਰਹਿਤ ਬੂਟੇ ਖ਼ਰੀਦੋ। ਬੂਟਿਆਂ ਦੀਆਂ ਰੋਗੀ ਟਾਹਣੀਆਂ ਨੂੰ ਕੱਟ ਕੇ ਸਾੜ ਦਿਉ ਅਤੇ ਜ਼ਖ਼ਮਾਂ ’ਤੇ ਬੋਰਡੋ ਪੇਸਟ ਲਾ ਦਿਉ। ਰੋਗੀ ਫਲਾਂ ਨੂੰ ਚੰਗੀ ਤਰ੍ਹਾਂ ਨਸ਼ਟ ਕਰ ਦਿਉ। 50 ਗ੍ਰਾਮ ਸਟਰੈਪਟੋਸਾਈਕਲੀਨ ਅਤੇ 25 ਗ੍ਰਾਮ ਕਾਪਰ ਸਲਫੇਟ (ਨੀਲਾ ਥੋਥਾ) ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਬੋਰਡੋ ਮਿਸ਼ਰਨ (2:2:250) ਜਾਂ ਕੌਪਰ ਔਕਸੀਕਲੋਰਾਈਡ 50 ਤਾਕਤ (3 ਗ੍ਰਾਮ ਪ੍ਰਤੀ ਲਿਟਰ ਪਾਣੀ ) ਦੇ ਛਿੜਕਾਅ ਵੀ ਕੀਤੇ ਜਾ ਸਕਦੇ ਹਨ। ਨਰਸਰੀ ਵਿੱਚ ਬਰਸਾਤ ਦੇ ਮੌਸਮ ਦੌਰਾਨ ਛਿੜਕਾਅ ਕਰੋ।

ਸੂਟੀ ਮੋਲਡ: ਜ਼ਿਆਦਾ ਨਮੀ ਇਸ ਬਿਮਾਰੀ ਲਈ ਬਹੁਤ ਅਨੁਕੂਲ ਹੁੰਦੀ ਹੈ। ਇਸ ਰੋਗ ਦਾ ਹਮਲਾ ਛਾਂ ਵਾਲੇ ਪਾਸੇ ਅਤੇ ਸੰਘਣੇ ਬਾਗਾਂ ਵਿੱਚ ਜ਼ਿਆਦਾ ਹੁੰਦਾ ਹੈ। ਇਹ ਉਲੀ ਦੀ ਬਿਮਾਰੀ ਚਿੱਟੀ ਮੱਖੀ ਦੇ ਸ਼ਹਿਦ ਵਰਗੇ ਮਲ-ਮੂਤਰ ’ਤੇ ਪੈਦਾ ਹੁੰਦੀ ਹੈ। ਇਸ ਰੋਗ ਨਾਲ ਕਾਲ਼ੇ ਰੰਗ ਦੀ ਉਲੀ, ਪੱਤਿਆਂ, ਟਾਹਣੀਆਂ ਅਤੇ ਫ਼ਲ ਨੂੰ ਢੱਕ ਲੈਂਦੀ ਹੈ। ਪ੍ਰਭਾਵਿਤ ਪੱਤੇ ਅਤੇ ਫ਼ਲ ਕਾਲੇ ਨਜ਼ਰ ਆਉਦੇ ਹਨ।

ਰੋਕਥਾਮ: ਇਸ ਬਿਮਾਰੀ ਦੀ ਰੋਕਥਾਮ ਲਈ ਜ਼ੀਰਮ 27 ਤਾਕਤ (1250 ਮਿਲੀਲਿਟਰ) + ਈਥੀਆਨ 50 ਤਾਕਤ (1000 ਮਿਲੀਲਿਟਰ) ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਤਿੰਨ ਛਿੜਕਾਅ ਅਗਸਤ, ਸਤੰਬਰ ਅਤੇ ਅਕਤੂਬਰ ਵਿੱਚ ਕਰੋ।

ਅਮਰੂਦ:

ਫ਼ਲ ਦਾ ਗਲਣਾ/ਟਾਹਣੀਆਂ ਸੁੱਕਣਾ : ਜ਼ਿਆਦਾ ਸਿੱਲ੍ਹ ਦੌਰਾਨ ਪੱਕੇ ਰਸੇ ਫ਼ਲ ਤੇ ਇਸ ਉਲੀ ਦਾ ਹਮਲਾ ਵਧੇਰੇ ਹੁੰਦਾ ਹੈ। ਫ਼ਲਾਂ ਉਪਰ ਡੂੰਘੇ ਗੋਲ ਭੂਰੇ ਰੰਗ ਦੇ ਚਟਾਕ ਪੈ ਜਾਂਦੇ ਹਨ। ਦਾਗ ਦੇ ਦਰਮਿਆਨ ਵਿੱਚ ਗੁਲਾਬੀ ਰੰਗ ਦੇ ਚਿਪਕਵੇਂ ਜਿਹੇ ਕੀਟਾਣੂੰ ਜਮ੍ਹਾਂ ਹੋ ਜਾਂਦੇ ਹਨ। ਫ਼ਲ 2-3 ਦਿਨਾਂ ਵਿੱਚ ਹੀ ਪੂਰਾ ਗਲ-ਸੜ ਜਾਂਦਾ ਹੈ। ਇਹ ਉਲੀ ਬਰਸਾਤ ਵਿੱਚ ਛੋਟੇ ਬੂਟਿਆਂ ਦੀਆਂ ਸ਼ਾਖਾਂ ਤੇ ਪੱਤਿਆਂ ਉੱਪਰ ਵੀ ਹਮਲਾ ਕਰਦੀ ਹੈ। ਇਸ ਵਜੋਂ ਕਰੂੰਬਲਾਂ ਸੁੱਕ ਜਾਂਦੀਆਂ ਹਨ।

ਰੋਕਥਾਮ: ਬੂਟਿਆਂ ਦੇ ਪੈਰਾਂ ਵਿੱਚ ਮੀਂਹ ਜਾਂ ਸਿੰਜਾਈ ਦਾ ਪਾਣੀ ਖੜ੍ਹਾ ਨਾ ਰਹਿਣ ਦਿਉ। ਗਲੇ ਫ਼ਲਾਂ ਨੂੰ ਧਰਤੀ ਹੇਠਾਂ ਡੂੰਘਾ ਦੱਬ ਦਿਉ। ਸੁੱਕੀਆਂ ਸ਼ਾਖਾਂ ਕੱਟਣ ਪਿੱਛੋਂ 300 ਗ੍ਰਾਮ ਬਲਾਈਟੌਕਸ ਜਾਂ ਕੈਪਟਾਨ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਉਪਰ ਛਿੜਕੋ। ਫ਼ਲ ਪੈਣ ਸਮੇਂ ਇਹ ਛਿੜਕਾਅ ਫਿਰ ਕਰੋ ਤੇ 10-15 ਦਿਨਾਂ ਦਾ ਵਕਫ਼ਾ ਪਾ ਕੇ ਫ਼ਲ ਪੱਕਣ ਤੱਕ ਕਰਦੇ ਰਹੋ।

ਅੰਬ

ਟਾਹਣੀਆਂ ਦਾ ਸੁੱਕਣਾ ਤੇ ਪੱਤਿਆਂ ਦਾ ਝੁਲਸ ਰੋਗ: ਇਹ ਬਿਮਾਰੀ ਅੰਬਾਂ ਦੀ ਕਾਸ਼ਤ ਤੇ ਬਹੁਤ ਮਾੜਾ ਅਸਰ ਕਰਦੀ ਹੈ। ਵਾਤਾਵਰਣ ਵਿੱਚ ਬਹੁਤੀ ਸਿੱਲ੍ਹ, ਵਰਖਾ ਅਤੇ 26-32 ਡਿਗਰੀ ਸੈਂਟੀਗਰੇਡ ਤਾਪਮਾਨ ਹੋਣ ਤੇ ਬਿਮਾਰੀ ਬਹੁਤ ਵਧਦੀ ਹੈ। ਇਸ ਬਿਮਾਰੀ ਦੇ ਹਮਲੇ ਕਾਰਨ ਖਾਸ ਕਰਕੇ ਪੁਰਾਣੇ ਬੂਟਿਆਂ ਦੀਆਂ ਟਾਹਣੀਆਂ ਉੱਪਰੋਂ ਹੇਠਾਂ ਵੱਲ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਪੱਤੇ ਡਿੱਗ ਪੈਂਦੇ ਹਨ। ਬਿਮਾਰ ਟਾਹਣੀਆਂ ਦੀ ਛਿੱਲ ਬਦਰੰਗ ਹੋ ਕੇ ਸੁੰਗੜ ਜਾਂਦੀ ਹੈ। ਅਜਿਹੀਆਂ ਟਾਹਣੀਆਂ ਦੀ ਛਿੱਲ ਵਿੱਚ ਤਰੇੜਾਂ ਪੈ ਜਾਂਦੀਆਂ ਹਨ ਅਤੇ ਛਿੱਲ ਵਿੱਚੋਂ ਗੂੰਦ ਨਿੱਕਲਣੀ ਸ਼ੁਰੂ ਹੋ ਜਾਂਦੀ ਹੈ। ਛੋਟੇ ਬੂਟਿਆਂ ਵਿੱਚ ਜੇਕਰ ਪਿਉਂਦ ਵਾਲੇ ਹਿੱਸੇ ਤੇ ਬਿਮਾਰੀ ਆ ਜਾਵੇ ਤਾਂ ਬੂਟੇ ਮਰ ਜਾਂਦੇ ਹਨ।

ਰੋਕਥਾਮ: ਇਸ ਬਿਮਾਰੀ ਤੋਂ ਬਚਣ ਲਈ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਨਵੇਂ ਬੂਟੇ ਤਿਆਰ ਕਰਨ ਲਈ ਬਿਮਾਰੀ ਰਹਿਤ ਪਿਉਂਦੀ ਅੱਖ ਦੀ ਵਰਤੋਂ ਕਰੋ ਅਤੇ ਬਾਗ ਵਿੱਚ ਸਾਫ਼-ਸਫ਼ਾਈ ਰੱਖੋ। ਰੋਗੀ ਟਾਹਣੀਆਂ ਨੂੰ ਬਿਮਾਰੀ ਵਾਲੇ ਹਿੱਸੇ ਤੋਂ 5 ਸੈਂਟੀਮੀਟਰ ਹੇਠਾਂ ਤੱਕ ਕੱਟ ਕੇ ਸਾੜ ਦਿਉ ਅਤੇ ਇਨ੍ਹਾਂ ਥਾਵਾਂ ਤੇ ਬੋਰਡੋ ਪੇਸਟ ਲਾ ਦਿਉ। ਇਸ ਪਿੱਛੋਂ 2:2:250 ਬੋਰਡੋ ਮਿਸ਼ਰਣ ਜਾਂ ਕੌਪਰ ਔਕਸੀਕਲੋਰਾਈਡ 50 ਤਾਕਤ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ।

ਸੰਪਰਕ: 95010-30274