ਸਿਆਣਿਆਂ ਨੇ ਆਖਿਆ ਹੈ, “ਖਾਈਏ ਦਾਲ, ਜਿਹੜੀ ਨਿਭੇ ਨਾਲ”। ਪੰਜਾਬੀ ਸੱਭਿਆਚਾਰ ਵਿੱਚ ਦਾਲ-ਰੋਟੀ ਦੀ ਖਾਸ ਮਹਾਨਤਾ ਹੈ। ਸੱਠੀ ਮੂੰਗੀ/ਗਰਮ ਰੁੱਤ ਦੀ ਮੂੰਗੀ ਥੋੜ੍ਹੇ ਸਮੇਂ ਵਿੱਚ ਪੱਕਣ ਵਾਲੀ ਵਧੀਆ ਫ਼ਸਲ ਹੈ। ਪੰਜਾਬ ਵਿੱਚ ਇਸ ਫ਼ਸਲ ਥੱਲੇ ਰਕਬਾ ਤਕਰੀਬਨ ਇੱਕ ਲੱਖ ਏਕੜ ਹੈ। ਥੋੜ੍ਹਾ ਸਮਾਂ ਲੈਣ ਕਾਰਨ ਸੱਠੀ ਮੂੰਗੀ ਕਈ ਫ਼ਸਲੀ ਚੱਕਰਾਂ ਵਿੱਚ ਫਿੱਟ ਬੈਠਦੀ ਹੈ। ਇਸ ਕਰ ਕੇ ਝੋਨਾ-ਕਣਕ ਦੇ ਫ਼ਸਲੀ ਚੱਕਰ ਵਿੱਚ ਇਸ ਨੂੰ ਸਹਿਜੇ ਹੀ ਬੀਜਿਆ ਜਾ ਸਕਦਾ ਹੈ। ਸਮੇਂ ਸਿਰ ਬੀਜੀ ਕਣਕ ਨੂੰ ਮਾਰਚ ਦੇ ਅਖੀਰ ਵਿੱਚ (ਮੀਂਹ ਨੂੰ ਧਿਆਨ ਵਿੱਚ ਰੱਖਦੇ ਹੋਏ) ਚੰਗੀ ਤਰਾਂ੍ਹ ਪਾਣੀ ਲਗਾ ਦਿੱਤਾ ਜਾਵੇ ਤਾਂ 10 ਅਪਰੈਲ ਤੱਕ ਕਣਕ ਦੀ ਵਾਢੀ ਸੁਪਰ ਐੱਸਐੱਮਐੱਸ ਕੰਬਾਈਨ ਨਾਲ ਕਰਨ ਉਪਰੰਤ ਪੀਏਯੂ ਹੈਪੀ ਸੀਡਰ ਨਾਲ ਕਣਕ ਦੇ ਖੜ੍ਹੇ ਕਰਚਿਆਂ ਵਿੱਚ ਜ਼ਮੀਨ ਵਿੱਚ ਸਾਂਭੀ ਸਿੱਲ ਵਿੱਚ ਮੂੰਗੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸੱਠੀ ਮੂੰਗੀ ਦੀ ਕਾਸ਼ਤ ਲਈ ਇਨ੍ਹਾਂ ਉੱਨਤ ਕਿਸਮਾਂ ਦੀ ਬਿਜਾਈ ਲਈ ਸਿਫਾਰਸ਼ ਕੀਤੀ ਗਈ ਹੈ:
ਟੀਐੱਮਬੀ 37 (ਨਵੀਂ ਕਿਸਮ): ਇਸ ਦੇ ਬੂਟੇ ਖੜ੍ਹਵੇਂ, ਬੌਣੇ ਅਤੇ ਟਿਕਵੇਂ ਵਾਧੇ ਵਾਲੇ ਹੁੰਦੇ ਹਨ। ਇਹ ਕਿਸਮ ਅਗੇਤੀ ਪੱਕਣ ਵਾਲੀ ਹੈ ਜੋ ਅੰਦਾਜ਼ਨ 60 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀਆਂ ਫ਼ਲੀਆਂ ਗੁੱਛੇਦਾਰ, ਦਾਣੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾ ਝਾੜ ਤਕਬਰੀਬਨ 4.9 ਕੁਇੰਟਲ ਪ੍ਰਤੀ ਏਕੜ ਹੈ।
ਐੱਸਐੱਮਐੱਲ 832: ਇਸ ਦੇ ਬੂਟੇ ਖੜ੍ਹਵੇਂ, ਦਰਮਿਆਨੇ ਕੱਦ ਦੇ ਅਤੇ ਟਿਕਵੇਂ ਵਾਧੇ ਵਾਲੇ ਹੁੰਦੇ ਹਨ। ਫ਼ਲੀਆਂ ਗੁੱਛੇਦਾਰ ਹਨ। ਇਹ ਅੰਦਾਜ਼ਨ 61 ਦਿਨਾਂ ਵਿੱਚ ਪੱਕ ਜਾਂਦੀ ਹੈ। ਪੱਕਣ ਸਮੇਂ ਫ਼ਲੀਆਂ ਕਾਲੇ ਭੂਰੇ ਰੰਗ ਦੀਆਂ ਹੁੰਦੀਆਂ ਹਨ। ਹਰ ਫ਼ਲੀ ਵਿੱਚ ਤਕਰੀਬਨ 9-10 ਦਾਣੇ ਹੁੰਦੇ ਹਨ। ਇਸ ਦੇ ਦਾਣੇ ਹਰੇ, ਦਰਮਿਆਨੇ ਆਕਾਰ ਦੇ ਅਤੇ ਬਹੁਤ ਚਮਕੀਲੇ ਹੁੰਦੇ ਹਨ। ਇਸ ਦਾ ਝਾੜ ਤਕਬਰੀਬਨ 4.6 ਕੁਇੰਟਲ ਪ੍ਰਤੀ ਏਕੜ ਹੈ।
ਐੱਸਐੱਮਐੱਲ 668: ਇਸ ਕਿਸਮ ਦੇ ਬੂਟੇ ਖੜ੍ਹਵੇਂ, ਛੋਟੇ ਕੱਦ ਦੇ ਅਤੇ ਸਥਿਰ ਵਾਧੇ ਵਾਲੇ ਹੁੰਦੇ ਹਨ। ਇਸ ਕਿਸਮ ਨੂੰ ਫ਼ਲੀਆਂ ਗੁੱਛਿਆਂ ਵਿੱਚ ਲੱਗਦੀਆਂ ਹਨ ਜੋ ਇਕਸਾਰ ਪੱਕਦੀਆਂ ਹਨ। ਇਹ ਕਿਸਮ ਅਗੇਤੀ ਪੱਕਣ ਵਾਲੀ ਹੈ ਜੋ ਕਰੀਬ 60 ਦਿਨਾਂ ਵਿੱਚ ਪੱਕ ਜਾਂਦੀ ਹੈ। ਹਰ ਫ਼ਲੀ ਵਿੱਚ 10-11 ਦਾਣੇ ਹੁੰਦੇ ਹਨ। ਇਸ ਦਾ ਝਾੜ ਤਕਬਰੀਬਨ 4.5 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਦਾਣੇ ਬਹੁਤ ਮੋਟੇ ਹੁੰਦੇ ਹਨ।
ਜੇ ਖੇਤ ਵਿੱਚ ਕਣਕ ਦਾ ਨਾੜ ਨਾ ਹੋਵੇ ਤਾਂ ਮੂੰਗੀ ਦੀ ਬਿਜਾਈ ਜ਼ੀਰੋ ਟਿੱਲ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਕਣਕ ਦੀ ਵਾਢੀ ਕੰਬਾਈਨ ਨਾਲ ਕਰਵਾਉਣ ਤੋਂ ਬਾਅਦ ਮੂੰਗੀ ਸਹਿਜੇ ਹੀ ਪੀਏਯੂ ਹੈਪੀ ਸੀਡਰ ਨਾਲ ਬੀਜੀ ਜਾ ਸਕਦੀ ਹੈ। ਸੱਠੀ ਮੂੰਗੀ ਦੀ ਬਿਜਾਈ ਦਾ ਢੁੱਕਵਾਂ ਸਮਾਂ 20 ਮਾਰਚ ਤੋਂ 10 ਅਪਰੈਲ ਹੈ। ਖੋਜ ਤਜਰਬਿਆਂ ਨੇ ਸਿੱਧ ਕੀਤਾ ਹੈ ਕਿ ਜੇ ਮੂੰਗੀ ਦੀ ਬਿਜਾਈ 20 ਮਾਰਚ ਤੋਂ ਪਹਿਲਾਂ ਕੀਤੀ ਜਾਵੇ ਤਾਂ ਮੂੰਗੀ ਚੰਗੀ ਤਰਾਂ੍ਹ ਨਹੀਂ ਜੰਮਦੀ, ਦੂਜਾ ਉੱਗੇ ਹੋਏ ਬੂਟਿਆਂ ਦੀਆਂ ਜੜ੍ਹਾਂ ਵਿੱਚ ਗੰਢਾਂ ਵਿਕਸਤ ਨਹੀਂ ਹੁੰਦੀਆਂ। ਇਨਾਂ੍ਹ ਗੰਢਾਂ ਵਿੱਚ ਰਹਿਣ ਵਾਲੇ ਰਾਈਜ਼ੋਬਿਅਮ ਨਾਂ ਦੇ ਨਿੱਕੇ ਜੀਵ/ਜੀਵਾਣੂ ਵੀ ਚੰਗੀ ਤਰਾਂ੍ਹ ਵਿਕਸਿਤ ਨਹੀਂ ਹੁੰਦੇ ਜਿਸ ਨਾਲ ਇਹ ਜੀਵਾਣੂ ਹਵਾ ਵਿੱਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿੱਚ ਜਮ੍ਹਾਂ ਨਹੀਂ ਕਰ ਸਕਦੇ। ਇਸ ਤਰ੍ਹਾਂ ਸਿਫਾਰਸ਼ ਕੀਤੀ ਮਿਤੀ ਤੋਂ ਪਹਿਲਾਂ ਬੀਜੀ ਹੋਈ ਫ਼ਸਲ ਦਾ ਝਾੜ ਬਹੁਤ ਘੱਟ ਸਕਦਾ ਹੈ। ਗਰਮ ਰੁੱਤ ਦੀ ਮੂੰਗੀ 21 ਅਪਰੈਲ ਤੱਕ ਬੀਜੀ ਜਾ ਸਕਦੀ ਹੈ। ਜੇ ਅਗੇਤੀਆਂ ਬਾਰਿਸ਼ਾਂ ਆ ਜਾਣ ਤਾਂ ਨੁਕਸਾਨ ਦਾ ਖਦਸ਼ਾ ਰਹਿੰਦਾ ਹੈ।
ਬਿਜਾਈ ਵਾਸਤੇ ਐੱਸਐੱਮਐੱਲ 668 ਕਿਸਮ ਦਾ 15 ਕਿੱਲੋ, ਐੱਸਐੱਮਐੱਲ 832 ਅਤੇ ਟੀਐੱਮਬੀ 37 ਕਿਸਮਾਂ ਦਾ 12 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣਾ ਚਾਹੀਦਾ ਹੈ। ਬੀਜ ਨੂੰ ਬਿਮਾਰੀਆਂ ਤੋਂ ਬਚਾਉਣ ਲਈ 3 ਗ੍ਰਾਮ ਕੈਪਟਾਨ ਜਾਂ ਥੀਰਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧਣਾ ਚਾਹੀਦਾ ਹੈ। ਸੱਠੀ ਮੂੰਗੀ ਤੋਂ ਵੱਧ ਝਾੜ ਹਾਸਿਲ ਕਰਨ ਲਈ ਬੀਜ ਨੂੰ ਜੀਵਾਣੂ ਖਾਦ ਦੇ ਟੀਕੇ ਨਾਲ ਸੋਧਣਾ ਚਾਹੀਦਾ ਹੈ। ਇੱਕ ਏਕੜ ਦੇ ਮੂੰਗੀ ਦੇ ਬੀਜ ਨੂੰ 300 ਮਿਲੀਲਿਟਰ ਪਾਣੀ ਨਾਲ ਗਿੱਲਾ ਕਰਨ ਤੋਂ ਬਾਅਦ ਮਿਸ਼ਰਤ ਜੀਵਾਣੂ ਖਾਦ ਦੇ ਟੀਕੇ ਦੇ ਪੈਕਟ ਨਾਲ ਚੰਗੀ ਤਰਾਂ੍ਹ ਰਲਾ ਕੇ ਛਾਂ ਵਿੱਚ ਸੁਕਾਉਣਾ ਚਾਹੀਦਾ ਹੈ। ਟੀਕੇ ਤੋਂ ਘੰਟੇ ਦੇ ਅੰਦਰ ਬਿਜਾਈ ਕਰ ਦੇਣੀ ਚਾਹੀਦੀ ਹੈ। ਜੀਵਾਣੂ ਖਾਦ ਦਾ ਇਹ ਟੀਕਾ ਅੱਡੋ ਅੱਡ ਜ਼ਿਲਿਆਂ ਵਿੱਚ ਸਥਿਤ ਕੇਵੀਕੇ ਅਤੇ ਫਾਰਮ ਸਲਾਹਕਾਰ ਕੇਂਦਰਾਂ ’ਤੇ ਮਿਲਦੀ ਹੈ।
ਸੱਠੀ ਮੂੰਗੀ ਦੀ ਬਿਜਾਈ ਲਈ ਸਿਆੜਾਂ ਵਿਚਾਲੇ ਫਾਸਲਾ 22.5 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 7 ਸੈਂਟੀਮੀਂਟਰ ਰੱਖਣਾ ਚਾਹੀਦਾ ਹੈ। ਬਿਜਾਈ ਸੀਡ ਕਮ ਫਰਟੀਲਾਈਜ਼ਰ ਡਰਿੱਲ, ਜ਼ੀਰੋ ਟਿੱਲ ਡਰਿੱਲ ਜਾਂ ਹੈਪੀ ਸੀਡਰ ਨਾਲ ਕਰਨੀ ਚਾਹੀਦੀ ਹੈ। ਗਰਮੀ ਰੁੱਤ ਦੀ ਮੂੰਗੀ ਆਲੂ ਦੀ ਫ਼ਸਲ ਤੋਂ ਬਾਅਦ (ਝੋਨਾ/ਮੱਕੀ-ਆਲੂ-ਸੱਠੀ ਮੂੰਗੀ) ਬਿਨਾਂ ਖਾਦ ਪਾਏ ਬੀਜੀ ਜਾ ਸਕਦੀ ਹੈ। ਕਣਕ ਦੀ ਵਾਢੀ ਤੋਂ ਬਾਅਦ ਸੱਠੀ ਮੂੰਗੀ ਨੂੰ ਬਿਜਾਈ ਸਮੇਂ 11 ਕਿੱਲੋ ਯੂਰੀਆ, 100 ਕਿੱਲੋ ਸੁਪਰ ਫਾਸਫੇਟ ਡਰਿੱਲ ਕਰ ਦੇਣੀ ਚਾਹੀਦੀ ਹੈ।
ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਬਿਜਾਈ ਤੋਂ ਚਾਰ ਹਫਤੇ ਪਿੱਛੋਂ ਅਤੇ ਦੂਜੀ ਉਸ ਤੋਂ ਦੋ ਹਫਤੇ ਪਿੱਛੋਂ ਕਰਨੀ ਚਾਹੀਦੀ ਹੈ। ਇੱਕ ਲਿਟਰ ਸਟੋਂਪ 30 ਈ ਸੀ (ਪੈਂਡੀਮੈਥਾਲੀਨ) ਛਿੜਕਾਅ ਕਰਨ ਨਾਲ ਜਾਂ 600 ਮਿਲੀਲਿਟਰ ਸਟੋਂਪ 30 ਈ ਸੀ ਅਤੇ ਬਿਜਾਈ ਤੋਂ ਚਾਰ ਹਫਤਿਆਂ ਪਿੱਛੋਂ ਇੱਕ ਗੋਡੀ ਕੀਤੀ ਜਾ ਸਕਦੀ ਹੈ। ਇਹ ਦਵਾਈਆਂ ਮੌਸਮੀ ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਨੂੰ ਕੰਟਰੋਲ ਕਰਦੀਆਂ ਹਨ ਪਰ ਲੰਬੀ ਉਮਰ ਦੇ ਨਦੀਨਾਂ ਦੀ ਰੋਕਥਾਮ ਨਹੀਂ ਕਰਦੀਆਂ। ਕਈ ਵਾਰ ਢੀਠ ਨਦੀਨਾਂ ਨੂੰ ਕਾਬੂ ਕਰਨ ਲਈ ਗੋਡੀ ਕਰਨੀ ਜ਼ਰੂਰੀ ਹੋ ਜਾਂਦੀ ਹੈ। ਸੱਠੀ ਮੂੰਗੀ ਦੀ ਫਸਲ 3 ਤੋਂ 5 ਪਾਣੀ ਮੰਗਦੀ ਹੈ। ਪਹਿਲਾ ਪਾਣੀ ਬਿਜਾਈ ਤੋਂ 25 ਦਿਨਾਂ ਬਾਅਦ ਅਤੇ ਦੂਜਾ ਪਾਣੀ 55 ਦਿਨਾਂ ਬਾਅਦ ਲਗਾਉਣਾ ਚਾਹੀਦਾ ਹੈ। ਇਸ ਤਰਾਂ੍ਹ ਫ਼ਸਲ ਦੇ ਇੱਕਸਾਰ ਪੱਕਣ ਨਾਲ ਵੱਧ ਝਾੜ ਮਿਲਦਾ ਹੈ। ਮੂੰਗੀ ਦੀਆਂ 80 ਫੀਸਦੀ ਫਲੀਆਂ ਪੱਕ ਜਾਣ ‘ਤੇ ਵਾਢੀ ਕਰ ਲੈਣੀ ਚਾਹੀਦੀ ਹੈ। ਜੇ ਫ਼ਸਲ ਦੀ ਵਧੀਆ ਸੰਭਾਲ ਕੀਤੀ ਜਾਵੇ ਤਾਂ ਇੱਕ ਏਕੜ ਵਿੱਚੋਂ 8 ਕੁਇੰਟਲ ਤੱਕ ਵਧੀਆ ਕਵਾਲਿਟੀ ਦੀ ਮੂੰਗੀ ਨਿਕਲਦੀ ਹੈ। ਮੂੰਗੀ ਦੇ ਮੰਡੀਕਰਨ ਵਾਸਤੇ ਜਗਰਾਓਂ ਮੰਡੀ ਬਹੁਤ ਢੁੱਕਵੀਂ ਹੈ। ਕਿਸਾਨ ਵੀਰ ਸੈਲਫ ਹੈਲਪ ਗਰੁੱਪ ਬਣਾ ਕੇ ਇੱਕ ਇੱਕ ਕਿੱਲੋ ਮੂੰਗੀ ਦੀ ਪੈਕਿੰਗ ਕਰ ਕੇ ਮੰਡੀਕਰਨ ਕਰ ਸਕਦੇ ਹਨ ਜਾਂ ‘ਆਪਣੀ ਮੰਡੀ’ ਰਾਹੀਂ ਗਾਹਕਾਂ ਨੂੰ ਸਿੱਧੇ ਤੌਰ ’ਤੇ ਵੇਚ ਸਕਦੇ ਹਨ।
ਸੰਪਰਕ: 95010-23334
We do not share your personal details with anyone
Registering to this website, you accept our Terms of Use and our Privacy Policy.
Don't have an account? Create account
Don't have an account? Sign In
Please enable JavaScript to use file uploader.
GET - On the Play Store
GET - On the App Store