
ਲਾਹੇਵੰਦ ਹੈ ਮੁਰਗੀ ਪਾਲਣ ਦਾ ਧੰਦਾ

ਭਾਰਤ ਵਿੱਚ 72.2 ਪ੍ਰਤੀਸ਼ਤ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ। ਜਿਨ੍ਹਾਂ ਵਿੱਚ ਜ਼ਿਆਦਾ ਗ਼ਰੀਬ, ਛੋਟੇ ਕਿਸਾਨ ਅਤੇ ਭੂਮੀ ਰਹਿਤ ਮਜ਼ਦੂਰ ਆਉਂਦੇ ਹਨ ਅਤੇ ਇਨ੍ਹਾਂ ਲਈ ਘਰ ਦੇ ਪਿਛਵਾੜੇ ਵਿੱਚ ਪੋਲਟਰੀ ਫਾਰਮਿੰਗ/ਮੁਰਗੀ ਪਾਲਣ ਦਾ ਧੰਦਾ, ਇੱਕ ਸਹਾਇਕ ਧੰਦੇ ਦੇ ਤੌਰ ’ਤੇ ਨਿੱਜੀ ਆਮਦਨ ਵਧਾਉਣ ਦਾ ਬਹੁਤ ਵਧੀਆ ਅਤੇ ਸਸਤਾ ਸਰੋਤ ਹੈ। ਭੂਮੀ ਰਹਿਤ ਗ਼ਰੀਬ ਕਿਸਾਨ ਇਸ ਧੰਦੇ ਨੂੰ ਆਸਾਨੀ ਨਾਲ ਅਪਣਾ ਸਕਦੇ ਹਨ। ਬੈਕਯਾਰਡ ਪੋਲਟਰੀ ਫਾਰਮਿੰਗ (ਘਰ ਦੇ ਪਿਛਵਾੜੇ ਵਿੱਚ ਮੁਰਗੀ ਪਾਲਣ ਦਾ ਕੰਮ) ਘੱਟ ਲਾਗਤ ਨਾਲ ਸ਼ੁਰੂ ਹੋਣ ਵਾਲਾ ਅਤੇ ਵੱਧ ਮੁਨਾਫ਼ਾ ਦੇਣ ਵਾਲਾ ਧੰਦਾ ਹੈ। ਬੈਕਯਾਰਡ ਪੋਲਟਰੀ ਫਾਰਮਿੰਗ, ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਪੋਲਟਰੀ ਮੀਟ ਅਤੇ ਆਂਡਿਆਂ ਦੁਆਰਾ ਪ੍ਰਤੀ ਦਿਨ ਪ੍ਰਤੀ ਵਿਅਕਤੀ ਪ੍ਰੋਟੀਨ ਅਤੇ ਊਰਜਾ ਦੀ ਲੋੜੀਂਦੀ ਮਾਤਰਾ ਮੁਹੱਇਆ ਕਰਵਾਉਣ ਦਾ ਸਭ ਤੋਂ ਵਧੀਆ ਅਤੇ ਸਸਤਾ ਸਰੋਤ ਹੈ।
ਹਾਲਾਂਕਿ ਭਾਰਤ ਵਿੱਚ ਕਈ ਦਹਾਕਿਆਂ ਤੋਂ ਪੋਲਟਰੀ ਉਤਪਾਦਨ ਵਿੱਚ ਕਾਫ਼ਾ ਵਾਧਾ ਹੋ ਰਿਹਾ ਹੈ, ਪਰ ਪੇਂਡੂ ਖੇਤਰ ਵਿੱਚ ਇਹ ਧੰਦਾ ਅਜੇ ਵੀ ਪਿਛੜਿਆ ਹੋਇਆ ਹੈ। ਚੂਚਿਆਂ ਦੇ ਰਹਿਣ ਸਹਿਣ, ਸੰਤੁਲਿਤ ਖ਼ੁਰਾਕ ਅਤੇ ਉਨ੍ਹਾਂ ਦੀਆਂ ਬਿਮਾਰੀਆਂ ਦੀ ਖੋਜ ਅਤੇ ਮਾਰਕੀਟਿੰਗ ਸਿਸਟਮ ਵਿੱਚ ਸੁਧਾਰ ਕਰਕੇ ਇਸ ਧੰਦੇ ਨੂੰ ਹੋਰ ਵਧੀਆ ਬਣਾਇਆ ਜਾ ਸਕਦਾ ਹੈ। ਅੱਜ ਦੇ ਦੌਰ ਵਿੱਚ ਇਸ ਧੰਦੇ ਨੂੰ ਅੰਡੇ ਦੇਣ ਵਾਲੀਆਂ ਆਰ.ਆਈ.ਆਰ. (ਰੋਡ ਆਈਲੈਡ ਰੈੱਡ), ਚੈਬਰੋ, ਪੰਜਾਬ ਰੈੱਡ ਅਤੇ ਪ੍ਰਤਾਪਧਨ ਵਰਗੀਆਂ ਚੰਗੀਆ ਕਿਸਮਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ।
ਬੈਕਯਾਰਡ ਪੋਲਟਰੀ ਉਤਪਾਦਨ ਸਿਸਟਮ ਇੱਕ ਘੱਟ ਖ਼ਰਚ ਨਾਲ ਸ਼ੁਰੂ ਹੋਣ ਵਾਲਾ ਧੰਦਾ ਹੈ। ਅੰਡੇ ਅਤੇ ਮੀਟ ਦੇ ਉਤਪਾਦਨ ਨੂੰ ਵਧਾਉਣ ਵਿੱਚ ਮੁਰਗੀ ਪਾਲਣ ਦਾ ਧੰਦਾ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਭਾਰਤ ਵਿੱਚ ਪੋਲਟਰੀ ਉਤਪਾਦਾਂ ਦੀ ਮੰਗ 4.8 ਫ਼ੀਸਦੀ ਦਰ ਨਾਲ ਵਧੀ ਹੈ, ਜਦਕਿ ਪੋਲਟਰੀ ਉਤਪਾਦਾਂ ਦੀ ਸਪਲਾਈ 5.2 ਫੀਸਦੀ ਪ੍ਰਤੀ ਸਾਲ ਵਧੀ ਹੈ ਜੋ ਕਿ ਹੋਰ ਸਾਰੇ ਕਿਸਮ ਦੇ ਜਾਨਵਰਾਂ ਦੇ ਉਤਪਾਦਾਂ ਤੋਂ ਵੱਧ ਹੈ। ਖੇਤੀਬਾੜੀ ਦੀਆਂ ਫ਼ਸਲਾਂ ਦਾ ਉਤਪਾਦਨ 1.5 ਤੋਂ 2.0 ਪ੍ਰਤੀਸ਼ਤ ਸਾਲਾਨਾ ਦੀ ਦਰ ਨਾਲ ਵਧ ਰਿਹਾ ਹੈ, ਜਦੋਂਕਿ ਅੰਡੇ ਅਤੇ ਬਰਾਇਲਰਾਂ ਦੇ ਉਤਪਾਦਨ ਵਿੱਚ ਪ੍ਰਤੀ ਸਾਲ 8 ਤੋਂ 10 ਪ੍ਰਤੀਸ਼ਤ ਦੀ ਦਰ ਨਾਲ ਵਾਧਾ ਹੋ ਰਿਹਾ ਹੈ। ਭਾਰਤ ਵਿੱਚ ਪਸ਼ੂ ਪਾਲਣ ਦੇ ਖੇਤਰ ਵਿੱਚ ਵਿਕਾਸ ਦਰ ਯਕੀਨੀ ਤੌਰ ’ਤੇ ਗ਼ਰੀਬੀ ਘਟਾਉਣ ਵਿਚ ਯੋਗਦਾਨ ਪਾ ਸਕਦੀ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਪਸ਼ੂਆਂ ਤੋਂ ਪ੍ਰੋਟੀਨ ਲੈਣ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।
ਘਰੇਲੂ ਪੱਧਰ ’ਤੇ ਘਰ ਦੇ ਪਿਛਵਾੜੇ ਵਿੱਚ ਦੇਸੀ ਮੁਰਗੀਆਂ ਦੀਆਂ ਨਸਲਾਂ ਨੂੰ ਪਾਲਣ ਦਾ ਕੰਮ ਪੇਂਡੂ ਖੇਤਰਾਂ ਵਿੱਚ ਰੋਜ਼ੀ-ਰੋਟੀ ਦਾ ਇੱਕ ਅਹਿਮ ਪਹਿਲੂ ਹੈ। ਘਰੇਲੂ ਪੱਧਰ ’ਤੇ ਮੁਰਗੀ ਪਾਲਣ ਦੇ ਧੰਦੇ ਤੋਂ ਅੰਡਿਆਂ ਦਾ ਉਤਪਾਦਨ ਤੋਂ ਪ੍ਰਾਪਤ ਲਾਗਤ ਬਹੁਤ ਘੱਟ ਹੈ। ਇਨ੍ਹਾਂ ਅੰਡਿਆਂ ਤੋਂ ਚੂਚਿਆਂ ਦੀ ਪ੍ਰਾਪਤੀ ਅਤੇ ਵਿਕਰੀ ਕਰਕੇ ਮੁਨਾਫ਼ਾ ਲਿਆ ਜਾ ਸਕਦਾ ਹੈ।
ਪੇਂਡੂ ਪੋਲਟਰੀ ਫਾਰਮਿੰਗ ਦੇ ਫ਼ਾਇਦੇ
* ਇਹ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਪੇਂਡੂ ਕਿਸਾਨਾਂ ਲਈ ਰੁਜ਼ਗਾਰ ਦਾ ਵਧੀਆ ਵਸੀਲਾ ਹੈ।
* ਇਹ ਧੰਦਾ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਲਈ ਵਾਧੂ ਆਮਦਨ ਪ੍ਰਦਾਨ ਕਰਦਾ ਹੈ।
* ਘਰ ਦੇ ਪਿਛਵਾੜੇ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਮਦਦਗਾਰ ਹੈ। ਪੰਦਰ੍ਹਾਂ ਮੁਰਗੀਆਂ ਤੋਂ ਇੱਕ ਦੇ ਕਰੀਬ ਖਾਦ ਪ੍ਰਤੀ ਦਿਨ ਪ੍ਰਾਪਤ ਹੁੰਦੀ ਹੈ।
* ਘਰ ਦੀਆਂ ਖੁੱਲ੍ਹੀਆਂ ਹਾਲਤਾਂ/ਵਿਹੜੇ ਵਿੱਚ ਮੁਰਗੀਆਂ ਨੂੰ ਪਾਲ ਕੇ ਘੱਟ ਖ਼ਰਚ ਨਾਲ ਅੰਡੇ ਅਤੇ ਮੀਟ ਪ੍ਰਾਪਤ ਹੁੰਦਾ ਹੈ।
* ਬੈਕਯਾਰਡ ਪੋਲਟਰੀ ਫਾਰਮਿੰਗ ਦੁਆਰਾ ਪ੍ਰਾਪਤ ਅੰਡੇ ਅਤੇ ਮੀਟ ਚੰਗੇ ਰੇਟ ’ਤੇ ਵੇਚੇ ਜਾਂਦੇ ਹਨ। ਲਾਲ ਛਿਲਕੇ ਵਾਲੇ ਅੰਡੇ ਦੀ ਕੀਮਤ ਲਗਪਗ ਦੁੱਗਣੀ ਮਿਲਦੀ ਹੈ।
* ਖੁੱਲ੍ਹੀਆਂ ਹਾਲਤਾਂ ਵਿੱਚ ਮੁਰਗੀਆਂ ਨੂੰ ਪਾਲ ਕੇ ਜਿਹੜੇ ਅੰਡੇ ਅਤੇ ਮੀਟ ਪ੍ਰਾਪਤ ਹੁੰਦਾ ਹੈ ਉਸ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਦਿਲ ਦੇ ਮਰੀਜ਼ਾਂ ਅਤੇ ਬਜ਼ੁਰਗਾਂ ਲਈ ਲਾਭਦਾਇਕ ਹੈ।
ਖ਼ੁਰਾਕੀ ਸਾਭ-ਸੰਭਾਲ: ਘਰ ’ਚ ਮੁਰਗੀ ਪਾਲਣ ਵਿੱਚ ਖ਼ੁਰਾਕ ਉੱਤੇ ਖ਼ਰਚਾ ਨਾ ਦੇ ਬਰਾਬਰ ਹੁੰਦਾ ਹੈ। ਖ਼ੁਰਾਕ ਦੇ ਲੋੜੀਂਦੇ ਤੱਤ (ਪ੍ਰੋਟੀਨ, ਊਰਜਾ, ਖਣਿਜ ਅਤੇ ਵਿਟਾਮਿਨ) ਉਨ੍ਹਾਂ ਨੂੰ ਕੀੜੇ-ਮਕੌੜਿਆਂ, ਬੀਜਾਂ, ਦਾਣਿਆਂ, ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਘਰੇਲੂ ਖਾਦ ਪਦਾਰਥਾਂ ਦੀ ਰਹਿੰਦ ਖੂੰਹਦ ਨੂੰ ਖਾ ਕੇ ਪ੍ਰਾਪਤ ਹੁੰਦੀ ਹੈ। ਕਣਕ ਦੀ ਟੁੱਟ ਅਤੇ ਮੂੰਗਫਲੀ ਦਾ ਸਟਰਾਅ ਵੀ ਇਨ੍ਹਾਂ ਨੂੰ ਦਿੱਤੇ ਜਾ ਸਕਦੇ ਹਨ। ਇਸ ਸਿਸਟਮ ਵਿੱਚ ਮੁਰਗੀਆ ਨੂੰ 30-60 ਗ੍ਰਾਮ ਪ੍ਰਤੀ ਦਿਨ ਪ੍ਰਤੀ ਪੰਛੀ ਦੇ ਹਿਸਾਬ ਨਾਲ ਖ਼ੁਰਾਕ ਵੀ ਪਾਈ ਜਾ ਸਕਦੀ ਹੈ। ਇਸ ਨੂੰ ਦਿਨ ਵਿੱਚ ਦੋ ਵਾਰ ਸਵੇਰੇ ਅਤੇ ਸ਼ਾਮ ਦੇ ਵਕਤ ਪਾਇਆ ਜਾ ਸਕਦਾ ਹੈ। ਬਰੂਡਿੰਗ ਵਿੱਚ ਚੂਚਿਆਂ ਨੂੰ ਸ਼ੁਰੂਆਤੀ 5-6 ਹਫ਼ਤਿਆਂ ਦੀ ਉਮਰ ਵਿੱਚ ਸੰਤੁਲਿਤ ਖ਼ੁਰਾਕ ਦੀ ਲੋੜ ਹੁੰਦੀ ਹੈ। ਪੰਜ ਹਫ਼ਤਿਆਂ ਤੱਕ 1.5 ਤੋਂ 2.0 ਕਿਲੋਗ੍ਰਾਮ ਦੇ ਔਸਤ ਨਾਲ ਪੋਲਟਰੀ ਪੰਛੀਆਂ ਦੇ ਭਾਰ ਵਿੱਚ ਵਾਧਾ ਹੁੰਦਾ ਹੈ ਅਤੇ ਜੇ ਲੋੜ ਹੋਵੇ ਤਾਂ ਕੈਲਸੀਅਮ ਦੇ ਸਰੋਤਾਂ ਜਿਵੇਂ ਕਿ ਚੂਨੇ ਦਾ ਪਾਊਡਰ, ਡਾਈ ਕੈਲਸ਼ੀਅਮ ਫਾਸਫੇਟ, ਪੱਥਰ ਦੀ ਗ੍ਰਿਤ, ਸੈਲ ਦੀ ਗ੍ਰਿਤ (4 ਤੋਂ 5 ਗ੍ਰਾਮ/ਪੰਛੀ/ਦਿਨ) ਨੂੰ ਵੀ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮੱਕੀ, ਸੋਇਆਬੀਨ, ਮੂੰਗਫਲੀ ਦੀ ਖਲ, ਚੌਲਾਂ ਦੀ ਪਾਲਸ਼, ਬਿਨਾਂ ਤੇਲ ਚੌਲਾਂ ਦੀ ਪਾਲਸ਼, ਮੱਛੀ ਦਾ ਚੂਰਾ, ਚੂਨਾ, ਡਾਈ ਕੈਲਸ਼ੀਅਮ ਫਾਸਫੇਟ ਆਦਿ ਵੀ ਮਾਹਿਰਾਂ ਦੀ ਸਲਾਹ ਨਾਲ ਪਾਏ ਜਾ ਸਕਦੇ ਹਨ।
ਰਹਿਣ ਸਹਿਣ ਪ੍ਰਬੰਧ: ਚੂਚਿਆਂ ਨੂੰ ਖ਼ੁਰਾਕ ਅਤੇ ਰਹਿਣ ਲਈ ਲੋੜੀਂਦੀ ਥਾਂ ਮੁਹੱਈਆ ਹੋਣੀ ਚਾਹੀਦੀ ਹੈ। ਜ਼ਿਆਦਾ ਗਿਣਤੀ ਵਿੱਚ ਚੂਚੇ ਤਣਾਅ ਵਿੱਚ ਆ ਸਕਦੇ ਹਨ। ਇਸ ਲਈ ਖ਼ੁਰਾਕ ਵਾਸਤੇ 8 ਵਰਗ ਇੰਚ ਥਾਂ ਦੀ ਲੋੜ ਹੁੰਦੀ ਹੈ।
ਹਵਾਦਾਰੀ ਸਿਸਟਮ: ਚੂਚਿਆਂ ਲਈ ਤਾਜ਼ੀ ਹਵਾ ਦੀ ਸਪਲਾਈ ਬਹੁਤ ਜ਼ਰੂਰੀ ਹੈ। ਬਰੂਡਿੰਗ ਨਾਲ ਆਕਸੀਜਨ ਦੀ ਮਾਤਰਾ ਚੂਚਿਆਂ ਨੂੰ ਘਟ ਜਾਂਦੀ ਹੈ ਅਤੇ ਕਾਰਬਨ ਡਾਈਆਕਸਾਈਡ, ਅਮੋਨੀਆ ਆਦਿ ਦੀ ਮਾਤਰਾ ਵਧ ਜਾਂਦੀ ਹੈ। ਘਰ ਅਤੇ ਵਾਤਾਵਰਨ ਵਿਚਾਲੇ ਗੈਸ ਦਾ ਆਦਾਨ-ਪ੍ਰਦਾਨ ਕਰਨ ਲਈ ਛੱਤ ਅਤੇ ਪਾਸੇ ਦੇ ਪਰਦੇ ਵਿਚਕਾਰ 3.5 ਇੰਚ ਦੀ ਜਗ੍ਹਾ ਰੱਖਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਖ਼ਰਾਬ ਮੌਸਮ ਦੌਰਾਨ ਹਵਾਦਾਰੀ ਬਰਕਰਾਰ ਰੱਖਣ ਲਈ ਖਿੜਕੀਆਂ, ਦਰਵਾਜ਼ੇ ਅਤੇ ਪੱਖਿਆਂ ਦਾ ਇਸਤੇਮਾਲ ਕਰਨ ਦੀ ਲੋੜ ਹੈ।
ਚੁੰਝਾਂ ਕੱਟਣੀਆਂ (ਬੀਕ ਟਰਾਮਿੰਗ): ਇਹ ਇੱਕ ਮਹੱਤਵਪੂਰਨ ਪ੍ਰਬੰਧਕੀ ਅਭਿਆਸ ਹੈ। ਇਹ ਆਦਮਖੋਰੀ ਅਤੇ ਖ਼ੁਰਾਕ ਦੀ ਬਰਬਾਦੀ ਨੂੰ ਰੋਕਣ ਲਈ ਵਧੀਆ ਤਰੀਕਾ ਹੈ। ਇਹ ਇੱਕ ਸੰਵੇਦਨਸ਼ੀਲ ਕਾਰਜ ਹੈ ਅਤੇ ਸਿਖਲਾਈ ਪ੍ਰਾਪਤ ਲੋਕਾਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਇਸ ਨੂੰ ਤੀਜੇ ਹਫ਼ਤੇ ਦੌਰਾਨ ਕਰ ਦੇਣਾ ਚਾਹੀਦਾ ਹੈ ਅਤੇ ਉਪਰਲੀ ਚੁੰਝ ਦਾ ਇਕ ਤਿਹਾਈ ਹਿੱਸਾ ਕੱਟਿਆ ਜਾਣਾ ਚਾਹੀਦਾ ਹੈ।
ਸੁੱਕ ਦਾ ਪ੍ਰਬੰਧ: ਇੱਜੜ ਵਿੱਚ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਸੁੱਕ ਦਾ ਪ੍ਰਬੰਧਨ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਦੋਂ ਪੰਛੀਆਂ ਨੂੰ ਜ਼ਿਆਦਾ ਸੁੱਕੀ ਜਗ੍ਹਾ ’ਤੇ ਰੱਖਿਆ ਜਾਂਦਾ ਹੈ ਤਾਂ ਪਾਣੀ ਦਾ ਪ੍ਰਬੰਧ ਧਿਆਨ ਨਾਲ ਕਰੋ। ਵਾਤਾਵਰਨ ਹਾਲਤਾਂ ਜਿਵੇਂ ਕਿ ਤਾਪਮਾਨ, ਨਮੀ ਦੀ ਮਾਤਰਾ ਅਤੇ ਪਾਣੀ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਯਮਤ ਅੰਤਰਾਲਾਂ ’ਤੇ ਲਿਟਰ ਚੁੱਕਿਆ ਜਾਣਾ ਚਾਹੀਦਾ ਹੈ। ਲਿਟਰ ਵਿੱਚ ਫੱਕ, ਤੂੜੀ, ਮਿੱਟੀ, ਰੇਤਾ ਆਦਿ ਵਰਤੇ ਜਾ ਸਕਦੇ ਹਨ।
ਸਿਹਤ ਸੰਭਾਲ: ਚੂਚਿਆਂ ਨੂੰ ਸ਼ੁਰੂਆਤੀ 6 ਹਫ਼ਤਿਆਂ ਦੀ ਉਮਰ ਤੱਕ ਬਰੂਡਿੰਗ ਵਿੱਚ ਰੱਖ ਕੇ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ। 6 ਹਫ਼ਤਿਆਂ ਤੋਂ ਬਾਅਦ ਉਨ੍ਹਾਂ ਨੂੰ ਵਿਹੜੇ ਵਿੱਚ ਛੱਡ ਦਿੱਤਾ ਜਾਂਦਾ ਹੈ। ਵਾਧੂ ਪੁਰਸ਼ ਚੂਚਿਆਂ ਨੂੰ ਵੱਖਰੇ ਤੌਰ ’ਤੇ ਪਾਲਿਆ ਜਾ ਸਕਦਾ ਹੈ ਅਤੇ ਮਾਸ ਲਈ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਰਾਤ ਦੇ ਸਮੇਂ ਚੰਗੀ ਹਵਾਦਾਰੀ ਅਤੇ ਸੁਰੱਖਿਆ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਾਫ਼ ਪਾਣੀ ਮੁਹੱਇਆ ਕਰਵਾਉਣਾ ਚਾਹੀਦਾ ਹੈ। ਪੰਛੀਆਂ ਨੂੰ ਮਾਰੇਕ ਅਤੇ ਰਨੀਖੇਤ ਬਿਮਾਰੀਆਂ ਦੇ ਵਿਰੁੱਧ ਟੀਕਾਕਰਨ ਕਰਨਾ ਚਾਹੀਦਾ ਹੈ। 3-4 ਮਹੀਨਿਆਂ ਦੇ ਅੰਤਰਾਲ ’ਤੇ ਡੀਵਾਰਮਿੰਗ (ਪੇਟ ਦੇ ਕੀੜਿਆਂ ਦੀ ਦਵਾਈ) ਦੇਣੀ ਚਾਹੀਦੀ ਹੈ।
ਬੈਕਯਾਰਡ ਮੁਰਗੀ ਪਾਲਣ ਵਿੱਚ ਦੇਸੀ ਨਸਲਾਂ ਦੀ ਮਹੱਤਤਾ: ਇਸ ਧੰਦੇ ਵਿੱਚ ਛੋਟੇ ਕਿਸਾਨ ਦੇਸੀ ਸੁਧਰੀਆਂ ਨਸਲਾਂ ਨੂੰ ਪਾਲਦੇ ਹਨ ਅਤੇ ਵਪਾਰਕ ਪੋਲਟਰੀ ਸੈਕਟਰ ਦੇ ਵਿੱਚ ਗੰਭੀਰ ਮੁਕਾਬਲਾ ਦੇਣ ਦੀ ਸੰਭਾਵਨਾ ਹੈ ਅਤੇ ਜੇ ਚੰਗੀ ਤਰ੍ਹਾਂ ਯੋਜਨਾਬੰਦੀ ਨਹੀਂ ਹੁੰਦੀ ਤਾਂ ਦੇਸੀ ਨਸਲਾਂ ਦੇ ਜੈਨੇਟਿਕ ਸਰੋਤ ਖ਼ਤਮ ਹੋ ਸਕਦੇ ਹਨ। ਪੋਲਟਰੀ ਦੀਆਂ ਦੇਸੀ ਸੁਧਰੀਆਂ ਨਸਲਾਂ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਅਤੇ ਮਾਸ ਅਤੇ ਆਂਡੇ ਵਰਗੇ ਗੁਣਾਂ ਦੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ। ਦੇਸੀ ਸੁਧਰੀਆਂ ਨਸਲਾਂ ਦਾ ਘਰ ਦੇ ਪਿਛਵਾੜੇ ਵਿਚ ਵਧੀਆ ਅਨੁਕੂਲਤਾ, ਘੱਟ ਲਾਗਤ ਨਾਲ ਸ਼ੁਰੂਆਤ ਅਤੇ ਉਨ੍ਹਾਂ ਦੀ ਸਾਂਭ ਸੰਭਾਲ, ਜੋ ਕਿ ਜੈਵਿਕ ਉਤਪਾਦਨ ਦੇ ਸਮਾਨ ਹੈ, ਇਸ ਦਾ ਵਪਾਰਕ ਪੱਧਰ ’ਤੇ ਪੋਲਟਰੀ ਉਤਪਾਦਨ ਵਿੱਚ ਫ਼ਾਇਦਾ ਹੋਵੇਗਾ। ਦੇਸੀ ਸੁਧਰੀਆਂ ਨਸਲਾਂ ਨਾਲ ਇਸ ਧੰਦੇ ਦੀ ਸ਼ੁਰੂਆਤ ਕਰਕੇ ਚੰਗਾ ਮੁਨਾਫ਼ਾ ਲਿਆ ਜਾ ਸਕਦਾ ਹੈ।
* ਦੇਸੀ ਸੁਧਰੀਆਂ ਨਸਲਾਂ ਪੇਂਡੂ ਵਾਤਾਵਰਨ ਦੇ ਅਨੁਕੂਲ ਹੁੰਦੀਆਂ ਹਨ ਅਤੇ ਇਹ ਘੱਟ ਪ੍ਰਬੰਧ ਕਰਨ ਤੇ ਵੀ ਚੰਗੀ ਬਰੂਡਿੰਗ ਅਤੇ ਮਾਂ ਬਣਨ ਦੀ ਸਮਰੱਥਾ ਰੱਖਦੀਆਂ ਹਨ।
* ਜੇ ਸੰਭਵ ਹੋਵੇ ਤਾਂ ਬਰੂਡਿੰਗ ਪੀਰੀਅਡ ਤੋਂ 6-8 ਹਫ਼ਤੇ ਦੀ ਉਮਰ ਤੋਂ ਬਾਅਦ ਮੁਰਗੀਆਂ ਦੀਆਂ ਨਸਲਾਂ ਸਪਲਾਈ ਕਰਵਾਈਆਂ ਜਾਣ।
* ਇਨ੍ਹਾਂ ਨਸਲਾਂ ਨਾਲ ਘੱਟ ਲਾਗਤ ਨਾਲ ਘਰੇਲੂ ਪੱਧਰ ’ਤੇ ਮੁਰਗੀ ਪਾਲਣ ਧੰਦੇ ਦੀ ਸ਼ੁਰੂਆਤ ਕਰ ਸਕਦੇ ਹਾਂ ਅਤੇ ਇਹ ਆਪਣੀਆਂ ਖ਼ੁਰਾਕੀ ਜ਼ਰੂਰਤਾਂ ਘਰ ਦੇ ਵਿਹੜੇ ਵਿੱਚ ਹੀ ਪੂਰਾ ਕਰ ਲੈਂਦੀਆਂ ਹਨ। ਇਨ੍ਹਾਂ ਨਸਲਾਂ ਨੂੰ ਘੱਟ ਟੀਕਾਕਰਨ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਨਸਲਾਂ ਦੀ ਸ਼ਿਕਾਰੀਆਂ ਤੋਂ ਬਚਣ ਦੀ ਸਮਰੱਥਾ ਵੱਧ ਹੁੰਦੀ ਹੈ।
* ਲੋਕਲ ਫਾਰਮਾਂ ਵਿੱਚ ਰੱਖੀਆਂ ਜਾਂਦੀਆਂ ਵਿਦੇਸ਼ੀ ਨਸਲਾਂ ਨਾਲੋਂ ਦੇਸੀ ਨਸਲਾਂ ਦੇ ਅੰਡੇ ਅਤੇ ਮੀਟ ਨੂੰ ਤਰਜ਼ੀਹ ਦਿੰਦੇ ਹਨ ਅਤੇ ਅੰਡੇ ਅਤੇ ਮੀਟ ਵੱਧ ਕੀਮਤ ’ਤੇ ਵੇਚੇ ਜਾਂਦੇ ਹਨ।
ਬੈਕਯਾਰਡ ਮੁਰਗੀ ਪਾਲਣ ਲਈ ਧਿਆਨਯੋਗ ਗੱਲਾਂ
ਸਿਖਲਾਈ: ਪੇਂਡੂ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਆ ਕੇ ਘਰ ਦੇ ਪਿਛਵਾੜੇ ਵਿੱਚ ਮੁਰਗੀ ਪਾਲਣ ਦੇ ਧੰਦੇ ਬਾਰੇ ਸਿਖਲਾਈ ਪ੍ਰਾਪਤ ਕਰਨੀ ਚਾਹੀਦੀ ਹੈ। ਇਹ ਸਿਖਲਾਈ ਚੂਚਿਆਂ ਦੇ ਪਾਲਣ-ਪੋਸਣ, ਖੁਰਾਕ, ਰਹਿਣ-ਸਹਿਣ ਅਤੇ ਬਿਮਾਰੀਆਂ ਤੋਂ ਬਚਾਅ ਲਈ ਫ਼ਾਇਦੇਮੰਦ ਹੈ।
ਪ੍ਰਦਰਸ਼ਨੀਆਂ: ਕਿਸਾਨ ਮੇਲਿਆਂ, ਕੈਪਾਂ, ਚੈਂਪੀਅਨਸ਼ਿਪਾਂ ਅਤੇ ਹੋਰਨਾਂ ਪ੍ਰਦਰਸ਼ਨੀਆਂ ਰਾਹੀਂ ਦੇਸੀ ਨਸਲਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਪ੍ਰਦਰਸ਼ਨੀਆਂ ਰਾਹੀਂ ਚੰਗੇ ਪੰਛੀਆਂ ਦੀ ਚੋਣ ਕਰ ਸਕਦੇ ਹਾਂ।
ਦੇਸੀ ਪੋਲਟਰੀ ਨਸਲਾਂ ਦਾ ਪ੍ਰਜਨਣ: ਸਰਕਾਰ ਨੂੰ ਪੋਲਟਰੀ ਫਾਰਮਿੰਗ ਸਿਸਟਮ ਨੂੰ ਸੁਧਾਰਨ ਲਈ ਬੈਕਯਾਰਡ ਮੁਰਗੀ ਪਾਲਣ ਵਾਸਤੇ ਛੋਟੇ ਕਿਸਾਨਾਂ ਨੂੰ ਚੰਗੀ ਕਿਸਮ ਦੇ ਚੂਚੇ ਪ੍ਰਦਾਨ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਅੱਗੇ ਜਾ ਕੇ ਉਹ ਚੰਗੀ ਕਿਸਮ ਦੇ ਮੁਰਗੇ-ਮੁਰਗੀਆਂ ਪੈਦਾ ਕਰ ਸਕਦੇ ਹਨ। ਇਸ ਲਈ ਪਿੰਡ ਪੱਧਰ ’ਤੇ ਕਿਸਾਨਾਂ ਨੂੰ ਹੁਨਰ ਸਿਖਲਾਈ ਵੀ ਦਿੱਤੀ ਜਾਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਕਿਸਾਨ ਘਰੇਲੂ ਪੱਧਰ ’ਤੇ ਚੂਚੇ ਪੈਦਾ ਕਰ ਸਕਦੇ ਹਨ।
ਹਿਸਾਬ-ਕਿਤਾਬ: ਅੰਡਿਆਂ ਦੇ ਉਤਪਾਦਨ ਵਿੱਚ ਸੁਧਾਰ ਕਰਨ ਲਈ ਪ੍ਰਤੀ ਮੁਰਗੀ ਰਿਕਾਰਡ ਰੱਖਣਾ ਅਤੀ ਜ਼ਰੂਰੀ ਹੈ। ਅਜਿਹੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਹਰ ਇੱਕ ਮੁਰਗੀ ਆਪਣੇ ਅੰਡਿਆਂ ਨੂੰ ਇੱਕ ਵੱਖਰੀ ਜਗ੍ਹਾ ਵਿੱਚ ਨਿਯਮਿਤ ਤੌਰ ’ਤੇ ਦਿੰਦੀ ਹੈ। ਮੁਰਗੀਆਂ ਦੁਆਰਾ ਅੰਡੇ ਦੇਣ ਦੀ ਸਮਰੱਥਾ ਅਤੇ ਅੰਡਿਆਂ ਤੋਂ ਚੂਚੇ ਬਣਨ ਬਾਰੇ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। ਵੱਧ ਅੰਡੇ ਦੇਣ ਵਾਲੀ ਅਤੇ ਅੰਡਿਆਂ ਤੋਂ ਵੱਧ ਚੂਚੇ ਨਿਕਲਣਾ, ਅਜਿਹੀਆਂ ਮੁਰਗੀਆਂ ਦੀ ਚੋਣ ਅਗਲੀ ਪੀੜ੍ਹੀ ਲਈ ਕੀਤੀ ਜਾਣੀ ਚਾਹੀਦੀ ਹੈ।
ਟੀਕਾਕਰਨ: ਮੁਰਗੀਆਂ ਦਾ ਨਿਰਮਿਤ ਟੀਕਾਕਰਨ ਜ਼ਰੂਰੀ ਹੈ। ਬਿਮਾਰ ਪੰਛੀਆਂ ਨੂੰ ਵੱਖ ਕਰ ਦਿਉ।
ਪਸਾਰ ਸੇਵਾਵਾਂ: ਸਿਹਤ ਸੰਭਾਲ, ਸ਼ੁਰੂਆਤ ਵਿੱਚ ਮੁਰਗੀਆਂ ਦੀ ਸਪਲਾਈ, ਮਾਰਕੀਟੀਗ ਸੰਬੰਧੀ ਅਤੇ ਹੋਰ ਪਹਿਲੂਆਂ ਲਈ ਪਸਾਰ (ਐਕਸਟੈਂਸ਼ਨ) ਸਹਿਯੋਗ ਪਿੰਡ ਪੱਧਰ ਤੇ ਆਸਾਨੀ ਨਾਲ ਉਪਲਬਧ ਕਰਵਾਉਣਾ ਚਾਹੀਦਾ ਹੈ। ਲੋਕਾਂ ਨੂੰ ਸਿਹਤ ਸੰਭਾਲ ਅਤੇ ਨਸਲ ਸੁਧਾਰ ਸੰਬੰਧੀ ਪ੍ਰੋਗਰਾਮਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.