Expert Advisory Details

idea99PAU-6.jpg
Posted by Punjab Agricutural University
Punjab
2018-05-22 13:33:14

 ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ।ਚੇਤਾਵਨੀ: ਆਉਣ ਵਾਲੀ 23-24 ਮਈ ਨੂੰ ਕਿਤੇ-ਕਿਤੇ ਗਰਮ ਲਹਿਰ ਚੱਲਣ ਦਾ ਅਨੁਮਾਨ ਹੈ। ਅਗਲੇ 2 ਦਿਨ੍ਹਾਂ ਦਾ ਮੌਸਮ: ਮੌਸਮ ਖੂਸ਼ਕ ਰਹਿਣ ਦਾ ਅਨੁਮਾਨ ਹੈ।

ਪੰਜਾਬ ਵਿੱਚ 23-27 ਮਈ ਤੱਕ ਵੱਧ ਤੋਂ ਵੱਧ ਤਾਪਮਾਨ 41-431 ਡਿਗਰੀ ਸੈਂਟੀਗ੍ਰੇਡ (ਨੀਮ ਪਹਾੜੀ ਇਲਾਕਿਆਂ ਵਿੱਚ), 41-44 (ਕੇਂਦਰੀ ਇਲਾਕਿਆਂ ਵਿੱਚ), 42-45 ਡਿਗਰੀ ਸੈਂਟੀਗ੍ਰੇਡ (ਦੱਖਣੀ ਪੱਛਮੀ ਇਲਾਕਿਆਂ ਵਿੱਚ) ਅਤੇ ਘੱਟ ਤੋਂ ਘੱਟ ਤਾਪਮਾਨ 23-27 (ਨੀਮ ਪਹਾੜੀ ਵਿੱਚ), 24-27 (ਕੇਂਦਰੀ ਇਲਾਕਿਆਂ ਵਿੱਚ) ਅਤੇ 26-27 (ਦੱਖਣੀ ਪੱਛਮੀ ਇਲਾਕਿਆਂ ਵਿੱਚ) ਤੱਕ ਰਹਿਣ ਦਾ ਅਨੁਮਾਨ ਹੈ, ਜਦਕਿ ਹਵਾ ਵਿੱਚ ਵੱਧ ਤੋਂ ਵੱਧ ਨਮੀਂ 28-38% (ਨੀਮ ਪਹਾੜੀ ਇਲਾਕਿਆਂ ਵਿੱਚ), 22-38 (ਕੇਂਦਰੀ ਇਲਾਕਿਆਂ ਵਿੱਚ), 22-35% (ਦੱਖਣੀ ਪੱਛਮੀ ਇਲਾਕਿਆਂ ਵਿੱਚ) ਅਤੇ ਘੱਟ ਤੋਂ ਘੱਟ ਨਮੀਂ 8-13% (ਨੀਮ ਪਹਾੜੀ ਵਿੱਚ), 7-13 (ਕੇਂਦਰੀ ਇਲਾਕਿਆਂ ਅਤੇ ਦੱਖਣੀ ਪੱਛਮੀ ਇਲਾਕਿਆਂ ਵਿੱਚ) ਤੱਕ ਰਹਿਣ ਦਾ ਅਨੁਮਾਨ ਹੈ।

ਪੀਏਯੂ ਦੇ ਖੇਤੀ ਮੌਸਮ ਸਲਾਹਕਾਰ ਕਮੇਟੀ ਦੇ ਮਾਹਿਰਾਂ ਨੇ ਆਉਣ ਵਾਲੇ ਦਿਨ੍ਹਾਂ ਵਿੱਚ ਗਰਮ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਨੂੰ ਸਬਜ਼ੀਆਂ, ਫ਼ਲਾਂ ਅਤੇ ਫਸਲਾਂ ਨੂੰ ਲੋੜ ਅਨੁਸਾਰ ਪਾਣੀ ਲਾਉਣ ਦੀ ਸਲਾਹ ਦਿੱਤੀ ਹੈ।ਗਰਮ ਰੁੱਤ ਦੀ ਮੂੰਗੀ, ਮਾਂਹ, ਸੂਰਜਮੁੱਖੀ ਅਤੇ ਬਹਾਰ ਰੁੱਤ ਦੀ ਮੱਕੀ ਦੇ ਚੰਗੇਰੇ ਵਾਧੇ ਲਈ ਲੋੜ ਅਨੁਸਾਰ ਪਾਣੀ ਦਿੰਦੇ ਰਹੋ।

ਇਹ ਸਮਾਂ ਝੋਨੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਜਿਵੇਂ ਪੀ ਆਰ 127, ਪੀ ਆਰ 126, ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 116, ਪੀ ਆਰ 114, ਪੀ ਆਰ 113 ਦੀ ਬਿਜਾਈ ਲਈ ਢੁੱਕਵਾਂ ਹੈ।ਖੇਤ ਨੂੰ ਭਰਵਾਂ ਪਾਣੀ ਦਿਉ ਅਤੇ ਕੱਦੂ ਕਰੋ।ਬੀਜਣ ਤੋਂ ਪਹਿਲਾਂ 8 ਕਿਲੋ ਬੀਜ ਨੂੰ ਪਹਿਲਾਂ 10 ਲਿਟਰ ਪਾਣੀ ਵਿੱਚ 20 ਗ੍ਰਾਮ ਬਾਵਿਸਟਨ ਅਤੇ ਇਕ ਗ੍ਰਾਮ ਸਟਰੈਪਟੋਸਾਈਕਲੀਨ ਵਿੱਚ 8 ਤੋਂ 10 ਘੰਟੇ ਤੱਕ ਭਿਉਂ ਕੇ ਸੋਧ ਲਉ।

ਕਪਾਹ ਦੇ ਖੇਤਾਂ ਵਿੱਚ ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰੋ।

ਕਮਾਦ ਦੀ ਫਸਲ ਨੂੰ ਅਗੇਤੀ ਫੋਟ ਦੇ ਗੜੂੰਏ ਤੋਂ ਬਚਾਉਣ ਲਈ ਟਰਾਈਕੋਗਰਾਮਾ ਕਿਲੋਨਸ (ਮਿੱਤਰ ਕੀੜੇ) ਰਾਹੀਂ ਸੱਤ ਦਿਨ ਪਹਿਲਾਂ ਪ੍ਰਜੀਵੀ ਕਿਰਿਆ ਕੀਤੇ ਕੌਰਸਾਇਰਾ ਦੇ ਤਕਰੀਬਨ 20,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਫਰਕ ਨਾਲ ਵਰਤੋ।

ਕਮਾਦ ਦੇ ਖੇਤ ਵਿੱਚੋਂ ਨਦੀਨਾਂ ਦੀ ਰੋਕਥਾਮ ਕਰੋ।

ਗਰਮੀ ਰੁੱਤ ਦੀ ਮੂੰਗੀ ਨੂੰ ਤੰਬਾਕੂ ਸੁੰਡੀ ਤੋਂ ਬਚਾਉਣ ਲਈ 800 ਗ੍ਰਾਮ ਐਸੀਫ਼ੇਟ 75 ਐਸ ਪੀ ਜਾਂ 1.5 ਲਿਟਰ ਕਲੋਰਪਾਈਰੀਫਾਸ 20 ਈ ਸੀ ਨੂੰ 100 ਲਿਟਰ ਪਾਣੀ ਘੋਲ ਕੇ ਹੱਥ ਨਾਲ ਚੱਲਣ ਵਾਲੇ ਪਿੱਠੂ ਪੰਪ ਨਾਲ ਪ੍ਰਤੀ ਏਕੜ ਕੇ ਹਿਸਾਬ ਨਾਲ ਛਿੜਕਾਅ ਕਰੋ।

ਗੰਢਿਆਂ ਦੀ ਜੂੰ ਦੀ ਰੋਕਥਾਮ ਲਈ 250 ਮਿਲੀਲਿਟਰ ਮੈਲਾਥੀਆਨ 50 ਤਾਕਤ ਪ੍ਰਤੀ ਏਕੜ ਨੂੰ 80 ਲਿਟਰ ਪਾਣੀ ਘੋਲ ਕੇ ਛਿੜਕਾਅ ਕਰੋ।ਇਹ ਛਿੜਕਾਅ ਗੰਢੇ ਪੱਟਣ ਤੋਂ 7 ਦਿਨ ਪਹਿਲਾਂ ਬੰਦ ਕਰ ਦਿਉ।

ਟਮਾਟਰਾਂ ਦੇ ਫ਼ਲ ਦੇ ਗੜੂੰਏਂ ਦੀ ਰੋਕਥਾਮ ਲਈ 30 ਮਿਲੀਲਿਟਰ ਫੇਮ 480 ਐਸ ਐਲ ਜਾਂ 600 ਮਿਲੀਲਿਟਰ ਕਰੀਨਾ 50 ਤਾਕਤ ਜਾਂ ਕੋਰਾਜਨ 18.5 ਤਾਕਤ ਜਾਂ 100 ਮਿਲੀਲਿਟਰ ਸੁਮੀਸੀਡੀਨ 20 ਤਾਕਤ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਫੇਮ ਦੇ ਛਿੜਕਾਅ ਤੋਂ ਬਾਅਦ ਫ਼ਲ ਤੋੜਨ ਲਈ 3 ਦਿਨ੍ਹਾਂ ਤੱਕ ਇੰਤਜ਼ਾਰ ਕਰੋ।

ਟਮਾਟਰਾਂ ਦੀ ਫਸਲ ਨੂੰ ਝੁਲਸ ਰੋਗ ਤੋਂ ਬਚਾਉਣ ਲਈ ਇੰਡੋਫਿਲ ਐਮ-45 600 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ।

ਗਰਮੀ ਦੇ ਭੈੜੇ ਅਸਰ ਤੋਂ ਫ਼ਲਦਾਰ ਬੂਟਿਆਂ ਨੂੰ ਬਚਾਉਣ ਲਈ ਤਣਿਆਂ ਤੇ ਕਲੀ (ਸਫ਼ੈਦੀ) ਕਰ ਦਿਉ।

ਇਸ ਮਹੀਨੇ ਲੀਚੀ, ਅਨਾਰ ਅਤੇ ਨਿੰਬੂ ਦੇ ਫ਼ਲਾਂ ਦਾ ਛਿਲਕਾ ਫੁੱਟਦਾ ਹੈ। ਇਸ ਨੂੰ ਰੋਕਣ ਲਈ ਪਾਣੀ ਦਾ ਛਿੜਕਾਅ ਲਾਭਦਾਇਕ ਹੋ ਸਕਦਾ ਹੈ।

ਆੜੂ, ਅੰਗੂਰ, ਲੀਚੀ ਅਤੇ ਨਾਖਾਂ ਦੇ ਵਧੀਆ ਫ਼ਲ ਅਤੇ ਆਕਾਰ ਲਈ ਦਰਖ਼ਤਾਂ ਨੂੰ ਜਲਦੀ ਜਲਦੀ ਪਾਣੀ ਦਿਉ।ਲੀਚੀ ਦੇ ਛੋਟੇ ਬੂਟਿਆਂ ਨੂੰ ਹਫ਼ਤੇ ਵਿਚ ਦੋ ਵਾਰ ਪਾਣੀ ਦਿਉ ।

ਬੇਰ ਦੇ ਬੂਟਿਆਂ ਦੀ ਕਾਂਟ-ਛਾਂਟ ਮਈ ਦੇ ਅਖੀਰ ਤੱਕ ਪੂਰੀ ਕਰ ਲਵੋ ।

ਕਿੰਨੂ ਦੇ ਫਲਾਂ ਦੀ ਗੁਣਵੱਤਾ ਸੁਧਾਰਨ ਲਈ 1% ਪੋਟਾਸ਼ੀਅਮ ਨਾਈਟ੍ਰੇਟ ਦਾ ਪਹਿਲਾ ਛਿੜਕਾਅ ਖਾਸ ਕਰਕੇ ਪੋਟਾਸੀਅਮ ਦੀ ਘਾਟ ਵਾਲੇ ਖੇਤਰਾ ਵਿੱਚ ਮਈ ਦੇ ਅੰਤ ਵਿੱਚ ਕਰੋ ।

ਮੱਝਾਂ ਵਿੱਚ ਗਰਮੀ ਦੇ ਮਹੀਨਿਆਂ ਵਿੱਚ ਗੂੰਗੇ ਹੇਹੇ ਦੀ ਮੁਸ਼ਕਿਲ ਆ ਜਾਂਦੀ ਹੈ। ਸਵੇਰੇ-ਸਵੇਰੇ ਅਤੇ ਸ਼ਾਮ ਵੇਲੇ ਹੇਹੇ ਦੀਆਂ ਨਿਸ਼ਾਨੀਆਂ ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ।ਪਸ਼ੂਆਂ ਨੂੰ ਗਲ-ਘੋਟੂ ਅਤੇ ਪੱਟ-ਸੋਜ ਦੇ ਟੀਕੇ ਲਗਵਾਉੇ। ਪਸ਼ੂਆਂ ਨੂੰ ਚਿੱਚੜਾਂ, ਜੂੰਆਂ ਅਤੇ ਮੱਖੀਆਂ ਤੋਂ ਬਚਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਠੰਢਾ ਅਤੇ ਤਾਜ਼ਾ ਪਾਣੀ ਦਿਉ।