Expert Advisory Details

idea99PAU.jpg
Posted by Punjab Agricultural University
Punjab
2018-05-17 06:42:42

ਝੋਨੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਬਿਜਯੀ ਅਤੇ ਖੇਤੀ ਮੌਸਮ ਸਲਾਹ 

 16-May-2018

 

ਪੰਜਾਬ ਵਿੱਚ ਆਉਣ ਵਾਲੇ 24 ਘੰਟਿਆਂ ਦੌਰਾਨ ਕਿਤੇ-ਕਿਤੇ ਹਲਕੇ ਛਿੱਟੇ ਪੈਣ ਅਤੇ ਉਸ ਤੋਂ ਬਾਅਦ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ।ਅਗਲੇ 2 ਦਿਨ੍ਹਾਂ ਦਾ ਮੌਸਮ: ਕਿਤੇ-ਕਿਤੇ ਹਲਕੀ ਬਾਰਿਸ਼ ਹੋਣ ਦਾ ਅਨੁਮਾਨ ਹੈ।

ਪੰਜਾਬ ਵਿੱਚ 16-20 ਮਈ ਤੱਕ ਵੱਧ ਤੋਂ ਵੱਧ ਤਾਪਮਾਨ 38-41 ਡਿਗਰੀ ਸੈਂਟੀਗ੍ਰੇਡ (ਨੀਮ ਪਹਾੜੀ ਅਤੇ ਕੇਂਦਰੀ ਇਲਾਕਿਆਂ ਵਿੱਚ), 39-42 ਡਿਗਰੀ ਸੈਂਟੀਗ੍ਰੇਡ (ਦੱਖਣੀ ਪੱਛਮੀ ਇਲਾਕਿਆਂ ਵਿੱਚ) ਅਤੇ ਘੱਟ ਤੋਂ ਘੱਟ ਤਾਪਮਾਨ 23-26 (ਨੀਮ ਪਹਾੜੀ, ਕੇਂਦਰੀ ਅਤੇ ਦੱਖਣੀ ਪੱਛਮੀ ਇਲਾਕਿਆਂ ਵਿੱਚ) ਤੱਕ ਰਹਿਣ ਦਾ ਅਨੁਮਾਨ ਹੈ, ਜਦਕਿ ਹਵਾ ਵਿੱਚ ਵੱਧ ਤੋਂ ਵੱਧ ਨਮੀਂ 40-58% (ਨੀਮ ਪਹਾੜੀ ਇਲਾਕਿਆਂ ਵਿੱਚ), 38-58 (ਕੇਂਦਰੀ ਇਲਾਕਿਆਂ ਵਿੱਚ), 38-55% (ਦੱਖਣੀ ਪੱਛਮੀ ਇਲਾਕਿਆਂ ਵਿੱਚ) ਅਤੇ ਘੱਟ ਤੋਂ ਘੱਟ ਨਮੀਂ 15-35% (ਨੀਮ ਪਹਾੜੀ ਅਤੇ ਕੇਂਦਰੀ ਇਲਾਕਿਆਂ ਵਿੱਚ), 23-35% (ਦੱਖਣੀ ਪੱਛਮੀ ਇਲਾਕਿਆਂ ਵਿੱਚ) ਤੱਕ ਰਹਿਣ ਦਾ ਅਨੁਮਾਨ ਹੈ।

ਪੀਏਯੂ ਦੇ ਖੇਤੀ ਮੌਸਮ ਸਲਾਹਕਾਰ ਕਮੇਟੀ ਦੇ ਮਾਹਿਰਾਂ ਨੇ ਆਉਣ ਵਾਲੇ ਦਿਨ੍ਹਾਂ ਵਿੱਚ ਖੁਸ਼ਕ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਨੂੰ ਸਬਜ਼ੀਆਂ ਅਤੇ ਫਸਲਾਂ ਨੂੰ ਲੋੜ ਅਨੁਸਾਰ ਪਾਣੀ ਲਾਉਣ ਦੀ ਸਲਾਹ ਦਿੱਤੀ ਹੈ।ਸੂਰਜਮੁੱਖੀ ਅਤੇ ਬਹਾਰ ਰੁੱਤ ਦੀ ਮੱਕੀ ਦੇ ਚੰਗੇਰੇ ਵਾਧੇ ਲਈ ਲੋੜ ਅਨੁਸਾਰ ਪਾਣੀ ਦਿੰਦੇ ਰਹੋ। ਸੂਰਜਮੁਖੀ ਦੀ ਫ਼ਸਲ ਨੂੰ ਇਸ ਵੇਲੇ ਪਾਣੀ ਦੀ ਘਾਟ ਨਹੀਂ ਆਉਣੀ ਚਾਹੀਦੀ।

  • ਝੋਨੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਜਿਵੇਂ ਪੀ ਆਰ 127, ਪੀ ਆਰ 126, ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 116, ਪੀ ਆਰ 114, ਪੀ ਆਰ 113 ਦੀ ਬਿਜਾਈ 20 ਮਈ ਤੋਂ ਬਾਅਦ ਸ਼ੁਰੂ ਕਰੋ।ਖੇਤ ਨੂੰ ਭਰਵਾਂ ਪਾਣੀ ਦਿਉ ਅਤੇ ਕੱਦੂ ਕਰੋ।ਬੀਜਣ ਤੋਂ ਪਹਿਲਾਂ 8 ਕਿਲੋ ਬੀਜ ਨੂੰ ਪਹਿਲਾਂ 10 ਲਿਟਰ ਪਾਣੀ ਵਿੱਚ 20 ਗ੍ਰਾਮ ਬਾਵਿਸਟਨ ਅਤੇ ਇਕ ਗ੍ਰਾਮ ਸਟਰੈਪਟੋਸਾਈਕਲੀਨ ਵਿੱਚ 8 ਤੋਂ 10 ਘੰਟੇ ਤੱਕ ਭਿਉਂ ਕੇ ਸੋਧ ਲਉ।
  • ਕਪਾਹ ਦੇ ਖੇਤਾਂ ਵਿੱਚ ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰੋ।
  • ਕਮਾਦ ਦੀ ਫਸਲ ਨੂੰ ਅਗੇਤੀ ਫੋਟ ਦੇ ਗੰੜੂਏ ਤੋਂ ਬਚਾਉਣ ਲਈ ਟਰਾਈਕੋਗਰਾਮਾ ਕਿਲੋਨਸ (ਮਿੱਤਰ ਕੀੜੇ) ਰਾਹੀਂ ਸੱਤ ਦਿਨ ਪਹਿਲਾਂ ਪ੍ਰਜੀਵੀ ਕਿਰਿਆ ਕੀਤੇ ਕੌਰਸਾਇਰਾ ਦੇ ਤਕਰੀਬਨ 20,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਫਰਕ ਨਾਲ ਵਰਤੋ।
  • ਕਮਾਦ ਦੇ ਖੇਤ ਵਿੱਚੋਂ ਨਦੀਨਾਂ ਦੀ ਰੋਕਥਾਮ ਕਰੋ।
  • ਗਰਮੀ ਰੁੱਤ ਦੀ ਮੂੰਗੀ ਤੇ ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਬਿਜਾਈ ਤੋਂ 4 ਹਫਤੇ ਪਿੱਛੋਂ ਅਤੇ ਦੂਜੀ ਉਸ ਤੋਂ ਦੋ ਹਫਤੇ ਪਿੱਛੋਂ ਕਰੋ।
  • ਗਰਮੀ ਰੁੱਤ ਦੀ ਮੂੰਗੀ ਨੂੰ ਤੰਬਾਕੂ ਸੁੰਡੀ ਤੋਂ ਬਚਾਉਣ ਲਈ 800 ਗ੍ਰਾਮ ਐਸੀਫ਼ੇਟ 75 ਐਸ ਪੀ ਜਾਂ 1.5 ਲਿਟਰ ਕਲੋਰਪਾਈਰੀਫਾਸ 20 ਈ ਸੀ ਨੂੰ 100 ਲਿਟਰ ਪਾਣੀ ਘੋਲ ਕੇ ਹੱਥ ਨਾਲ ਚੱਲਣ ਵਾਲੇ ਪਿੱਠੂ ਪੰਪ ਨਾਲ ਪ੍ਰਤੀ ਏਕੜ ਕੇ ਹਿਸਾਬ ਨਾਲ ਛਿੜਕਾਅ ਕਰੋ।
  • ਗੰਢਿਆਂ ਦੀ ਜੂੰ ਦੀ ਰੋਕਥਾਮ ਲਈ 250 ਮਿਲੀਲਿਟਰ ਮੈਲਾਥੀਆਨ 50 ਤਾਕਤ ਪ੍ਰਤੀ ਏਕੜ ਨੂੰ 80 ਲਿਟਰ ਪਾਣੀ ਘੋਲ ਕੇ ਛਿੜਕਾਅ ਕਰੋ।ਇਹ ਛਿੜਕਾਅ ਗੰਢੇ ਪੱਟਣ ਤੋਂ 7 ਦਿਨ ਪਹਿਲਾਂ ਬੰਦ ਕਰ ਦਿਉ।
  • ਟਮਾਟਰਾਂ ਦੇ ਫ਼ਲ ਦੇ ਗੜੂੰਏਂ ਦੀ ਰੋਕਥਾਮ ਲਈ 30 ਮਿਲੀਲਿਟਰ ਫੇਮ 480 ਐਸ ਐਲ ਜਾਂ 600 ਮਿਲੀਲਿਟਰ ਕਰੀਨਾ 50 ਤਾਕਤ ਜਾਂ ਕੋਰਾਜਨ 18.5 ਤਾਕਤ ਜਾਂ 100 ਮਿਲੀਲਿਟਰ ਸੁਮੀਸੀਡੀਨ 20 ਤਾਕਤ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਫੇਮ ਦੇ ਛਿੜਕਾਅ ਤੋਂ ਬਾਅਦ ਫ਼ਲ ਤੋੜਨ ਲਈ 3 ਦਿਨ੍ਹਾਂ ਤੱਕ ਇੰਤਜ਼ਾਰ ਕਰੋ।
  • ਟਮਾਟਰਾਂ ਦੀ ਫਸਲ ਨੂੰ ਝੁਲਸ ਰੋਗ ਤੋਂ ਬਚਾਉਣ ਲਈ ਇੰਡੋਫਿਲ ਐਮ-45 600 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ।
  • ਨਾਸ਼ਪਾਤੀ ਵਿੱਚ ਜੂੰ ਦੀ ਰੋਕਥਾਮ ਲਈ ਫ਼ਾਸਮਾਈਟ 2.0 ਮਿ.ਲੀ. ਜਾਂ ਫ਼ੈਂਜਾਕੁਇਨ 1.5 ਮਿ.ਲੀ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ।
  • ਅੰਬਾਂ ਵਿੱਚ ਕੇਰੇ ਦੀ ਰੋਕਥਾਮ ਲਈ 2,4-ਡੀ ਸੋਡੀਅਮ ਸਾਲਟ (ਹਾਰਟੀਕਲਚਰ ਗ੍ਰੇਡ) 10.0 ਗ੍ਰਾਮ ਪ੍ਰਤੀ 500 ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ।
  • ਆੜੂ ਦੇ ਫ਼ਲਾਂ ਵਿੱਚ ਫ਼ਲ ਦੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਉ
  • ਪਸ਼ੂਆਂ ਨੂੰ ਗਲ-ਘੋਟੂ ਅਤੇ ਪੱਟ-ਸੋਜ ਦੇ ਟੀਕੇ ਲਗਵਾਉੇ। ਪਸ਼ੂਆਂ ਨੂੰ ਚਿੱਚੜਾਂ, ਜੂੰਆਂ ਅਤੇ ਮੱਖੀਆਂ ਤੋਂ ਬਚਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਠੰਢਾ ਅਤੇ ਤਾਜ਼ਾ ਪਾਣੀ ਦਿਉ।