
ਮਿੱਤਰ ਕੀੜਿਆਂ ਨੂੰ ਕਿਵੇਂ ਬਚਾਈਏ

ਫ਼ਸਲਾਂ ਵਿੱਚ ਕਈ ਕਿਸਮਾਂ ਦੇ ਮਿੱਤਰ ਕੀੜੇ ਮਿਲਦੇ ਹਨ। ਇਨ੍ਹਾਂ ਮਿੱਤਰ ਕੀੜਿਆਂ ਵਿੱਚ ਪਰਭਕਸ਼ੀ ਕੀੜੇ, ਪਰਜੀਵੀ ਕੀੜੇ ਅਤੇ ਹਾਨੀਕਾਰਕ ਕੀੜਿਆਂ ਨੂੰ ਲੱਗਣ ਵਾਲੇ ਵਿਸ਼ਾਣੂ ਸ਼ਾਮਲ ਹਨ। ਇਹ ਮਿੱਤਰ ਕੀੜੇ ਫ਼ਸਲਾਂ ਦੇ ਹਾਨੀਕਾਰਕ ਕੀੜਿਆਂ ਨੂੰ ਨਸ਼ਟ ਕਰਨ ਅਤੇ ਕੁਦਰਤ ਵਿੱਚ ਸੰਤੁਲਨ ਬਣਾਉਣ ਵਿੱਚ ਮਦਦ ਕਰਦੇ ਹਨ। ਦੂਜੇ ਪਾਸੇ, ਸਾਡੀਆਂ ਕਈ ਗਤੀਵਿਧੀਆਂ, ਜਿਵੇਂ ਕਿ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਇਸ ਸੰਤੁਲਨ ਨੂੰ ਵਿਗਾੜ ਦਿੰਦੀ ਹੈ। ਇਨ੍ਹਾਂ ਕੀਟਨਾਸ਼ਕਾਂ ਦੇ ਵਾਤਾਵਰਨ ਉੱਤੇ ਮਾੜੇ ਅਸਰ ਨੂੰ ਧਿਆਨ ਵਿੱਚ ਰਖਦੇ ਹੋਏ, ਮਿੱਤਰ ਕੀੜਿਆਂ ਦੀ ਮਹੱਤਤਾ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਹੈ।
ਪਰਭਕਸ਼ੀ ਕੀੜੇ: ਇਹ ਮਿੱਤਰ ਕੀੜੇ ਦੁਸ਼ਮਣ ਕੀੜੇ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਕੇ ਖਾ ਜਾਂਦੇ ਹਨ। ਇੱਕ ਪਰਭਕਸ਼ੀ ਕੀੜਾ ਕਈ ਕੀੜਿਆਂ ਨੂੰ ਖਾ ਕੇ ਆਪਣਾ ਜੀਵਨ ਚੱਕਰ ਪੂਰਾ ਕਰਦਾ ਹੈ। ਇਨ੍ਹਾਂ ਵਿੱਚ ਲੇਡੀ ਬਰਡ ਭੂੰਡੀਆਂ (ਸੱਤ-ਟਿਮਕਣਿਆਂ ਵਾਲੀ ਭੂੰਡੀ, ਤਿੰਨ ਧਾਰੀ ਭੂੰਡੀ, ਵਿੰਗੀਆਂ ਧਾਰੀਆਂ ਵਾਲੀ ਭੂੰਡੀ), ਗਰੀਨ ਲੇਸ ਵਿੰਗ, ਸਿਰਫਿਡ ਮੱਖੀ ਅਤੇ ਮੱਕੜੀਆਂ ਸ਼ਾਮਲ ਹਨ।
ਪਰਜੀਵੀ ਕੀੜੇ: ਇਹ ਮਿੱਤਰ ਕੀੜੇ ਹਾਨੀਕਾਰਕ ਕੀੜਿਆਂ ਦੇ ਉੱਪਰ ਜਾਂ ਅੰਦਰ ਰਹਿ ਕੇ ਆਪਣਾ ਜੀਵਨ ਚੱਕਰ ਪੂਰਾ ਕਰਦੇ ਹਨ ਅਤੇ ਅਖੀਰ ਵਿੱਚ ਉਸ ਨੂੰ ਮਾਰ ਦਿੰਦੇ ਹਨ। ਇਨ੍ਹਾਂ ਵਿੱੱਚ ਟਰਾਈਕੋਗਰਾਮਾ ਕਿਲੋਨਸ, ਟਰਾਈਕੋਗਰਾਮਾ ਜੈਪੋਨਿਕਮ, ਸਟੈਨੋਬਰੈਕਨ, ਬਰੈਕੀਮੇਰੀਆ, ਜ਼ੈਂਥੋਪਿੰਪਲਾ, ਏਪੈਂਟਲੀਜ਼, ਕੈਂਪੋਲਿਟਸ ਕਲੋਰੀਡੀ, ਬਰੈਕਨ ਹਿਬੇਟਰ ਅਤੇ ਫੁਲਗੋਰੀਕਾ ਮਿਲੈਨੋਲਿਕਾ ਸ਼ਾਮਲ ਹਨ।
ਮਿੱਤਰ ਕੀੜਿਆਂ ਦੀ ਸਾਂਭ-ਸੰਭਾਲ: ਕੁਝ ਵਾਤਾਵਰਨ ਸੰਬਧੀ ਅਤੇ ਮਨੁੱਖੀ ਗਤੀਵਿਧੀਆਂ ਵਿੱਚ ਤਬਦੀਲੀ ਕਰ ਕੇ ਮਿੱਤਰ ਕੀੜਿਆਂ ਦੀ ਸੰਭਾਲ ਕੀਤੀ ਜਾ ਸਕਦੀ ਹੈ ਤਾਂ ਜੋ ਸਾਡੇ ਮਿੱਤਰ ਕੀੜੇ ਦੁਸ਼ਮਣ ਕੀੜਿਆਂ ਦੀ ਰੋਕਥਾਮ ਚੰਗੀ ਤਰ੍ਹਾਂ ਕਰ ਸਕਣ। ਸਾਨੂੰ ਮਿੱਤਰ ਜੀਵਾਂ ਨੂੰ ਬਚਾਉਣ ਲਈ ਕੀਟਨਾਸ਼ਕਾਂ ਦੀ ਵਰਤੋਂ ਘਟਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਸਾਨ ਅੱਗੇ ਲਿਖੇ ਨੁਕਤਿਆਂ ਨੂੰ ਧਿਆਨ ਰੱਖ ਕੇ ਮਿੱਤਰ ਕੀੜਿਆਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਦੀ ਕਾਰਜ ਨਿਪੁੰਨਤਾ ਵਧਾ ਸਕਦੇ ਹਨ।
ਕੀ ਕਰੀਏ: ਹਾਨੀਕਾਰਕ ਕੀੜਿਆਂ ਅਤੇ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਨੁਕਸਾਨ ਅਤੇ ਮਿੱਤਰ ਕੀੜਿਆਂ ਦੀ ਸਹੀ ਪਛਾਣ ਹੋਣੀ ਜ਼ਰੂਰੀ ਹੈ। ਕਈ ਵਾਰ ਕਿਸਾਨ ਫ਼ਸਲਾਂ ਉੱਤੇ ਲੇਡੀ ਬਰਡ ਭੂੰਡੀਆਂ, ਗਰੀਨ ਲੇਸ ਵਿੰਗ ਅਤੇ ਸਿਰਫਿਡ ਮੱਖੀ ਦੀਆਂ ਗਰੱੱਬਾਂ ਜਾਂ ਸੁੰਡੀਆਂ ਨੂੰ ਦੁਸ਼ਮਣ ਕੀੜੇ ਸਮਝ ਕੇ ਉਨ੍ਹਾਂ ਉੱਤੇ ਕੀਟਨਾਸ਼ਕਾਂ ਦਾ ਛਿੜਕਾਅ ਕਰ ਦਿੰਦੇ ਹਨ ਜਦੋਂਕਿ ਇਹ ਮਿੱਤਰ ਕੀੜੇ ਫਸਲ ਨੂੰ ਕੋਈ ਨੁਕਸਾਨ ਨਹੀ ਪੰਹੁਚਾਉਂਦੇ ਅਤੇ ਹਾਨੀਕਾਰਕ ਕੀੜਿਆਂ ਜਿਵੇਂ ਕਿ ਚਿੱਟੀ ਮੱਖੀ, ਤੇਲਾ, ਮੀਲੀਬਗ, ਚੇਪਾ ਅਤੇ ਭੂਰੀ ਜੂੰ ਨੂੰ ਖਾਂਦੇ ਹਨ। ਇਸ ਲਈ ਹਾਨੀਕਾਰਕ ਅਤੇ ਮਿੱਤਰ ਕੀੜਿਆਂ ਵਿਚ ਅੰਤਰ ਦੀ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਕਿਸਾਨ ਹਾਨੀਕਾਰਕ ਅਤੇ ਮਿੱਤਰ ਕੀੜਿਆਂ ਦੀ ਸਹੀ ਜਾਣ ਪਛਾਣ ਲਈ ਵੱਖ-ਵੱਖ ਜ਼ਿਲ੍ਹਿਆਂ ਵਿਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਜਾਂ ਪੰਜਾਬ ਖੇਤੀਬਾੜੀ ਯੂੁਨੀਵਰਸਿਟੀ, ਲੁਧਿਆਣਾ ਤੋਂ ਮਾਹਿਰਾਂ ਦੀ ਸਲਾਹ ਲੈ ਸਕਦੇ ਹਨ।
ਹਾਨੀਕਾਰਕ ਕੀੜਿਆਂ ਦੀ ਸਰਵਪੱਖੀ ਢੰਗਾਂ ਜਿਵੇਂ ਕਿ ਖੇਤੀ, ਜੈਵਿਕ ਜਾਂ ਮਕੈਨਿਕਲ ਢੰਗਾਂ ਰਾਹੀਂ ਰੋਕਥਾਮ ਕਰੋ। ਇਸ ਲਈ ਪੰਜਾਬ ਖੇਤੀਬਾੜੀ ਯੂੁਨੀਵਰਸਿਟੀ ਵੱਲੋਂ ਕੀਤੀਆਂ ਹਾਨੀਕਾਰਕ ਕੀੜਿਆਂ ਦੀ ਸਰਵਪੱਖੀ ਰੋਕਥਾਮ’ ਦੀਆਂ ਸਿਫਾਰਸ਼ਾਂ ਉੱਤੇ ਅਮਲ ਕਰੋ।
ਕੀਟਨਾਸ਼ਕਾਂ ਦੀ ਲੋੜ ਤੋਂ ਵਧੇਰੇ ਵਰਤੋਂ ਤੋਂ ਗੁਰੇਜ਼ ਕਰੋ। ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਨੁਕਸਾਨ ਦੀ ਆਰਥਿਕ-ਪੱਧਰ ਦੇ ਆਧਾਰ ’ਤੇ ਹੀ ਕਰਨੀ ਚਾਹੀਦੀ ਹੈ। ਇਸ ਲਈ ਹਾਨੀਕਾਰਕ ਕੀੜਿਆਂ ਦੀ ਪਛਾਣ, ਗਿਣਤੀ ਅਤੇ ਹਮਲੇ ਬਾਰੇ ਜਾਣਕਾਰੀ ਲਈ ਖੇਤ ਦਾ ਲਗਾਤਾਰ ਸਰਵੇਖਣ ਕਰੋ ਅਤੇ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਲੋੜ ਅਨੁਸਾਰ ਆਰਥਿਕ ਆਧਾਰ/ਨਿਸ਼ਾਨੀਆਂ ਨੂੰ ਮੁੱਖ ਰੱਖ ਕੇ ਕਰੋ। ਜੇ ਲੋੜ ਪਵੇ ਤਾਂ ਹਰੇ ਤਿਕੋਣ ਵਾਲੇ ਕੀਟਨਾਸ਼ਕਾਂ ਨੂੰ ਤਰਜੀਹ ਦਿਓ।
ਜੇ ਕੀਟਨਾਸ਼ਕ ਦਾ ਛਿੜਕਾਅ ਕਰਨਾ ਹੀ ਪਵੇ ਤਾਂ ਇਸ ਦੀ ਵਰਤੋਂ ਚੋਣਵੇਂ ਢੰਗ ਨਾਲ ਕਰੋ। ਕੀਟਨਾਸ਼ਕ ਦੀ ਵਰਤੋਂ ਹਮਲੇ ਹੇਠ ਆਏ ਬੂਟਿਆਂ ਜਾਂ ਖੇਤ ਦੇ ਉਨ੍ਹਾਂ ਹਿੱਸਿਆਂ ’ਤੇ ਹੀ ਕਰਨ ਦੀ ਕੋਸ਼ਿਸ਼ ਕਰੋ ਜਿੱਥੇ ਕਿ ਹਾਨੀਕਾਰਕ ਕੀੜਿਆਂ ਨੇ ਨੁਕਸਾਨ ਕੀਤਾ ਹੋਵੇ। ਇਸ ਲਈ ਛਿੜਕਾਅ ਸਿਰਫ਼ ਅਜਿਹੇ ਹਮਲੇ ਵਾਲੇ ਹਿੱਸੇ ’ਤੇ ਹੀ ਕਰੋ ਤਾਂ ਜੋ ਛਿੜਕਾਅ ਰਹਿਤ ਥਾਵਾਂ ਉੱਤੇ ਮਿੱਤਰ ਕੀੜੇ ਵਧ ਸਕਣ।
ਮਿੱਤਰ ਕੀੜਿਆਂ ਦੀ ਗਿਣਤੀ ਵਧਾਉਣ ਲਈ ਖੇਤਾਂ ਦੇ ਆਸ ਪਾਸ ਤਰ੍ਹਾਂ-ਤਰ੍ਹਾਂ ਦੇ ਬੂਟੇ ਅਤੇ ਰੁੱਖ ਲਗਾਉਣੇ ਚਾਹੀਦੇ ਹਨ ਕਿਉਂਕਿ ਮਿੱਤਰ ਕੀੜੇ ਆਪਣੇ ਜੀਵਨ ਚੱਕਰ ਦਾ ਕੁਝ ਹਿੱਸਾ ਇਨ੍ਹਾ ਬੂਟਿਆਂ ਉੱਤੇ ਪੂਰਾ ਕਰਦੇ ਹਨ।
ਕੀ ਨਾ ਕਰੀਏ:
* ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜੋ ਨਾ ਕਿਉਂਕਿ ਇਸ ਨਾਲ ਮਿੱਤਰ ਕੀੜੇ ਮਰ ਜਾਂਦੇ ਹਨ।
* ਕੀਟਨਾਸ਼ਕਾਂ ਦੀ ਵਰਤੋਂ ਲੋੜ ਤੋਂ ਵਧੇਰੇ ਨਾ ਕਰੋ।
* ਜ਼ਿਆਦਾ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਗੁਰੇਜ਼ ਕਰੋ ਕਿਉਂਕਿ ਇਹ ਮਿੱਤਰ ਕੀੜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
* ਗ਼ੈਰ ਸਿਫ਼ਾਰਸ਼ੀ ਅਤੇ ਮਿਆਦ ਲੰਘਾ ਚੁੱਕੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ।
* ਕੀਟਨਾਸ਼ਕਾਂ ਦੇ ਮਿਸ਼ਰਨ (ਆਪ ਬਣਾ ਕੇ ਜਾਂ ਬਣੇ ਬਣਾਏ) ਦਾ ਛਿੜਕਾਅ ਨਾ ਕਰੋ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.