Update Details

585-fal.jpg
Posted by ਗੁਰਤੇਗ ਸਿੰਘ, ਐਚਐਸ ਰਤਨਪਾਲ ਤੇ ਮੋਨਿਕਾ ਗੁਪਤਾ*
2018-06-14 06:11:11

ਫ਼ਲਦਾਰ ਬੂਟਿਆਂ ਲਈ ਸਿੰਜਾਈ ਪ੍ਰਬੰਧ

ਫਲਦਾਰ ਬੂਟਿਆਂ ਤੋਂ ਚੋਖਾ ਅਤੇ ਨਿਰੰਤਰ ਝਾੜ ਲੈਣ ਲਈ ਪਾਣੀ ਦਾ ਸੁਚੱਜਾ ਪ੍ਰਬੰਧ ਬਹੁਤ ਜ਼ਰੂਰੀ ਹੈ। ਮਨੁੱਖੀ ਜੀਵਨ ਵਾਂਗ ਬੂਟਿਆਂ ਵਿੱਚ ਵੀ ਪਾਣੀ ਦੀ ਭੂਮਿਕਾ ਅਹਿਮ ਹੈ। ਬੂਟੇ ਪਾਣੀ ਦੁਆਰਾ ਹੀ ਮਿੱਟੀ ਵਿੱਚੋਂ ਖੁਰਾਕੀ ਤੱਤ  ਲੈ ਕੇ ਅਪਣਾ ਜੀਵਣ ਕਾਲ ਪੂਰਾ   ਕਰਦੇ ਹਨ।

ਨਿੰਬੂ ਜਾਤੀ: ਛੋਟੇ ਬੂਟਿਆਂ ਨੂੰ ਤਿੰਨ-ਚਾਰ ਸਾਲਾਂ ਤੱਕ ਹਰ ਹਫ਼ਤੇ ਅਤੇ ਪੁਰਾਣੇ ਬੂਟਿਆਂ ਨੂੰ ਦੋ-ਤਿੰਨ ਹਫ਼ਤਿਆਂ ਪਿੱਛੋਂ ਮੌਸਮ, ਵਰਖਾ ਤੇ ਮਿੱਟੀ ਦੀ ਕਿਸਮ ਅਨੁਸਾਰ ਪਾਣੀ ਦੇਣਾ ਚਾਹੀਦਾ ਹੈ। ਕਿੰਨੂ ਦੇ ਬਾਗ਼ਾਂ ਵਿੱਚ ਤੁਪਕਾ ਸਿੰਜਾਈ ਸਾਧਨ ਰਾਹੀਂ ਪਾਣੀ ਦੀ ਸੁਚੱਜੀ ਵਿਉਂਤਬੰਦੀ ਕਰਕੇ ਫ਼ਲ ਦੀ ਗੁਣਵੱਤਾ ਅਤੇ ਝਾੜ ਵਧਾਇਆ ਜਾ ਸਕਦਾ ਹੈ।

ਅਮਰੂਦ: ਨਵੇਂ ਬਾਗ਼ਾਂ ਨੂੰ ਗਰਮੀਆਂ ਵਿੱਚ ਹਫ਼ਤੇ ਪਿੱਛੋਂ ਅਤੇ ਸਰਦੀਆਂ ਵਿੱਚ ਦੋ-ਤਿੰਨ ਪਾਣੀਆਂ ਦੀ ਜ਼ਰੂਰਤ ਪੈਂਦੀ ਹੈ। ਫਲ ਦਿੰਦੇ ਬੂਟਿਆਂ ਨੂੰ ਚੰਗਾ ਫੁੱਲ ਪੈਣ ਅਤੇ ਫ਼ਲ ਲੱਗਣ ਵੇਲੇ ਗਰਮੀਆਂ ਵਿੱਚ ਪੰਦਰਾਂ ਦਿਨਾਂ ਬਾਅਦ ਅਤੇ ਸਰਦੀਆਂ ਵਿੱਚ ਇੱਕ ਮਹੀਨੇ ਦੇ ਵਕਫ਼ੇ ਨਾਲ ਪਾਣੀ ਦੇਣਾ ਚਾਹੀਦਾ ਹੈ। ਫੁੱਲ ਪੈਣ ’ਤੇ ਭਰਵੀਂ ਸਿੰਜਾਈ ਨਹੀਂ ਕਰਨੀ ਚਾਹੀਦੀ ਕਿਉਂ ਕਿ ਇਸ ਨਾਲ ਫੁੱਲ ਝੜ ਜਾਂਦੇ ਹਨ।

ਅੰਬ: ਛੋਟੇ ਬੂਟਿਆਂ ਨੂੰ ਖੁਸ਼ਕ ਤੇ ਗਰਮੀ ਵਾਲੇ ਮੌਸਮ ਵਿੱਚ ਜ਼ਿਆਦਾ ਪਾਣੀ ਦੀ ਲੋੜ ਪੈਂਦੀ ਹੈ। ਪਰ ਵੱਡੇ ਬੂਟੇ ਜਿਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ, ਨੂੰ ਆਮ ਤੌਰ ਤੇ ਫ਼ਲ ਦੇ ਵਾਧੇ ਸਮੇਂ ਮਾਰਚ ਤੋਂ ਜੂਨ ਦੇ ਅਖੀਰ ਤੱਕ ਦਸ-ਬਾਰ੍ਹਾਂ ਦਿਨਾਂ ਬਾਅਦ ਪਾਣੀ ਵਾਸ਼ਪੀਕਰਣ ਦੇ ਅਨੁਸਾਰ ਦਿਓ। ਜੁਲਾਈ ਤੋਂ ਸਤੰਬਰ ਤੱਕ ਬਰਸਾਤ ਰੁਤ ਵਿਚ ਪਾਣੀ ਮੌਸਮ ਦੇ ਹਿਸਾਬ ਨਾਲ ਦਿਓ।

ਲੀਚੀ: ਫਲ ਦਿੰਦੇ ਬੂਟਿਆਂ ਨੂੰ ਮਈ ਤੋਂ ਜੂਨ ਦੇ ਅਖੀਰ ਤੱਕ ਪਾਣੀ ਦੀ ਖ਼ਾਸ ਲੋੜ ਪੈਂਦੀ ਹੈ। ਇਨ੍ਹਾਂ ਨੂੰ ਹਫ਼ਤੇ ਵਿੱਚ ਦੋ ਵਾਰ ਪਾਣੀ ਦੇਣ ਨਾਲ ਫ਼ਲ ਚੰਗੀ ਤਰ੍ਹਾਂ ਵੱਧਦੇ ਹਨ ਅਤੇ ਫਟਣ ਦੀ ਸਮੱਸਿਆ ਵੀ ਘਟ ਜਾਂਦੀ ਹੈ। ਬਰਸਾਤਾਂ ਵਿਚ ਮੌਸਮ ਅਤੇ ਜ਼ਮੀਨ ਦੀ ਨਮੀ ਅਨੁਸਾਰ ਬੂਟਿਆਂ ਨੂੰ ਪਾਣੀ ਦੇਣਾ ਚਾਹੀਦਾ ਹੈ।

ਆੜੂ: ਫਲ ਪੱਕਣ ਤੋਂ ਮਹੀਨਾ ਪਹਿਲਾਂ ਦਾ ਸਮਾਂ ਸਿੰਜਾਈ ਦਾ ਸਭ ਤੋਂ ਨਾਜ਼ੁਕ ਸਮਾਂ ਹੈ। ਇਸ ਸਮੇਂ ਫ਼ਲ ਦੇ ਵਾਧੇ ਸਮੇਂ ਬੂਟਿਆਂ ਨੂੰ ਸਿੰਜਾਈ ਦੀ ਸਭ ਤੋਂ ਵਧ ਲੋੜ ਪੈਂਦੀ ਹੈ। ਫ਼ਲ ਪੈਣ ਮਗਰੋਂ ਪੱਕਣ ਤਕ ਤਿੰਨ-ਚਾਰ ਦਿਨਾਂ ਦੇ ਵਕਫ਼ੇ ’ਤੇ ਸਿੰਜਾਈ ਕਰਨੀ ਚਾਹੀਦੀ ਹੈ। ਕਿਸਮ ਅਨੁਸਾਰ ਅਪਰੈਲ ਦੇ ਅਖੀਰ ਤੋਂ ਲੈ ਕੇ ਜੁਲਾਈ ਦੇ ਸ਼ੁਰੂ ਤੱਕ ਸਿੰਜਾਈ ਦੀ ਵਧੇਰੇ ਲੋੜ ਪੈਂਦੀ ਹੈ। ਅਗੇਤੀਆਂ ਪੱਕਣ ਵਾਲੀਆਂ ਕਿਸਮਾਂ ਖੁਰਮਾਨੀ ਅਤੇ ਸ਼ਰਬਤੀ ਨੂੰ ਮਈ ਤੋਂ ਜੂਨ-ਅੰਤ ਤੱਕ ਪਾਣੀ ਦੀ ਵਧੇਰੇ ਲੋੜ ਪੈਂਦੀ ਹੈ।

ਅੰਗੂਰ: ਮਈ ਹਰ ਹਫ਼ਤੇ ਅਤੇ ਜੂਨ ਵਿੱਚ ਤਿੰਨ-ਚਾਰ ਦਿਨਾਂ ਦੇ ਫ਼ਰਕ ’ਤੇ ਪਾਣੀ ਦੇਣਾ ਚਾਹੀਦਾ ਹੈ। ਜੁਲਾਈ-ਅਗਸਤ ਮਹੀਨੇ ਬਰਸਾਤ ਨਾ ਹੋਣ ’ਤੇ ਜ਼ਰੂਰਤ ਅਨੁਸਾਰ ਪਾਣੀ ਦਿਓ।

ਕੇਲਾ: ਕੇਲੇ ਦੇ ਬਾਗ਼ ਨੂੰ ਪਾਣੀ ਦੀ ਬਹੁਤ ਲੋੜ ਪੈਂਦੀ ਹੈ। ਪਾਣੀ ਦੀ ਕਮੀ ਕਾਰਨ ਬੂਟੇ ਦਾ ਹਰਾਪਣ ਅਤੇ ਫ਼ਲ ਦਾ ਆਕਾਰ ਤੇ ਗੁਣਵੱਤਾ ਘਟ ਜਾਂਦੀ ਹੈ। ਲੋੜ ਤੋਂ ਵੱਧ ਪਾਣੀ ਨਾਲ ਬੂਟਾ ਜੜ੍ਹੋਂ ਹੀ ਟੁੱਟ ਜਾਂਦਾ ਹੈ। ਬੂਟੇ ਲਾਉਣ ਤੋਂ ਬਾਅਦ ਮਾਰਚ-ਅਪਰੈਲ ਵਿੱਚ ਇੱਕ ਹਫ਼ਤੇ ਦੇ ਵਕਫੇ ’ਤੇ ਅਤੇ ਮਈ ਜੂਨ ਵਿੱਚ ਚਾਰ-ਛੇ ਦਿਨ੍ਹਾਂ ਦੇ ਫ਼ਰਕ ਤੇ ਪਾਣੀ ਦੇਣਾ ਚਾਹੀਦਾ ਹੈ। ਜੁਲਾਈ-ਸਤੰਬਰ ਵਿੱਚ ਮੌਸਮ ਅਤੇ ਜ਼ਮੀਨ ਦੀ ਨਮੀਂ ਅਨੁਸਾਰ ਬੂਟਿਆਂ ਨੂੰ ਹਫ਼ਤੇ ਦੇ ਵਕਫੇ ਤੇ ਪਾਣੀ ਦੇਣਾ ਚਾਹੀਦਾ ਹੈ।

ਸੰਪਰਕ: 98150-98883