Update Details

8474-jhanda.jpg
Posted by PAU, Ludhiana
2018-06-01 07:21:46

ਬਾਸਮਤੀ ਦੇ ਝੰਡਾ ਰੋਗ ਦੀ ਰੋਕਥਾਮ ਲਈ ਬੀਜ ਅਤੇ ਪਨੀਰੀ ਦੀ ਸੋਧ ਜ਼ਰੂਰੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਆਉਣ ਵਾਲੇ ਸਾਉਣੀ ਦੇ ਫ਼ਸਲੀ ਸੀਜ਼ਨ ਵਿੱਚ ਬਾਸਮਤੀ ਦੇ ਝੰਡਾ ਰੋਗ ਸੰਬੰਧੀ ਕਿਸਾਨਾਂ ਨੂੰ ਬੀਜ ਦੀ ਸੁਧਾਈ ਦੀ ਸਿਫ਼ਾਰਸ਼ ਕੀਤੀ ਹੈ । ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ਬਾਸਮਤੀ ਵਿੱਚ ਝੰਡਾ ਰੋਗ ਇੱਕ ਬਹੁਤ ਵੱਡੀ ਸਮੱਸਿਆ ਹੈ । ਬਿਮਾਰੀ ਵਾਲਾ ਬੀਜ ਇਸ ਰੋਗ ਦੀ ਸ਼ੁਰੂਆਤ ਲਈ ਮੁੱਖ ਸੋਮਾ ਬਣਦਾ ਹੈ। ਇਸ ਰੋਗ ਨਾਲ ਪ੍ਰਭਾਵਿਤ ਬੂਟੇ ਦੂਜੇ ਬੂਟਿਆਂ ਨਾਲੋਂ ਉੱਚੇ ਲੰਬੇ ਹੋ ਕੇ ਪੀਲੇ ਪੈ ਜਾਂਦੇ ਹਨ । ਰੋਗੀ ਬੂਟਿਆਂ ਵਿੱਚ ਦਾਣੇ ਨਹੀਂ ਬਣਦੇ ਅਤੇ ਬਾਅਦ ਵਿੱਚ ਰੋਗੀ ਬੂਟੇ ਸੁੱਕ ਜਾਂਦੇ ਹਨ । ਇਹ ਰੋਗ ਬੂਟਿਆਂ ਨੂੰ ਨਰਸਰੀ ਅਤੇ ਖੇਤ ਵਿੱਚ ਲੁਆਈ ਕਰਨ ਤੋਂ ਬਾਅਦ ਵੀ ਪ੍ਰਭਾਵਿਤ ਕਰਦਾ ਰਹਿੰਦਾ ਹੈ । ਪੌਦਾ ਰੋਗ ਵਿਭਾਗ ਦੇ ਮੁੱਖੀ ਡਾ. ਪਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਜਿਹੜੇ ਕਿਸਾਨ ਇਸ ਰੋਗ ਨੂੰ ਰੋਕਣ ਲਈ ਬੀਜ ਅਤੇ ਪਨੀਰੀ ਦੀ ਸੋਧ ਕਰਦੇ ਹਨ, ਉਨ੍ਹਾਂ ਦੇ ਖੇਤਾਂ ਵਿੱਚ ਇਸ ਰੋਗ ਦੀ ਸਮੱਸਿਆ ਵੇਖਣ ਵਿੱਚ ਨਹੀਂ ਮਿਲਦੀ । ਉਨਾਂ ਹੋਰ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਬੀਜ ਅਤੇ ਪਨੀਰੀ ਦੀ ਸੋਧ ਦਾ ਉਪਰਾਲਾ ਨਹੀਂ ਕੀਤਾ ਜਾਂ ਇਕੱਲੇ ਬੀਜ ਦੀ ਸੋਧ ਕਰਕੇ ਹੀ ਖੇਤਾਂ ਵਿੱਚ ਲੁਆਈ ਕੀਤੀ, ਉਨ੍ਹਾਂ ਦੇ ਖੇਤਾਂ ਵਿੱਚ ਇਸ ਰੋਗ ਦਾ ਹਮਲਾ ਜ਼ਿਆਦਾ ਵੇਖਣ ਨੂੰ ਮਿਿਲਆ। ਜੇਕਰ ਇਸ ਰੋਗ ਨੂੰ ਸਮੇਂ ਸਿਰ ਨਾ ਕਾਬੂ ਕੀਤਾ ਜਾਵੇ ਤਾਂ ਇਹ ਰੋਗ ਬਾਸਮਤੀ ਦੇ ਝਾੜ ਨੂੰ ਬਹੁਤ ਘਟਾ ਦਿੰਦਾ ਹੈ।

ਇਸ ਰੋਗ ਨੂੰ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ 20 ਗ੍ਰਾਮ ਬਾਵਿਸਟਨ +1 ਗ੍ਰਾਮ ਸਟਰੈਪਟੋਸਾਇਕਲੀਨ ਦੇ 10 ਲਿਟਰ ਪਾਣੀ ਦੇ ਘੋਲ ਵਿੱਚ 12 ਘੰਟੇ ਲਈ ਡੁਬੋ ਕੇ ਬੀਜ ਦੀ ਸੋਧ ਅਤੇ ਫਿਰ ਖੇਤਾਂ ਵਿੱਚ ਬੂਟੇ ਲਗਾਉਣ ਤੋਂ ਪਹਿਲਾਂ ਪਨੀਰੀ ਦੀਆਂ ਜੜ੍ਹਾਂ ਨੂੰ 2 ਪ੍ਰਤੀਸ਼ਤ ਬਾਵਿਸਟਨ (2 ਗ੍ਰਾਮ ਪ੍ਰਤੀ ਲਿਟਰ) ਦੇ ਘੋਲ ਵਿੱਚ 6 ਘੰਟੇ ਡੋਬ ਕੇ ਸੋਧ ਜ਼ਰੂਰ ਕਰ ਲੈਣ ਤਾਂ ਜੋ ਸਮੇਂ ਸਿਰ ਹੀ ਇਸ ਰੋਗ ਨੂੰ ਕਾਬੂ ਕੀਤਾ ਜਾਵੇ। ਇਸ ਤੋਂ ਇਲਾਵਾ ਇਸ ਰੋਗ ਨੂੰ ਟਰਾਈਕੋਡਰਮਾ ਹਾਰਜ਼ੀਐਨਮ ਦੇ ਪਾਊਡਰ ਨਾਲ ਬੀਜ ਅਤੇ ਪਨੀਰੀ ਦੀ ਸੋਧ ਕਰਕੇ ਵੀ ਰੋਕਿਆ ਜਾ ਸਕਦਾ ਹੈ। ਵੇਖਣ ਵਿੱਚ ਆਇਆ ਕਿ ਕਈ ਵਾਰ ਕਿਸਾਨ ਭਰਾ ਇਸ ਰੋਗ ਨੂੰ ਰੋਕਣ ਲਈ ਐਂਵੇ ਹੀ ਸੰਜੀਵਨੀ ਜਾਂ ਬਾਵਿਸਟਨ ਨੂੰ ਰੇਤੇ ਵਿੱਚ ਮਿਲਾ ਕੇ ਖੇਤਾਂ ਵਿੱਚ ਪਾ ਦਿੰਦੇ ਹਨ । ਪਰ ਯੂਨੀਵਰਸਿਟੀ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਸਿਫਾਰਿਸ਼ ਨਹੀਂ ਹੈ, ਸੋ ਇਹਨਾਂ ਦੀ ਵਰਤੋ ਨਾਲ ਕਿਸਾਨ ਵੀਰ ਐਵੇਂ ਹੀ ਆਪਣਾ ਖੇਤੀ ਖਰਚਾ ਨਾ ਵਧਾਉਣ।