Expert Advisory Details

idea996-copy-6.jpg
Posted by ਡਾ. ਰਣਜੀਤ ਸਿੰਘ
Punjab
2018-07-23 03:30:57

ਮੀਂਹ ਦੀ ਰੁੱਤ ’ਚ ਫ਼ਸਲਾਂ ਦੀ ਹੋਵੇ ਬਿਹਤਰ ਸੰਭਾਲ

ਬਾਸਮਤੀ ਦੀ ਲੁਆਈ ਅਜੇ ਵੀ ਕੀਤੀ ਜਾ ਸਕਦੀ ਹੈ ਪਰ ਹੁਣ ਬਾਸਮਤੀ 370, ਬਾਸਮਤੀ 386 ਜਾਂ ਪੂਸਾ ਬਾਸਮਤੀ 1509 ਕਿਸਮਾਂ ਦੀ ਲੁਆਈ ਕਰੋ। ਪਿਛਲੇ ਮਹੀਨੇ ਬੀਜੀਆਂ ਫ਼ਸਲਾਂ ਦੀ ਇੱਕ ਗੋਡੀ ਜ਼ਰੂਰ ਕਰੋ। ਬਰਸਾਤ ਵਿੱਚ ਕੀੜੇ ਤੇ ਬਿਮਾਰੀਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ। ਖੇਤਾਂ ਵਿੱਚ ਗੇੜਾ ਮਾਰਦੇ ਰਹੋ। ਜਦੋਂ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਜ਼ਰ ਆਵੇ ਤੁਰੰਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਕਰੋ ਤੇ ਉਨ੍ਹਾਂ ਦੀ ਸਲਾਹ ਅਨੁਸਾਰ ਹੀ ਸਹੀ ਜ਼ਹਿਰ ਦੀ ਸਹੀ ਮਾਤਰਾ ਵਿਚ ਵਰਤੋਂ ਕਰੋ।

ਪੰਜਾਬ ਵਿੱਚ ਰੁੱਖਾਂ ਹੇਠ ਬਹੁਤ ਘੱਟ ਰਕਬਾ ਹੈ। ਨਵੇਂ ਬੂਟੇ ਲਗਾਉਣ ਦਾ ਹੁਣ ਢੁੱਕਵਾਂ ਸਮਾਂ ਹੈ। ਪੰਜਾਬ ਵਿੱਚ ਸਫ਼ੈਦਾ, ਤੂਤ, ਕਿੱਕਰ, ਡੇਕ, ਸਾਗਵਾਨ, ਤੁਣ ਤੇ ਖੈਰ ਦੇ ਰੁੱਖ ਲਗਾਏ ਜਾ ਸਕਦੇ ਹਨ। ਰੁੱਖ ਲਗਾਉਣ ਤੋਂ ਪਹਿਲਾਂ ਇੱਕ ਮੀਟਰ ਡੂੰਘਾ ਟੋਇਆ ਪੁੱਟਿਆ ਜਾਵੇ। ਇਸ ਨੂੰ ਰੂੜੀ ਤੇ ਮਿੱਟੀ ਰਲਾ ਕੇ ਭਰਿਆ ਜਾਵੇ। ਸਿਉਂਕ ਦੀ ਰੋਕਥਾਮ ਲਈ ਹਰੇਕ ਟੋਏ ਵਿੱਚ 15 ਮਿਲੀਲਿਟਰ ਕਲੋਰੋਪਾਈਰੀਫਾਸ 20 ਈ.ਸੀ. ਨੂੰ ਦੋ ਕਿਲੋ ਮਿਟੀ ਵਿੱਚ ਰਲਾ ਕੇ ਪਾਇਆ ਜਾਵੇ। ਬੂਟੇ ਵਣ ਵਿਭਾਗ ਦੀ ਨਰਸਰੀ ਤੋਂ ਲੈਣੇ ਚਾਹੀਦੇ ਹਨ।ਪੰਚਾਇਤਾਂ ਨੂੰ ਚਾਹੀਦਾ ਹੈ ਕਿ ਸਾਂਝੀਆਂ ਥਾਵਾਂ ਅਤੇ ਸੜਕਾਂ ਕੰਢੇ ਰੁੱਖ ਲਗਾਉਣ ਦਾ ਉਪਰਾਲਾ ਕਰਨ।

ਹੁਣ ਜਿੱਥੇ ਸਰਦੀਆਂ ਦੀਆਂ ਅਗੇਤੀਆਂ ਸਬਜ਼ੀਆਂ ਦੀ ਬਿਜਾਈ ਸ਼ੁਰੂ ਹੋ ਗਈ ਹੈ, ਉੱਥੇ ਗਰਮੀਆਂ ਦੀਆਂ ਕੁਝ ਸਬਜ਼ੀਆਂ ਦੀ ਵੀ ਬਿਜਾਈ ਕੀਤੀ ਜਾ ਸਕਦੀ ਹੈ। ਗੋਭੀ ਦੀ ਅਗੇਤੀ ਫ਼ਸਲ ਲੈਣ ਲਈ ਪਨੀਰੀ ਨੂੰ ਪੁੱਟ ਕੇ ਖੇਤਾਂ ਵਿੱਚ ਲਗਾਉਣ ਦਾ ਇਹ ਢੁਕਵਾਂ ਸਮਾਂ ਹੈ। ਮੂਲੀ ਦੀ ਪੂਸਾ ਚੇਤਕੀ ਕਿਸਮ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਇਨ੍ਹਾਂ ਤੋਂ ਇਲਾਵਾ ਭਿੰਡੀ, ਟੀਂਡਾ, ਪੇਠਾ, ਕਾਲੀ ਤੋਰੀ, ਕਰੇਲਾ ਅਤੇ ਘੀਆ ਕਦੂ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਪੰਜਾਬ-8, ਪੰਜਾਬ-7 ਪੀ ੳਐਲ-6, ਪੰਜਾਬ ਪਦਮਨੀ ਭਿੰਡੀ ਦੀਆਂ ਉੱਨਤ ਕਿਸਮਾਂ ਹਨ। ਹੁਣ ਇੱਕ ਏਕੜ ਲਈ ਛੇ ਕਿਲੋ ਬੀਜ ਚਾਹੀਦਾ ਹੈ। ਪੀ.ਏ.ਜੀ-3 ਪੇਠੇ ਦੀ, ਪੰਜਾਬ ਕਾਲੀ ਤੋਰੀ-9 ਅਤੇ ਪੂਸਾ ਚਿਕਨੀ ਕਾਲੀ ਤੋਰੀ ਦੀਆਂ, ਪੰਜਾਬ ਕਰੇਲੀ-1, ਪੰਜਾਬ-14 ਕਰੇਲੇ ਦੀਆਂ ਅਤੇ ਪੰਜਾਬ ਬਰਕਤ, ਪੰਜਾਬ ਲੋਗ ਤੇ ਪੰਜਾਬ ਕੋਮਲ ਘੀਆ ਕੱਦੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਹੁਣ ਟਮਾਟਰਾਂ ਦੀ ਕਾਸ਼ਤ ਬਰਸਾਤ ਵਿੱਚ ਵੀ ਕੀਤੀ ਜਾ ਸਕਦੀ ਹੈ। ਇਸ ਮੌਸਮ ਲਈ ਇੱਕ ਨਵੀਂ ਕਿਸਮ ਪੰਜਾਬ ਵਰਖਾ ਬਹਾਰ-4 ਕਾਸ਼ਤ ਲਈ ਦਿੱਤੀ ਗਈ ਹੈ। ਇਸ ਦੀ ਪਨੀਰੀ ਬੀਜਣ ਦਾ ਹੁਣ ਢੁਕਵਾਂ ਸਮਾਂ ਹੈ। ਪਨੀਰੀ ਨੂੰ ਅਗਲੇ ਮਹੀਨੇ ਪੁੱਟ ਕੇ ਖੇਤ ਵਿੱਚ ਲਗਾਈਆ ਜਾ ਸਕਦਾ ਹੈ। ਗ਼ਮਲਿਆਂ ਵਿਚ ਬੂਟੇ ਲਗਾਏ ਜਾ ਸਕਦੇ ਹਨ। ਹੁਣ ਗੁਲਦਾਉਦੀ ਦੇ ਬੂਟੇ ਲਗਾਉਣ ਦਾ ਢੁਕਵਾਂ ਸਮਾਂ ਹੈ। ਬੀਰਬਲ ਸਾਹਨੀ, ਪੰਜਾਬ ਗੋਲਡ, ਅਨਮੋਲ, ਰੌਇਲ ਪਰਪਲ, ਗਾਰਡਨ ਬਿਊਟੀ, ਬੱਲੋਚਾਰਮ, ਮਟਰ ਟੈਰੇਸਾ, ਰੀਗਲ ਵਾਈਟ, ਵਿੰਟਰ ਕੁੱਈਨ ਆਦਿ ਕੁੱਝ ਮੁੱਖ ਕਿਸਮਾਂ ਹਨ। ਹੁਣ ਬਾਲਸਮ ਕੁਕੜ ਕਲਗੀ, ਗੈਲਾਰਡੀਆ, ਗੇਂਦਾ ਆਦਿ ਫ਼ੁਲਾਂ ਦੇ ਬੂਟੇ ਵੀ ਲਗਾਏ ਜਾ ਸਕਦੇ ਹਨ।

ਬਰਸਾਤ ਦੇ ਮੌਮਸ ਵਿੱਚ ਕੀੜਿਆਂ ਅਤੇ ਬਿਮਾਰੀਆਂ ਦਾ ਵਧੇਰੇ ਹਮਲਾ ਹੁੰਦਾ ਹੈ। ਇਨ੍ਹਾਂ ਦੀ ਰੋਕਥਾਮ ਲਈ ਮਾਹਿਰਾਂ ਦੀ ਰਾਏ ਅਨੁਸਾਰ ਹੀ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ। ਬਿਨਾਂ ਲੋੜ ਤੋਂ ਜਾਂ ਦੁਕਾਨਦਾਰਾਂ ਦੇ ਆਖੇ ਗ਼ਲਤ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਨਰਮੇ ਉੱਤੇ ਕੀੜਿਆਂ ਦਾ ਹਮਲਾ ਵਧੇਰੇ ਹੁੰਦਾ ਹੈ। ਇਸ ਦੀ ਰੋਕਥਾਮ ਲਈ ਮਾਹਿਰਾਂ ਦੀ ਦੇਖ ਰੇਖ ਹੇਠ ਸਾਰੇ ਪਿੰਡ ਨੂੰ ਇਕੋ ਸਮੇਂ ਜ਼ਹਿਰਾਂ ਦਾ ਛਿੜਕਾ ਕਰਨਾ ਚਾਹੀਦਾ ਹੈ। ਜੇ ਕੋਈ ਖੇਤ ਵਿਹਲਾ ਹੈ ਤਾਂ ਉੱਥੇ ਚਾਰੇ ਦੀ ਬਿਜਾਈ ਕਰ ਲੈਣੀ ਚਾਹੀਦੀ ਹੈ। ਹੁਣ ਮੱਕੀ, ਬਾਜਰਾ ਅਤੇ ਚਰੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਜੇ ਦਾਲਾਂ ਦੀ ਬਿਜਾਈ ਨਹੀਂ ਕੀਤੀ ਤਾਂ ਹੁਣ ਵੀ ਮਾਂਹ ਅਤੇ ਮੁੰਗੀ ਬੀਜੇ ਜਾ ਸਕਦੇ ਹਨ। ਤਿਲਾਂ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ।

ਇਸ ਮੌਸਮ ਵਿਚ ਬਿਮਾਰੀਆਂ ਤੇ ਕੀੜਿਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ। ਇਨ੍ਹਾਂ ਬਿਮਾਰੀਆਂ ਤੋਂ ਫ਼ਸਲਾਂ ਅਤੇ ਡੰਗਰਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਖੇਤਾਂ ਵਿਚ ਸਵੇਰੇ ਸ਼ਾਮ ਗੇੜਾ ਮਾਰੋ ਅਤੇ ਮਾਹਿਰਾਂ ਦੇ ਦੱਸੇ ਅਨੁਸਾਰ ਜ਼ਹਿਰਾਂ ਦੀ ਵਰਤੋਂ ਕਰੋ। ਲੋੜ ਤੋਂ ਵੱਧ ਰਸਾਇਣਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਜਿੱਥੇ ਖਰਚੇ ਵਿੱਚ ਵਾਧਾ ਹੁੰਦਾ ਹੈ ਉਥੇ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ।

ਡੰਗਰਾਂ ਨੂੰ ਹਮੇਸ਼ਾਂ ਸੁੱਕੀ ਥਾਂ ਬੰਨ੍ਹੋ। ਚਿੱਚੜਾਂ ਦਾ ਧਿਆਨ ਰੱਖੋ, ਜੇਕਰ ਡੰਗਰਾਂ ਨੂੰ ਲੱਗ ਜਾਣ ਤਾਂ ਇਨ੍ਹਾਂ ਦੀ ਰੋਕਥਾਮ ਕੀਤੀ ਜਾਵੇ। ਪੀਣ ਲਈ ਤਾਜ਼ਾ ਪਾਣੀ ਦੇਵੋ। ਖ਼ੁਰਾਕ ਵਿੱਚ ਖਲ ਦੀ ਮਾਤਰਾ ਥੋੜ੍ਹੀ ਵੱਧ ਕਰ ਦੇਣੀ ਚਾਹੀਦੀ ਹੈ। ਜੇ ਡੰਗਰਾਂ ਨੂੰ ਗਨਘੋਟੂ ਬਿਮਾਰੀ ਦਾ ਟੀਕਾ ਨਹੀਂ ਲਗਾਇਆ ਤਾਂ ਹੁਣ ਲਗਾ ਲਵੋ।

ਸਦਾ ਬਹਾਰ ਫ਼ਲਦਾਰ ਬੂਟੇ ਲਗਾਉਣ ਦਾ ਹੁਣ ਢੁਕਵਾਂ ਸਮਾਂ ਆ ਗਿਆ ਹੈ। ਜੇਕਰ ਬਾਗ ਲਗਾਉਣਾ ਹੈ ਤਾਂ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਜ਼ਰੂਰ ਕਰਵਾਈ ਜਾਵੇ। ਉਸੇ ਖੇਤ ਵਿਚ ਬਾਗ ਲਗਾਇਆ ਜਾਵੇ ਜਿਹੜਾ ਇਸ ਲਈ ਢੁੱਕਵਾਂ ਹੈ। ਹੁਣ ਕਿੰਨੂ, ਮਾਲਟਾ, ਨਿੰਬੂ, ਗਰੇਪਫ਼ਰੂਟ, ਅਮਰੂਦ, ਅੰਬ, ਬੇਰ, ਲੀਚੀ, ਤੇ ਚੀਕੂ ਨੀਮ ਪਹਾੜੀ ਇਲਾਕੇ ਵਿ ਲਗਾਏ ਜਾਂਦੇ ਹਨ।ਇਸ ਵੇਰ ਆਪਣੀ ਬੰਬੀ ਲਾਗੇ ਚਾਰ ਜਾਂ ਪੰਜ ਫ਼ਲਾਂ ਦੇ ਬੂਟੇ ਜ਼ਰੂਰ ਲਗਾਏ ਜਾਣ।ਇਨ੍ਹਾਂ ਵਿਚ ਨਿੰਬੂ, ਅਮਰੂਦ, ਬੇਰ, ਅੰਬ ਤੇ ਕਿੰਨੂ ਨੂੰ ਪਹਿਲ ਦਿੱਤੀ ਜਾਵੇ।