Update Details

999-mon.jpg
Posted by ਡਾ. ਗੁਰਜੋਤ ਕੌਰ ਮਾਵੀ*, ਡਾ. ਪੀ.ਪੀ. ਦੁਬੇ ਤੇ ਡਾ. ਰਵਿੰਦਰ ਗਰੇਵਾਲ ਸੰਪਰਕ: 97790-51144
2018-08-08 09:26:47

ਮੌਨਸੂਨ ਦੌਰਾਨ ਪਸ਼ੂਆਂ ਦੀ ਸੰਭਾਲ

ਅਜੋਕੇ ਸਮੇਂ ਵਿੱਚ ਪਸ਼ੂ ਪਾਲਣ ਧੰਦਾ ਸਹਾਇਕ ਧੰਦਿਆਂ ਦੀ ਪੱਧਰ ਤੋਂ ਉੱਚਾ ਉੱਠ ਕੇ ਵਪਾਰਕ ਧੰਦੇ ਵਜੋਂ ਹਰਮਨ ਪਿਆਰਾ ਹੋ ਗਿਆ ਹੈ। ਪੰਜਾਬੀਆਂ ਨੇ ਇਸ ਖੇਤਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਖੇਤੀ ਬਾੜੀ ਦੇ ਕੰਮ ਵਿੱਚ ਵੀ ਪੰਜਾਬੀਆਂ ਨੇ ਮੱਲਾਂ ਮਾਰੀਆਂ ਹਨ ਪਰ ਮੌਸਮ, ਕੁਦਰਤੀ ਆਫ਼ਤਾਂ, ਸੇਮ, ਸੋਕੇ ਆਦਿ ਕਾਰਨਾਂ ਕਰਕੇ ਕਈ ਵਾਰੀ ਕਿਸਾਨਾਂ ਨੂੰ ਬਹੁਤ ਵੱਡੀ ਮਾਰ ਵੀ ਸਹਿਣੀ ਪਈ ਹੈ। ਇਸ ਲਈ ਰਵਾਇਤੀ ਖੇਤੀ ਤੋਂ ਪੱਲਾ ਛੁਡਾ ਕੇ ਕਿਸਾਨਾਂ ਨੇ ਡੇਅਰੀ ਧੰਦਾ, ਮੁਰਗੀ ਪਾਲਣ, ਸੂਰ ਪਾਲਣ ਤੇ ਬੱਕਰੀ ਪਾਲਣ ਆਦਿ ਧੰਦੇ ਅਪਣਾਏ, ਪਰ ਹੁਣ ਡੇਅਰੀ ਧੰਦਾ ਖੇਤੀਬਾੜੀ ਦੇ ਨਾਲ ਬਹੁਤ ਮਹੱਤਵਪੂਰਨ ਧੰਦਾ ਹੈ। ਜੇ ਅਸੀਂ ਡੇਅਰੀ ਧੰਦੇ ਤੋਂ ਵੱਧ ਮੁਨਾਫ਼ਾ ਲੈਣਾ ਹੈ ਤਾਂ ਪਸ਼ੂ ਪਾਲਕਾਂ ਨੂੰ ਪਸ਼ੂ-ਪਾਲਣ ਦੇ ਆਧੁਨਿਕ ਢੰਗਾਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ। ਪੰਜਾਬ ਵਿੱਚ ਮਾਨਸੂਨ ਜੁਲਾਈ ਤੋਂ ਸਤੰਬਰ ਤੱਕ ਹੁੰਦਾ ਹੈ। ਇਸ ਲਈ ਪਸ਼ੂਆਂ ਦੀ ਸਾਂਭ-ਸੰਭਾਲ ਵਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। ਬਰਸਾਤ ਦੇ ਮੌਸਮ ਵਿੱਚ ਪਸ਼ੂ-ਪਾਲਕ ਨੂੰ ਹੇਠ ਲਿਖੀਆਂ ਔਕੜਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਤਾਂ ਕਿ ਡੇਅਰੀ ਧੰਦੇ ਤੋਂ ਵੱਧ ਮੁਨਾਫ਼ਾ ਲੈ ਸਕਣ।

ਮੀਂਹ ਰੁੱਤ ਦੀਆਂ ਔਕੜਾਂ:

* ਬਰਸਾਤ ਵਿੱਚ ਨਮੀ ਵਧਣ ਨਾਲ ਮੱਖੀਆਂ, ਮੱਛਰ ਅਤੇ ਚਿੱਚੜਾਂ ਆਦਿ ਦੀ ਸੰਖਿਆ ਵਿੱਚ ਵਾਧਾ ਹੋ ਜਾਂਦਾ ਹੈ। ਇਹ ਬਾਹਰੀ ਪਰਜੀਵੀ ਹਨ ਤੇ ਪਸ਼ੂਆਂ ਦਾ ਖ਼ੂਨ ਚੂਸਦੇ ਹਨ ਤੇ ਪਸ਼ੂਆਂ ਵਿੱਚ ਚਿੜਚਿੜਾਪਣ ਪੈਦਾ ਕਰਦੇ ਹਨ। ਇਸ ਕਾਰਨ ਦੁੱਧ ਦੇ ਉਤਪਾਦਨ ’ਤੇ ਅਸਰ ਪੈਂਦਾ ਹੈ।

* ਬਰਸਾਤ ਦੇ ਮੌਸਮ ਦੌਰਾਨ ਖ਼ੁਰਾਕ ਜਿਵੇਂ ਵੰਡ, ਖਲ ਅਤੇ ਫੀਡ ਆਦਿ ਵਿੱਚ ਉੱਲ੍ਹੀ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਭਿੱਜੀ ਹੋਈ ਤੂੜੀ ਪਸ਼ੂਆਂ ਲਈ ਬਹੁਤ ਨੁਕਸਾਨਦਾਇਕ ਹੈ। ਭਿੱਜੀ ਹੋਈ ਤੂੜੀ ਖਾਣ ਨਾਲ ਪਸ਼ੂਆਂ ਨੂੰ ਆਦਰਾਂ ਅਤੇ ਪੇਟ ਦਾ ਬੰਨ੍ਹ ਪੈ ਸਕਦਾ ਹੈ। ਉੱਲੀ ਤੋਂ ਪੈਦਾ ਹੋਇਆ ਜ਼ਹਿਰੀ ਤੱਤ ਪਸ਼ੂਆਂ ਵਿੱੱਚ ਤੂ ਜਾਣ ਦੀ ਬਿਮਾਰੀ ਦਾ ਵੀ ਕਾਰਨ ਬਣ ਸਕਦਾ ਹੈ।

* ਬਰਸਾਤ ਦੌਰਾਨ ਸਾਈਏਜ ਵਿੱਚ ਜੇ ਪਾਣੀ ਪੈ ਜਾਂਦਾ ਹੈ ਤਾਂ ਉਸ ਨੂੰ ਵੀ ਉੱਲ੍ਹੀ ਲੱਗਣ ਦਾ ਡਰ ਬਣਿਆ ਰਹਿੰਦਾ ਹੈ।

* ਇਸ ਮੌਸਮ ਵਿੱਚ ਮਾੜੀ ਖ਼ੁਰਾਕ ’ਤੇ ਮਾੜੇ ਰੱਖ-ਰਖਾਵ ਕਾਰਨ ਛੂਤ ਦੀਆਂ ਬਿਮਾਰੀਆਂ ਜਿਵੇਂ ਕਿ ਗਲ-ਘੋਟੂ, ਮੂੰਹ-ਖੁਰ ਆਦਿ ਦਾ ਖ਼ਤਰਾ ਵਧ ਜਾਂਦਾ ਹੈ। ਇੱਥੋਂ ਤੱਕ ਕਿ ਇਹ ਬਿਮਾਰੀਆਂ ਕਈ ਵਾਰੀ ਮਹਾਮਾਂਰੀ ਦਾ ਰੂਪ ਵੀ ਧਾਰਨ ਕਰ ਜਾਂਦੀਆਂ ਹਨ।

* ਬਰਸਾਤਾਂ ਵਿੱਚ ਪਸ਼ੂਆਂ ਦੇ ਜ਼ਖ਼ਮ ਜਲਦੀ ਠੀਕ ਨਹੀਂ ਹੁੰਦੇ ਕਿਉਂਕਿ ਹਵਾ ਵਿੱਚ ਨਮੀ ਵਧੇਰੇ ਹੁੰਦੀ ਹੈ।

* ਬਰਸਾਤ ਦੇ ਮੌਸਮ ਵਿੱਚ ਪਸ਼ੂ ਰਿਊਮੇਟਿਜ਼ਮ ਰੋਗ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਇਸ ਰੋਗ ਵਿੱਚ ਪਸ਼ੂਆਂ ਨੂੰ ਤੇਜ਼ ਬੁਖਾਰ ਹੋ ਜਾਂਦਾ ਹੈ ਤੇ ਚੱਲਣ ਵਿੱਚ ਔਖ ਮਹਿਸੂਸ ਕਰਦੇ ਹਨ। ਇਸ ਮੌਸਮ ਦੌਰਾਨ ਹੀ ਪਸ਼ੂਆਂ ਨੂੰ ਲਹੂ ਮੂਤਣ ਦੀ ਬਿਮਾਰੀ ਵੀ ਹੋ ਜਾਂਦੀ ਹੈ, ਜੋ ਜ਼ਿਆਦਾਤਰ ਸੱਜਰ ਸੂਏ ਪਸ਼ੂਆਂ ਨੂੰ ਹੀ ਹੁੰਦੀ ਹੈ।

* ਜੇ ਪਸ਼ੂ ਬਰਸਾਤਾਂ ਦਾ ਇਕੱਠਾ ਕੀਤਾ ਹੋਇਆ ਪਾਣੀ ਪੀ ਲਵੇ ਤਾਂ ਮੌਕ ਤੇ ਪੇਟ ਦੀਆਂ ਬਿਮਾਰੀਆਂ ਦੇ ਪੈਦਾ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਜੁਲਾਈ-ਅਗਸਤ ਮੀਂਹ ਦੇ ਮਹੀਨਿਆਂ ਵਿੱਚ ਪਸ਼ੂਆਂ ਨੂੰ ਚਿੱਚੜ ਲੱਗਣ ਕਾਰਨ ਬਬੇਸ਼ੀਆ, ਸੂਰਾ, ਥੈਲੇਰੀਆਂ ਨਾਮੀ ਰੋਗ ਹੋ ਸਕਦੇ ਹਨ। ਚਿੱਚੜਾਂ ਨੂੰ ਮਾਰਨ ਲਈ ਕੀਟਨਾਸ਼ਕ ਦਵਾਈਆਂ ਜਿਵੇਂ ਕਿ ਅਮਿਤਰਾਜ, ਸਾਈਪਰਮੇਥਰਿਨ ਤੇ ਡੈਲਟਾਮੈਥਰਿਨ ਆਦਿ ਦੇ ਸਪਰੇਅ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਫਲੂਮੇਥਰਿਨ ਪਸ਼ੂ ਦੀ ਰੀੜ੍ਹ ਦੀ ਹੱਡੀ ’ਤੇ ਵਰਤੀ ਜਾ ਸਕਦੀ ਹੈ ਅਤੇ ਆਈਵਰਮੈਕਟਿਨ ਟੀਕੇ ਦੇ ਰੂਪ ਵਿੱਚ ਵਰਤੀ ਜਾ ਸਕਦੀ ਹੈ। ਸ਼ੈੱਡਾਂ ਵਿੱਚ ਵੀ ਮੈਲਾਥੀਓਨ ਦਵਾਈ ਨੂੰ ਪਾਣੀ ਵਿੱਚ ਘੋਲ ਕੇ ਮਹੀਨੇ ਵਿੱਚ ਦੋ ਵਾਰ ਦਾ ਸਪਰੇਅ ਕੀਤਾ ਜਾ ਸਕਦਾ ਹੈ।

ਬਰਸਾਤਾਂ ਵਿੱਚ ਪਾਣੀ ਇੱਕ ਥਾਂ ’ਤੇ ਇਕੱਠਾ ਨਹੀਂ ਹੋਣਾ ਚਾਹੀਦਾ। ਇਸ ਵਿੱਚ ਮੱਛਰ ਆਦਿ ਪੈਦਾ ਹੋ ਸਕਦੇ ਹਨ। ਬਰਸਾਤੀ ਪਾਣੀ ਦੇ ਨਿਕਾਸ ਦਾ ਪ੍ਰਬੰਧ ਸੁਚਾਰੂ ਰੂਪ ਵਿੱਚ ਹੋਣਾ ਚਾਹੀਦਾ ਹੈ। ਜੇ ਕਿਤੇ ਛੱਤ ਚੋਂਦੀ ਹੋਵੇ ਤਾਂ ਬਰਸਾਤਾਂ ਤੋਂ ਪਹਿਲਾਂ ਹੀ ਉਸ ਨੂੰ ਠੀਕ ਕਰਵਾ ਲੈਣਾ ਚਾਹੀਦਾ ਹੈ। ਪਸ਼ੂਆਂ ਦੇ ਢਾਰੇ ਇਸ ਤਰ੍ਹਾਂ ਹੋਣ ਕਿ ਬਰਸਾਤ ਦਾ ਪਾਣੀ ਅੰਦਰ ਵੀ ਨਾ ਆਵੇ, ਧੁੱਪ ਤੇ ਹਵਾ ਦੀ ਆਵਾਜਾਈ ਆਸਾਨੀ ਨਾਲ ਉਪਲੱਬਧ ਹੋਵੇ।

ਪਸ਼ੂਆਂ ਲਈ ਤੂੜੀ, ਸਾਈਲੇਜ, ਫੀਡ ਤੇ ਖਲ ਆਦਿ ਬਹੁਤੀ ਮਾਤਰਾ ਵਿੱਚ ਸਟੋਰ ਨਹੀਂ ਕਰਨੀ ਚਾਹੀਦੀ। ਖ਼ੁਰਾਕ ਨੂੰ 15-20 ਦਿਨਾਂ ਤਕ ਹੀ ਸਟੋਰ ਕਰੋ। ਖ਼ੁਰਾਕ ਵਿੱਚ ਟਾਕਸਿਨ ਬਾਂਇਡਰ 100 ਗ੍ਰਾਮ ਪ੍ਰਤੀ ਕੁਇੰਟਲ ਵਰਤਿਆ ਜਾ ਸਕਦਾ ਹੈ।

ਬਰਸਾਤ ਦੇ ਮੌਸਮ ਤੋਂ 21 ਦਿਨ ਪਹਿਲਾਂ ਹੀ ਪਸ਼ੂਆਂ ਨੂੰ ਗਲ ਘੋਟੂ, ਅਤੇ ਮੂੰਹ ਖੁਰ ਵਰਗੀਆਂ ਜਾਨਲੇਵਾ ਬਿਮਾਰੀਆਂ ਦੇ ਟੀਕੇ ਲਗਵਾ ਲੈਣੇ ਚਾਹੀਦੇ ਹਨ। ਪਸ਼ੂਆਂ ਨੂੰ ਬਰਸਾਤ ਦਾ ਖੜ੍ਹਾ ਪਾਣੀ ਨਹੀਂ ਪਿਲਾਉਣਾ ਚਾਹੀਦਾ ਕਿਉਂਕਿ ਇਸ ਨਾਲ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਹਨ।

ਇਨਾਂ ਦਿਨਾਂ ਵਿੱਚ ਜ਼ਖ਼ਮ ਖ਼ਰਾਬ ਹੋਣ ਤੋਂ ਬਚਾਉਣ ਲਈ ਜ਼ਖ਼ਮਾਂ ਨੂੰ ਰੋਜ਼ ਸਾਫ਼ ਕਰਕੇ ਪੱਟੀ ਕੀਤੀ ਜਾਵੇ ਤਾਂ ਕਿ ਜ਼ਖ਼ਮਾਂ ਨੂੰ ਕੀੜੇ ਪੈਣ ਤੋਂ ਬਚਾਇਆ ਜਾ ਸਕੇ। ਬਰਸਾਤ ਦੇ ਮਹੀਨੇ ਵਿੱਚ ਸੂਣ ਵਾਲੇ ਪਸ਼ੂਆਂ ਲਈ ਜੇ ਸੰਭਵ ਹੋ ਸਕੇ ਤਾਂ ਉੁਸ ਲਈ ਅਲੱਗ ਕਮਰਾ ਹੋਵੇ, ਜਿੱਥੇ ਬੈਠਣ ਨੂੰ ਥਾਂ ਖੁੱਲ੍ਹੀ, ਸੁੱਕੀ ਅਤੇ ਆਰਾਮਦਾਇਕ ਹੋਵੇ। ਲੋੜ ਅਨੁਸਾਰ ਸੰਤੁਲਿਤ ਖ਼ੁਰਾਕ ਪਾਉ। ਸੂਣ ਤੋਂ ਬਾਅਦ ਬਰਸਾਤ ਦੇ ਮੌਸਮ ਵਿੱਚ ਕਈ ਵਾਰੀ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਸੂਤਕੀ ਬੁਖਾਰ (ਮਿਲਕ-ਫੀਵਰ) ਦੀ ਬਿਮਾਰੀ ਹੋ ਜਾਂਦੀ ਹੈ। ਜੋ ਕਿ ਕੈਲਸ਼ੀਅਮ ਦੀ ਘਾਟ ਕਰਕੇ ਹੁੰਦੀ ਹੈ। ਸਮੇਂ ਸਿਰ ਡਾਕਟਰੀ ਸਲਾਹ ਲਓ ਅਤੇ ਪਸ਼ੂ ਨੂੰ ਖ਼ੁਰਾਕ ਇਸ ਪ੍ਰਕਾਰ ਦੀ ਦੇਵੋ ਜਿਸ ਵਿੱਚ ਲੋੜੀਂਦੇ ਤੱਤ ਪੂਰਨ ਮਾਤਰਾ ਵਿੱਚ ਹੋਣ, ਜਿਵੇਂ ਕਿ ਕੈਲਸ਼ੀਅਮ, ਫਾਸਫੋਰਸ ਆਦਿ।

ਪਸ਼ੂਆਂ ਦੇ ਸ਼ੈੱਡ ਹਮੇਸ਼ਾਂ ਉੱਚੀ ਥਾਂ ’ਤੇ ਹੋਣ, ਜਿਸ ਨਾਲ ਸ਼ੈੱਡ ਦੇ ਅੰਦਰੋਂ ਮਲ-ਮੂਤਰ ਦਾ ਨਿਕਾਸ ਆਸਾਨੀ ਨਾਲ ਹੋ ਸਕੇ ਤੇ ਬਰਸਾਤਾਂ ਦਾ ਪਾਣੀ ਵੀ ਇਕੱਠਾ ਨਾ ਹੋਵੇ। ਸ਼ੈੱਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਅਤੇ ਜਲਦੀ ਸਾਫ਼ ਹੋਣ ਵਾਲਾ ਹੋਵੇ। ਬਰਸਾਤਾਂ ਵਿੱਚ ਪਸ਼ੂਆਂ ਦੇ ਗੋਹੇ ਅਤੇ ਮੂਤਰ ਦੀ ਠੀਕ ਵਿਵਸਥਾ ਕਰੋ ਤੇ ਫਰਸ਼ ਨੂੰ ਕੀਟਨਾਸ਼ਕ ਘੋਲ ਨਾਲ ਸਾਫ਼ ਕਰੋ। ਕੋਈ ਵੀ ਕੀਟਨਾਸ਼ਕ ਹਮੇਸ਼ਾਂ ਵੈਟਨਰੀ ਡਾਕਟਰ ਦੀ ਸਲਾਹ ਤੇ ਨਿਗਰਾਨੀ ਵਿੱਚ ਤੇ ਉਚਿੱਤ ਮਾਤਰਾ ਵਿੱਚ ਹੀ ਲਗਾਉਣੀ ਚਾਹੀਦੀ ਹੈ, ਜੋ ਕਿ ਲੇਬਲ ’ਤੇ ਦਿੱਤੀ ਹੋਵੇ।