Expert Advisory Details

idea99PAU.jpg
Posted by Communication Department, PAU
Punjab
2018-06-07 10:00:47

 ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਪੈਣ ਦਾ ਅਨੁਮਾਨ ਹੈ। 

ਚੇਤਾਵਨੀ: ਆਉਣ ਵਾਲੇ ਦਿਨਾਂ ਦੌਰਾਨ ਕਿਤੇ-ਕਿਤੇ ਧੂੜ ਭਰੀਆਂ ਹਵਾਵਾਂ ਚੱਲਣ/ਗਰਜ-ਚਮਕ ਨਾਲ ਛਿੱਟੇ ਪੈਣ ਦਾ ਅਨੁਮਾਨ ਹੈ। ਅਗਲੇ 2 ਦਿਨ੍ਹਾਂ ਦਾ ਮੌਸਮ: ਕਿਤੇ-ਕਿਤੇ ਹਲਕਾ ਮੀਂਹ ਪੈਣ ਦਾ ਅਨੁਮਾਨ ਹੈ।

ਪੰਜਾਬ ਵਿੱਚ 06-10 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ 36-40 ਡਿਗਰੀ ਸੈਂਟੀਗ੍ਰੇਡ (ਨੀਮ ਪਹਾੜੀ ਅਤੇ ਕੇਂਦਰੀ ਇਲਾਕਿਆਂ ਵਿੱਚ), 36-44 ਡਿਗਰੀ ਸੈਂਟੀਗ੍ਰੇਡ (ਦੱਖਣੀ ਪੱਛਮੀ ਇਲਾਕਿਆਂ ਵਿੱਚ) ਅਤੇ ਘੱਟ ਤੋਂ ਘੱਟ ਤਾਪਮਾਨ 26-30 ਡਿਗਰੀ ਸੈਂਟੀਗ੍ਰੇਡ (ਨੀਮ ਪਹਾੜੀ, ਕੇਂਦਰੀ ਅਤੇ ਦੱਖਣੀ ਪੱਛਮੀ ਇਲਾਕਿਆਂ ਵਿੱਚ) ਤੱਕ ਰਹਿਣ ਦਾ ਅਨੁਮਾਨ ਹੈ, ਜਦਕਿ ਹਵਾ ਵਿੱਚ ਵੱਧ ਤੋਂ ਵੱਧ ਨਮੀਂ 50-65% (ਨੀਮ ਪਹਾੜੀ ਇਲਾਕਿਆਂ ਵਿੱਚ), 48-65(ਕੇਂਦਰੀ ਇਲਾਕਿਆਂ ਵਿੱਚ), 45-65% (ਦੱਖਣੀ ਪੱਛਮੀ ਇਲਾਕਿਆਂ ਵਿੱਚ) ਅਤੇ ਘੱਟ ਤੋਂ ਘੱਟ ਨਮੀਂ 20-38% (ਨੀਮ ਪਹਾੜੀ ਅਤੇ ਕੇਂਦਰੀ ਇਲਾਕਿਆਂ ਵਿੱਚ), 23-38% (ਦੱਖਣੀ ਪੱਛਮੀ ਇਲਾਕਿਆਂ ਵਿੱਚ) ਤੱਕ ਰਹਿਣ ਦਾ ਅਨੁਮਾਨ ਹੈ।

ਪੀ.ਏ.ਯੂ. ਦੇ ਖੇਤੀ ਮੌਸਮ ਸਲਾਹਕਾਰ ਕਮੇਟੀ ਦੇ ਮਾਹਿਰਾਂ ਨੇ ਆਉਣ ਵਾਲੇ ਦਿਨ੍ਹਾਂ ਵਿੱਚ ਗਰਮ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਨੂੰ ਸਬਜ਼ੀਆਂ, ਫ਼ਲਾਂ ਅਤੇ ਫਸਲਾਂ ਨੂੰ ਲੋੜ ਅਨੁਸਾਰ ਪਾਣੀ ਲਾਉਣ ਦੀ ਸਲਾਹ ਦਿੱਤੀ ਹੈ। ਆਉਣ ਵਾਲੇ ਦਿਨ੍ਹਾਂ ਵਿੱਚ ਗਰਮ ਰੁੱਤ ਦੀ ਮੂੰਗੀ, ਮਾਂਹ, ਸੂਰਜਮੁਖੀ ਅਤੇ ਬਹਾਰ ਰੁੱਤ ਦੀ ਮੱਕੀ ਨੂੰ ਚੰਗੇ ਵਾਧੇ ਲਈ ਲੋੜ ਅਨੁਸਾਰ ਪਾਣੀ ਦਿੰਦੇ ਰਹੋ।

•ਝੋਨੇ ਦੀ ਪਨੀਰੀ ਨੂੰ ਲੋੜ ਅਨੁਸਾਰ ਪਾਣੀ ਦਿੰਦੇ ਰਹੋ।

•ਕਪਾਹ ਦੇ ਖੇਤਾਂ ਵਿੱਚ ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰੋ।

•ਕਮਾਦ ਦੀ ਫਸਲ ਨੂੰ ਅਗੇਤੀ ਫੋਟ ਦੇ ਗੜੂੰਏ ਤੋਂ ਬਚਾਉਣ ਲਈ ਟਰਾਈਕੋਗਰਾਮਾ ਕਿਲੋਨਸ (ਮਿੱਤਰ ਕੀੜੇ) ਰਾਹੀਂ ਸੱਤ ਦਿਨ ਪਹਿਲਾਂ ਪ੍ਰਜੀਵੀ ਕਿਰਿਆ ਕੀਤੇ ਕੌਰਸਾਇਰਾ ਦੇ ਤਕਰੀਬਨ 20,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਫਰਕ ਨਾਲ ਵਰਤੋ। ਕਮਾਦ ਦੇ ਖੇਤ ਵਿੱਚੋਂ ਨਦੀਨਾਂ ਦੀ ਰੋਕਥਾਮ ਕਰੋ।

•ਗਰਮੀ ਰੁੱਤ ਦੀ ਮੂੰਗੀ ਨੂੰ ਤੰਬਾਕੂ ਸੁੰਡੀ ਤੋਂ ਬਚਾਉਣ ਲਈ 150 ਮਿ.ਲੀ. ਰੀਮੋਨ (ਨੋਵਾਲੂਰੋਨ) 800 ਗ੍ਰਾਮ ਐਸੀਫ਼ੇਟ 75 ਐਸ.ਪੀ ਜਾਂ 1.5 ਲੀਟਰ ਕਲੋਰਪਾਈਰੀਫਾੱਸ 20 ਈ ਸੀ ਨੂੰ 100 ਲੀਟਰ ਪਾਣੀ ਘੋਲ ਕੇ ਹੱਥ ਨਾਲ ਚੱਲਣ ਵਾਲੇ ਪਿੱਠੂ ਪੰਪ ਨਾਲ ਪ੍ਰਤੀ ਏਕੜ ਕੇ ਹਿਸਾਬ ਨਾਲ ਛਿੜਕਾਅ ਕਰੋ।

•ਇਹ ਸਮਾਂ ਬਰਸਾਤ ਰੁੱਤ ਦੀਆਂ ਸਬਜ਼ੀਆਂ ਜਿਵੇਂ ਕਿ ਕੱਦੂ ਜਾਤੀ ਦੀਆਂ ਸਬਜ਼ੀਆਂ, ਭਿੰਡੀ ਅਤੇ ਲੋਬੀਆ ਆਦਿ ਨੂੰ ਬੀਜਣ ਲਈ ਬਹੁਤ ਢੁੱਕਵਾਂ ਹੈ। ਪਿਆਜ ਦੀ ਪੁਟਾਈ ਖਤਮ ਕਰ ਲਵੋ।

•ਚੱਲ ਰਹੇ ਖੁਸ਼ਕ ਮੌਸਮ ਵਿੱਚ ਕੱਦੂ ਜਾਤੀ ਦੀ ਫਸਲ ਨੂੰ ਪੀਲੇ ਧੱਬਿਆਂ ਦੇ ਰੋਗ ਤੋਂ ਬਚਾਉਣ ਲਈ 300-600 ਗ੍ਰਾਮ ਇੰਡੋਫਿਲ ਐਮ 45/ਕਵਚ ਦਾ ਛਿੜਕਾਅ 100-200 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਬਿਮਾਰੀ ਦੇ ਜ਼ਿਆਦਾ ਖਤਰੇ ਦੀ ਹਾਲਤ ਵਿੱਚ ਰਿਡੋਮਿਲ ਗੋਲਡ 500 ਗ੍ਰਾਮ ਜਾਂ ਏਲੀਐਟ 600 ਗ੍ਰਾਮ ਪ੍ਰਤੀ 200 ਲੀਟਰ ਪਾਣੀ ਵਿੱਚ ਘੋਲ ਕੇ 10 ਦਿਨਾਂ ਦੇ ਅੰਦਰ ਛਿੜਕਾਅ ਕਰੋ।

•ਟਮਾਟਰ, ਬੈਂਗਣ, ਮਿਰਚ, ਭਿੰਡੀ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਚੰਗੀ ਪੈਦਾਵਾਰ ਲਈ ਫਸਲ ਅਤੇ ਮਿੱਟੀ ਦੀ ਲੋੜ ਅਨੁਸਾਰ 5-7 ਦਿਨਾਂ ਦੇ ਵਕਫੇ ਤੇ ਪਾਣੀ ਦਿਓ। ਬੈਂਗਣਾਂ ਦੇ ਤਣੇ ਅਤੇ ਫਲਾਂ ਵਿੱਚ ਮੋਰੀ ਕਰਨ ਵਾਲੀ ਸੁੰਡੀ ਦੀ ਰੋਕਥਾਮ ਲਈ 800 ਮਿ.ਲੀ. ਕੁਇਨਲਫਾੱਸ ਜਾਂ 500 ਮਿ.ਲੀ. ਟਰਾਈਜੋਫਾੱਸ ਜਾਂ 100 ਮਿ.ਲੀ. ਫੈਨਵਲਰੇਟ ਜਾਂ 200 ਮਿ.ਲੀ. ਸਾਈਪਰਮੈਥਰੀਨ ਜਾਂ 160 ਮਿ.ਲੀ. ਡੇਲਟਾਮੈਥਰੀਨ ਨੂੰ 100-125 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

•ਗਰਮੀ ਦੇ ਭੈੜੇ ਅਸਰ ਤੋਂ ਫ਼ਲਦਾਰ ਬੂਟਿਆਂ ਨੂੰ ਬਚਾਉਣ ਲਈ ਤਣਿਆਂ ‘ਤੇ ਕਲੀ (ਸਫ਼ੈਦੀ) ਕਰ ਦਿਓ। ਖੁਸ਼ਕ ਮੌਸਮ ਨੂੰ ਦੇਖਦੇ ਹੋਏ ਆੜੂ, ਅੰਗੂਰ, ਲੀਚੀ ਅਤੇ ਨਾਖਾਂ ਦੇ ਵਧੀਆ ਫ਼ਲ ਅਤੇ ਆਕਾਰ ਲਈ ਦਰੱਖ਼ਤਾਂ ਨੂੰ ਥੋੜੇ-ਥੋੜੇ ਵਕਫੇ ‘ਤੇ ਪਾਣੀ ਦਿਓ। ਲੀਚੀ ਦੇ ਛੋਟੇ ਬੂਟਿਆਂ ਨੂੰ ਹਫ਼ਤੇ ਵਿੱਚ ਦੋ ਵਾਰ ਪਾਣੀ ਦਿਓ।

•ਇਸ ਮੌਸਮ ਦੌਰਾਨ ਮੱਝਾਂ ਵਿੱਚ ਗੂੰਗੇ ਹੇਹੇ ਦੀ ਵੱਡੀ ਮੁਸ਼ਕਿਲ ਹੁੰਦੀ ਹੈ, ਸੋ ਮੱਝਾਂ ਨੂੰ ਸਵੇਰੇ ਸਵਖਤੇ ਅਤੇ ਸ਼ਾਮ ਵੇਲੇ ਸ਼ਿਆਨ ਰੱਖਣਾ ਚਾਹੀਦਾ ਹੈ। ਜੇ ਮੱਝਾਂ ਤਾਰਾਂ ਕਰਦੀਆਂ ਹਨ ਤਾਂ ਇਹ ਹੇਹੇ ਦੀ ਨਿਸ਼ਾਨੀ ਹੈ। ਪਸ਼ੂਆਂ ਨੂੰ ਗਲ-ਘੋਟੂ, ਪੱਟ ਸੋਜ਼ ਦੇ ਟੀਕੇ ਲਗਵਾਉਣੇ ਹਨ ਤਾਂ ਜੋ ਇਨ੍ਹਾਂ ਬੀਮਾਰੀਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਪਸ਼ੂਆਂ ਨੂੰ ਬਚਾਇਆ ਜਾ ਸਕੇ। ਪਸ਼ੂਆਂ ਵਿੱਚ ਚਿੱਚੜਾਂ, ਜੂੰਆਂ ਅਤੇ ਮੱਖੀਆਂ ਤੋਂ ਬਚਾਉਣ ਲਈ 0.1% ਬਿਊਟੋਕਸ ਦਵਾਈ ਦਾ ਛਿੜਕਾਅ ਕਰੋ ਤਾਂ ਹੋਣ ਵਾਲੇ ਨੁਕਸਾਨ ਤੋਂ ਪਸ਼ੂਆਂ ਨੂੰ ਬਚਾਇਆ ਜਾ ਸਕੇ, ਕਿਉਂਕਿ ਇਹ ਖੂਨ ਚੂਸਣ ਦੇ ਨਾਲ-ਨਾਲ ਹੋਰ ਬੀਮਾਰੀਆਂ ਫੈਲਾਉਂਦੇ ਹਨ।