Update Details

6019-makki.jpg
Posted by ਡਾ. ਰਣਜੀਤ ਸਿੰਘ
2018-01-15 04:57:11

ਮੱਕੀ, ਸੂਰਜਮੁਖੀ ਤੇ ਮੈਂਥੇ ਦੀ ਬਿਜਾਈ ਦਾ ਵੇਲਾ

ਇਸ ਵਾਰ ਠੰਢ, ਬਹੁਤ ਪਈ ਹੈ। ਹੁਣ ਠੰਢ ਘੱਟ ਹੋਣ ਕਰਕੇ ਦਿਨ ਵੇਲੇ ਡੰਗਰਾਂ ਨੂੰ ਧੁੱਪੇ ਬੰਨ੍ਹੋ। ਜੇ ਮੀਂਹ ਨਹੀਂ ਪਿਆ ਤਾਂ ਫ਼ਸਲਾਂ ਨੂੰ ਪਾਣੀ ਦੇ ਦੇਣਾ ਚਾਹੀਦਾ ਹੈ। ਕੋਰਾ ਪੈਣ ਕਰਕੇ ਕਈ ਵਾਰ ਫ਼ਸਲਾਂ ਦਾ ਰੰਗ ਪੀਲਾ ਪੈ ਜਾਂਦਾ ਹੈ। ਇਹ ਕੋਈ ਬਿਮਾਰੀ ਨਹੀਂ ਹੈ, ਇਸ ਲਈ ਐਵੇਂ ਜ਼ਹਿਰਾਂ ਦਾ ਛਿੜਕਾ ਨਹੀਂ ਕਰਨਾ ਚਾਹੀਦਾ ਹੈ। ਕਈ ਕਿਸਾਨ ਯੂਰੀਏ ਦਾ ਛੱਟਾ ਮਾਰਨ ਲੱਗ ਪੈਂਦੇ ਹਨ, ਇਹ ਵੀ ਠੀਕ ਨਹੀਂ। ਲੋੜ ਤੋਂ ਵੱਧ ਰਸਾਇਣਾਂ ਦੀ ਵਰਤੋਂ ਨਾਲ ਖ਼ਰਚੇ ਵਿੱਚ ਵਾਧਾ ਹੁੰਦਾ ਹੈ ਅਤੇ ਝਾੜ ਵੀ ਘਟ ਜਾਂਦਾ ਹੈ।

ਗੰਨਾ ਵੇਚਣ ਵਿੱਚ ਜੇ ਦਿੱਕਤ ਆ ਰਹੀ ਹੈ ਤਾਂ ਵੇਲਣਾ ਚਲਾ ਕੇ ਗੁੜ ਤੇ ਸ਼ੱਕਰ ਬਣਾਈ ਜਾ ਸਕਦੀ ਹੈ। ਇਸ ਨਾਲ ਰੋਜ਼ ਦੀ ਰੋਜ਼ ਨਕਦ ਆਮਦਨ ਹੋ ਸਕੇਗੀ। ਅਗਲੇ ਮਹੀਨੇ ਸਦਾ ਬਹਾਰ ਰੁੱਖ ਅਤੇ ਫ਼ਲਦਾਰ ਬੂਟੇ ਲਾਏ ਜਾ ਸਕਦੇ ਹਨ। ਆਪਣੀ ਬੰਬੀ ਲਾਗੇ ਤਿੰਨ ਚਾਰ ਟੋਏ ਜ਼ਰੂਰ ਪੁੱਟ ਕੇ ਉਨ੍ਹਾਂ ਨੂੰ ਭਰ ਕੇ ਤਿਆਰ ਰੱਖੋ ਤਾਂ ਜੋ ਸਮੇਂ ਸਿਰ ਬੂਟੇ ਲਗਾਏ ਜਾ ਸਕਣ।

ਇਸ ਮਹੀਨੇ ਕਈ ਰੋਕੜੀ ਫ਼ਸਲਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਜੇ ਕੋਈ ਖੇਤ ਵਿਹਲਾ ਹੈ ਤਾਂ ਉੱਥੇ ਮੱਕੀ, ਸੂਰਜਮੁਖੀ ਅਤੇ ਮੈਂਥਾ ਲਾਇਆ ਜਾ ਸਕਦਾ ਹੈ। ਪੀਐੱਸਐੱਚ 1962, ਡੀਕੇ 3849, ਪੀਐੱਸਐੱਚ 996, ਪੀਐੱਸਐੱਚ 569, ਪੀਐੱਸਐਫਐੱਚ 118 ਅਤੇ ਐੱਸਐੱਚ 3322 ਸੂਰਜਮੁਖੀ ਦੀਆਂ ਸਿਫ਼ਾਰਸ਼ਾਂ ਕੀਤੀਆਂ ਕਿਸਮਾਂ ਹਨ। ਇਹ ਸਾਰੀਆਂ ਦੋਗਲੀਆਂ ਕਿਸਮਾਂ ਹਨ, ਇਸ ਕਰਕੇ ਇਨ੍ਹਾਂ ਦਾ ਬੀਜ ਹਰ ਵਾਰ ਨਵਾਂ ਹੀ ਲੈਣਾ ਪੈਂਦਾ ਹੈ। ਬੀਜ ਹਮੇਸ਼ਾਂ ਸਿਫ਼ਾਰਸ਼ ਕੀਤੀ ਕਿਸਮ ਦਾ ਹੀ ਬੀਜਿਆ ਜਾਵੇ। ਇਸ ਨੂੰ ਕਿਸੇ ਭਰੋਸੇਯੋਗ ਵਸੀਲੇ ਤੋਂ ਪ੍ਰਾਪਤ ਕਰਨਾ ਜ਼ਰੂਰੀ ਹੈ। ਨਕਲੀ ਬੀਜ ਤੋਂ ਸਾਵਧਾਨ ਹੋਣ ਦੀ ਲੋੜ ਹੈ। ਇੱਕ ਏਕੜ ਲਈ ਕੇਵਲ ਦੋ ਕਿਲੋ ਬੀਜ ਚਾਹੀਦਾ ਹੈ। ਜੇ ਬੀਜ ਸੋਧਿਆ ਹੋਇਆ ਨਾ ਹੋਵੇ ਤਾਂ ਬੀਜਣ ਤੋਂ ਪਹਿਲਾਂ ਇਸ ਨੂੰ ਥੀਰਮ ਨਾਲ ਸੋਧ ਲਵੋ। ਇੱਕ ਕਿਲੋ ਬੀਜ ਲਈ ਦੋ ਗ੍ਰਾਮ ਜ਼ਹਿਰ ਵਰਤੋ। 

ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 60 ਅਤੇ ਬੂਟਿਆਂ ਵਿਚਕਾਰ 30 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਵੱਟਾਂ ਉੱਤੇ ਬਿਜਾਈ ਕੀਤਿਆਂ ਵਧੇਰੇ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਫ਼ਸਲ ਪੱਕਣ ਵਿੱਚ 100 ਕੁ ਦਿਨ ਲੈਂਦੀ ਹੈ। ਇੱਕ ਏਕੜ ਵਿੱਚੋਂ ਅੱਠ ਕੁਇੰਟਲ ਦੇ ਲਗਪਗ ਝਾੜ ਪ੍ਰਾਪਤ ਹੋ ਜਾਂਦਾ ਹੈ। ਇੱਕ ਏਕੜ ਵਿੱਚ 50 ਕਿਲੋ ਯੂਰੀਆ ਅਤੇ 75 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਬਿਜਾਈ ਤੋਂ 20 ਕੁ ਦਿਨਾਂ ਪਿੱਛੋਂ ਕਰੋ। ਜਦੋਂ ਫ਼ਸਲ ਨੂੰ ਫੁੱਲ ਪੈਣ ਲੱਗਣ ਤਾਂ ਮਿੱਟੀ ਚਾੜ੍ਹ ਦੇਣੀ ਚਾਹੀਦੀ ਹੈ। ਇਸ ਨਾਲ ਫ਼ਸਲ ਨੂੰ ਢਹਿਣ ਤੋਂ ਬਚਾਇਆ ਜਾ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਲੈ ਕੇ ਤੁਸੀਂ ਦੋਗਲੀਆਂ ਕਿਸਮਾਂ ਦਾ ਬੀਜ ਆਪ ਵੀ ਤਿਆਰ ਕਰ ਸਕਦੇ ਹੋ।

ਮੈਂਥਾਂ ਦੀ ਬਿਜਾਈ ਵੀ ਹੁਣ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਇਸ ਹੇਠ ਕੋਈ 15,000 ਹੈਕਟੇਅਰ ਰਕਬਾ ਹੈ। ਇਸ ਦਾ ਤੇਲ ਕੱਢਿਆ ਜਾਂਦਾ ਹੈ, ਜਿਸ ਦੀ ਵਰਤੋਂ ਦਵਾਈਆਂ, ਖ਼ੁਸ਼ਬੂਦਾਰ ਤੇਲ ਤੇ ਹਾਰ ਸ਼ਿੰਗਾਰ ਦਾ ਸਾਮਾਨ ਬਣਾਉਣ ਲਈ ਕੀਤੀ ਜਾਂਦੀ ਹੈ। ਪੰਜਾਬ ਵਿੱਚ ਕਾਸ਼ਤ ਲਈ ਕੋਸੀ, ਪੰਜਾਬ ਸਪੀਅਰ ਮਿੰਟ-1 ਅਤੇ ਰਸ਼ੀਅਨ ਮਿੰਟ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਮੈਂਥੇ ਦੀ ਬਿਜਾਈ ਜੜ੍ਹਾਂ ਰਾਹੀਂ ਕੀਤੀ ਜਾਂਦੀ ਹੈ। ਇੱਕ ਏਕੜ ਦੀ ਬਿਜਾਈ ਲਈ ਕੋਈ ਦੋ ਕੁਇੰਟਲ ਜੜ੍ਹਾਂ ਦੀ ਲੋੜ ਹੈ। 

ਇਸ ਦੀ ਬਿਜਾਈ ਜਨਵਰੀ ਦੇ ਦੂਜੇ ਪੰਦਰਵਾੜੇ ਵਿੱਚ ਪੂਰੀ ਕਰ ਲੈਣੀ ਚਾਹੀਦੀ ਹੈ। ਜੜ੍ਹਾਂ ਦੀ ਲੰਬਾਈ ਪੰਜ ਤੋਂ ਅੱਠ ਸੈਂਟੀਮੀਟਰ ਹੋਣੀ ਚਾਹੀਦੀ ਹੈ। ਖੇਤ ਵਿੱਚੋਂ ਪੁੱਟਣ ਪਿੱਛੋਂ ਜੜ੍ਹਾਂ ਨੂੰ ਧੋ ਲਵੋ। ਫਿਰ ਇਨ੍ਹਾਂ ਨੂੰ ਬਾਵਿਸਟਨ 50 ਡਬਲਿਯੂ ਪੀ 50 ਘੁਲਣਸ਼ੀਲ ਦੇ ਘੋਲ ਵਿੱਚ ਦਸ ਕੁ ਮਿੰਟਾਂ ਲਈ ਡੋਬੋ। ਘੋਲ ਬਣਾਉਣ ਲਈ ਇੱਕ ਗ੍ਰਾਮ ਜ਼ਹਿਰ ਨੂੰ ਇੱਕ ਲਿਟਰ ਪਾਣੀ ਵਿੱਚ ਘੋਲੋ। ਬਿਜਾਈ ਸਮੇਂ ਸਿਆੜਾਂ ਵਿਚਕਾਰ ਫ਼ਾਸਲਾ 45 ਸੈਂਟੀਮੀਟਰ ਰੱਖੋ। ਸਿਆੜਾਂ ਵਿੱਚ ਜੜ੍ਹਾਂ ਨੂੰ ਇੱਕ ਦੂਜੀ ਨਾਲ ਜੋੜ ਕੇ ਰੱਖੋ ਤੇ ਮੁੜ ਸੁਹਾਗਾ ਫੇਰ ਦੇਵੋ। ਖੇਤ ਵਿੱਚ ਝੋਨੇ ਦੀ ਪਰਾਲੀ ਖਲਾਰ ਦੇਣੀ ਚਾਹੀਦੀ ਹੈ। ਬਿਜਾਈ ਪਿੱਛੋਂ ਹਲਕਾ ਪਾਣੀ ਦੇਵੋ। ਉੱਗੀਆਂ ਹੋਈਆਂ ਜੜ੍ਹਾਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ। ਮੈਂਥੇ ਦੇ ਵਿਚਕਾਰ ਪਿਆਜ਼ ਦੀ ਪਨੀਰੀ ਲਾਈ ਜਾ ਸਕਦੀ ਹੈ। ਸੂਰਜਮੁਖੀ ਵਿੱਚ ਮੈਂਥਾ ਲਾ ਕੇ ਆਮਦਨ ਦੋਹਰੀ ਕੀਤੀ ਜਾ ਸਕਦੀ ਹੈ। ਮੈਂਥੇ ਲਈ ਖੇਤ ਤਿਆਰ ਕਰਦੇ ਸਮੇਂ ਜੇ ਹੋ ਸਕੇ ਤਾਂ ਦਸ ਕੁ ਟਨ ਰੂੜੀ ਦੇ ਜ਼ਰੂਰ ਪਾਵੋ। 

ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬੀ ਕਿਸਾਨ ਲੋੜ ਤੋਂ ਵੱਧ ਰਸਾਇਣਕ ਖਾਦਾਂ ਦੀ ਵਰਤੋਂ ਕਰਦੇ ਹਨ। ਆਮ ਹਾਲਤਾਂ ਵਿੱਚ ਇੱਕ ਏਕੜ ਲਈ 130 ਕਿਲੋ ਯੂਰੀਆ ਅਤੇ ਇੱਕ ਕੁਇੰਟਲ ਸਿੰਗਲ ਸੁਪਰਫ਼ਾਸਫ਼ੇਟ ਦੀ ਸਿਫ਼ਾਰਸ਼ ਕੀਤੀ ਗਈ ਹੈ। ਬਿਜਾਈ ਸਮੇਂ ਖੇਤ ਵਿੱਚ ਸਾਰੀ ਸੁਪਰਫ਼ਾਸਫ਼ੇਟ ਤੇ ਯੂਰੀਏ ਦਾ ਚੌਥਾ ਹਿੱਸਾ ਡ੍ਰਿਲ ਕਰੋ। ਚੌਥਾ ਹਿੱਸਾ ਯੂਰੀਆ ਬਿਜਾਈ ਤੋਂ 40 ਕੁ ਦਿਨਾਂ ਪਿੱਛੋਂ ਪਾਵੋ। ਇਸੇ ਤਰ੍ਹਾਂ ਚੌਥਾ ਹਿੱਸਾ ਯੂਰੀਆ ਪਹਿਲੀ ਕਟਾਈ ਪਿੱਛੋਂ ਤੇ ਬਾਕੀ ਦੀ ਖਾਦ ਇਸ ਤੋਂ 40 ਦਿਨਾਂ ਪਿੱਛੋਂ ਪਾਈ ਜਾਵੇ। ਫ਼ਸਲ ਦੀ ਕਟਾਈ ਉਦੋਂ ਹੀ ਕਰ ਲਈ ਜਾਵੇ ਜਦੋਂ ਅਜੇ ਫੁੱਲ ਪੈਣੇ ਸ਼ੁਰੂ ਹੀ ਹੋਏ ਹੋਣ। ਕਟਾਈ ਧਰਤੀ ਤੋਂ ਥੋੜ੍ਹੀ ਉੱਚੀ ਕਰੋ ਤਾਂ ਜੋ ਮੁੜ ਫੁਟਾਰਾ ਠੀਕ ਹੋ ਸਕੇ। ਇਸ ਦੀ ਪਹਿਲੀ ਕਟਾਈ ਜੂਨ ਅਤੇ ਦੂਜੀ ਸਤੰਬਰ ਵਿੱਚ ਕੀਤੀ ਜਾਂਦੀ ਹੈ।

ਮੱਕੀ ਦੀ ਬਿਜਾਈ ਹੁਣ ਕੀਤੀ ਜਾ ਸਕਦੀ ਹੈ। ਇਸ ਮੌਸਮ ਦੀ ਫ਼ਸਲ ਦਾ ਝਾੜ ਸਾਉਣੀ ਦੀ ਫ਼ਸਲ ਤੋਂ ਵੱਧ ਹੁੰਦਾ ਹੈ। ਹੁਣ ਵਾਲੀ ਫ਼ਸਲ ਪੱਕਣ ਵਿੱਚ ਕੋਈ ਚਾਰ ਮਹੀਨੇ ਲੈਂਦੀ ਹੈ। ਇਸ ਮੌਸਮ ਵਿੱਚ ਕਾਸ਼ਤ ਲਈ ਪੀਐੱਮਐੱਚ 10, ਪੀਐੱਮਐੱਚ 1, ਪੀਐੱਮਐੱਚ 8, ਪੀਐੱਮਐੱਚ 7 ਅਤੇ ਡੀ ਕੇ ਸੀ 9108 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਸਭ ਤੋਂ ਵੱਧ ਝਾੜ ਡੀ ਕੇ ਸੀ 9108 ਕਿਸਮ ਦਾ ਕੋਈ 32 ਕੁਇੰਟਲ ਪ੍ਰਤੀ ਏਕੜ ਪ੍ਰਾਪਤ ਕੀਤਾ ਜਾ ਸਕਦਾ ਹੈ। ਇੱਕ ਏਕੜ ਦੀ ਬਿਜਾਈ ਲਈ 10 ਕਿਲੋ ਬੀਜ ਦੀ ਲੋੜ ਹੈ। ਮੱਕੀ ਲਈ ਖਾਦਾਂ ਦੀ ਵਧੇਰੇ ਲੋੜ ਪੈਂਦੀ ਹੈ। ਰੂੜੀ ਤਾਂ ਜ਼ਰੂਰ ਕੋਈ ਛੇ ਟਨ ਪ੍ਰਤੀ ਏਕੜ ਪਾਈ ਜਾਵੇ। ਜੇ ਖੇਤਾਂ ਵਿੱਚ ਲਗਾਤਾਰ ਰੂੜੀ ਪਾਈ ਜਾਵੇ ਤਾਂ ਰਸਾਇਣਿਕ ਖਾਦਾਂ ਤੋਂ ਛੁਟਕਾਰਾ ਹੋ ਸਕਦਾ ਹੈ। ਜੇ ਲੋੜ ਹੋਵੇ ਤਾਂ ਬਿਜਾਈ ਸਮੇਂ 40 ਕਿਲੋ ਯੂਰੀਆ ਅਤੇ 150 ਕਿਲੋ ਸੁਪਰਫ਼ਾਸਫ਼ੇਟ ਪਾਵੋ। ਮੁੜ 20 ਕਿਲੋ ਯੂਰੀਆ ਫ਼ਸਲ ਨਿਸਰਨ ਸਮੇਂ ਪਾਇਆ ਜਾ ਸਕਦਾ ਹੈ। ਨਦੀਨਾਂ ਦੀ ਰੋਕਥਾਮ ਲਈ ਇਕ ਗੋਡੀ ਜ਼ਰੂਰ ਕਰੋ।

ਪਿਆਜ਼ ਦੀ ਵਰਤੋਂ ਹਰ ਘਰ ਵਿੱਚ ਹੀ ਹੁੰਦੀ ਹੈ। ਇਸ ਲਈ ਕਿਸਾਨਾਂ ਨੂੰ ਘੱਟੋ-ਘੱਟ ਘਰ ਦੀ ਲੋੜ ਪੂਰੀ ਕਰਨ ਲਈ ਪਿਆਜ਼ ਦੀ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ। ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਲਈ ਇਹ ਢੁਕਵਾਂ ਸਮਾਂ ਹੈ। ਇਸ ਵਾਰ ਥੋੜ੍ਹੇ ਰਕਬੇ ਵਿੱਚ ਕੀਤੀ ਖੇਤੀ ਨਾਲ ਤਜ਼ਰਬਾ ਹੋ ਜਾਵੇਗਾ ਤੇ ਅਗਲੇ ਸਾਲ ਇਸ ਹੇਠ ਰਕਬਾ ਵਧਾਇਆ ਜਾ ਸਕਦਾ ਹੈ।