
ਬੈਂਗਣ ਦੀ ਕਿਸਮ ‘ਪੰਜਾਬ ਰੌਣਕ’ ਲਾਵੇਗੀ ਰੌਣਕਾਂ

ਬੈਂਗਣ ਗਰਮ ਰੁੱਤ ਦੀ ਮਹਤਵਪੂਰਨ ਫ਼ਸਲ ਹੈ। ਇਸ ਦੀ ਖੇਤੀ ਲਗਪਗ ਸਾਰੇ ਦੇਸ਼ ਵਿੱਚ ਹੁੰਦੀ ਹੈ ਅਤੇ ਉਪਲਭਧਤਾ ਵੀ ਸਾਰਾ ਸਾਲ ਹੁੰਦੀ ਹੈ। ਫ਼ਲ ਦਾ ਆਕਾਰ ਰੰਗ ਅਤੇ ਬਣਤਰ ਖ਼ਪਤਕਾਰ ਦੀ ਪਸੰਦ ਦਾ ਆਧਾਰ ਬਣਦੀ ਹੈ, ਜਿਵੇਂ ਕਿ ਗੋਲ ਅਤੇ ਵੱਡੇ ਬੈਂਗਣ ਭੜ੍ਹਥੇ ਲਈ ਵਰਤੇ ਜਾਂਦੇ ਹਨ, ਲੰਬੇ ਬੈਂਗਣ ਕੱਟ ਕੇ ਬਣਦੇ ਹਨ ਅਤੇ ਛੋਟੇ ਬੈਂਗਣ ਮਸਾਲਾ ਭਰ ਕੇ ਬਣਾਏ ਜਾਂਦੇ ਹਨ। ਉਤਰੀ-ਪੱਛਮੀ ਭਾਰਤ ਵਿੱਚ ਗੂੜ੍ਹੇ ਅਤੇ ਚਮਕੀਲੇ ਬੈਂਗਣ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਕਿਸਾਨਾਂ ਦੀ ਆਮਦਨ ਵਧਾਉਣ ਲਈ ਜ਼ਿਆਦਾ ਅਤੇ ਅਗੇਤੇ ਝਾੜ ਵਾਲੀਆਂ ਕਿਸਮਾਂ ਦੀ ਜ਼ਰੂਰਤ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਬੈਂਗਣ ਦੀ ਲੰਬੇ ਫ਼ਲ ਵਾਲੀ ਨਵੀਂ ਕਿਸਮ ‘ਪੰਜਾਬ ਰੌਣਕ’ ਸੂਬੇ ਵਿੱਚ ਕਾਸ਼ਤ ਲਈ ਸਿਫ਼ਾਰਸ਼ ਕੀਤੀ ਗਈ ਹੈ। ਇਸ ਕਿਸਮ ਦੇ ਗੁਣ ਅਤੇ ਸਫ਼ਲ ਕਾਸ਼ਤ ਦੇ ਢੰਗ ਇਸ ਤਰ੍ਹਾਂ ਹਨ-
ਪੰਜਾਬ ਰੌਣਕ: ਇਹ ਬੈਂਗਣ ਦੀ ਲੰਬੇ ਫ਼ਲ ਵਾਲੀ ਅਗੇਤੀ ਕਿਸਮ ਹੈ। ਇਸ ਦੇ ਬੂਟੇ ਦਰਮਿਆਨੇ ਕੱਦ ਦੇ, ਝਾੜੀਦਾਰ, ਕੰਡਿਆਂ ਤੋਂ ਰਹਿਤ ਅਤੇ ਹਰੇ ਪਤਰਾਲ ਵਾਲੇ ਹਨ। ਇਸ ਦੇ ਜਾਮ੍ਹਣੀ ਫੁੱਲ ਇਕਹਿਰੇ ਜਾਂ ਗੁੱਛਿਆਂ ਵਿੱਚ ਲਗਦੇ ਹਨ। ਇਸ ਦੇ ਫਲ ਲੰਬੇ, ਦਰਮਿਆਨੇ, ਚਮਕਦਾਰ ਗੂੜ੍ਹੇ-ਜਾਮ੍ਹਣੀ ਅਤੇ ਹਰੀ ਡੰਡੀ ਵਾਲੇ ਹਨ। ਇਸ ਦਾ ਔਸਤਨ ਝਾੜ੍ਹ 242 ਕੁਇੰਟਲ ਪ੍ਰਤੀ ਏਕੜ ਹੈ।
ਬਿਜਾਈ: ਇਸ ਕਿਸਮ ਦੀ ਬਿਜਾਈ ਜੂਨ-ਜੁਲਾਈ, ਅਕਤੂਬਰ- ਨਵੰਬਰ ਅਤੇ ਫਰਵਰੀ-ਮਾਰਚ ਵਿੱਚ ਕੀਤੀ ਜਾ ਸਕਦੀ ਹੈ। ਇੱਕ ਏਕੜ ਦੀ ਫ਼ਸਲ ਲਈ 100 ਗ੍ਰਾਮ ਬੀਜ ਨੂੰ ਕੈਪਟਾਨ ਜਾਂ ਥੀਰਮ ਦਵਾਈ ਲਗਾ ਕੇ ਪਟੜੀਆਂ ’ਤੇ ਕਤਾਰਾਂ ਵਿੱਚ ਬੀਜੋ। ਉੱਗਣ ਉਪਰੰਤ ਪਨੀਰੀ ਉਪਰ 0.1% ਕੈਪਟਾਨ ਦੇ ਘੋਲ ਦਾ ਛਿੜਕਾਅ ਵੀ ਕਰੋ।
ਖੇਤ ਵਿਚ ਪਨੀਰੀ ਲਾਉਣਾ: ਲਗਪਗ 30-35 ਦਿਨ ਦੀ ਪਨੀਰੀ ਨੂੰ ਕਤਾਰਾਂ ਵਿੱਚ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਵਿਚ 30 ਸੈਂਟੀਮੀਅਰ ਫ਼ਾਸਲਾ ਰੱਖ ਕੇ ਖੇਤ ਵਿੱਚ ਲਗਾਉ। ਬਹਾਰ ਰੁੱਤ ਵਿੱਚ ਲਾਉਣ ਲਈ ਸਰਦੀਆਂ ਦੌਰਾਨ ਪਨੀਰੀ ਨੂੰ ਕੋਹਰੇ ਤੋਂ ਬਚਾ ਕੇ ਰੱਖੋ।
ਖਾਦਾਂ: ਬੈਂਗਣ ਲਾਉਣ ਲਈ ਖੇਤ ਦੀ ਤਿਆਰੀ ਤੋਂ ਪਹਿਲਾਂ 10 ਟਨ ਗਲ਼ੀ-ਸੜੀ ਰੂੜੀ ਦੀ ਖਾਦ ਪਾਉ। ਵੱਟਾਂ ਬਣਾਉਣ ਵੇਲੇ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ), 25 ਕਿਲੋ ਫ਼ਾਸਫੋਰਸ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ 12 ਕਿਲੋ ਪੋਟਾਸ਼ (20 ਕਿਲੋ ਮਿਉਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ। ਇਹ ਸਾਰੀਆਂ ਖਾਦਾਂ ਪਨੀਰੀ ਲਾਉਣ ਵੇਲੇ ਪਾਉਣੀਆਂ ਹਨ। ਬਾਕੀ ਬਚਦੀ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ) ਦੋ ਤੁੜਾਈਆਂ ਤੋਂ ਬਾਅਦ ਪਾਉ।
ਸਿੰਜਾਈ: ਖੇਤ ਵਿੱਚ ਪਨੀਰੀ ਦੇ ਵਧੀਆ ਵਿਕਾਸ ਲਈ ਬੂਟੇ ਲਾਉਣ ਉਪਰੰਤ ਪਹਿਲਾ ਪਾਣੀ ਲਾਉ। ਬਾਅਦ ਵਿੱਚ ਮੌਸਮ ਅਤੇ ਜ਼ਮੀਨ ਦੇ ਹਿਸਾਬ ਨਾਲ ਪਾਣੀ ਲਗਾਉ। ਗਰਮ ਅਤੇ ਖ਼ੁਸ਼ਕ ਰੁੱਤ ਵਿੱਚ 4-6 ਦਿਨ ਦੇ ਵਕਫ਼ੇ ’ਤੇ ਸਿੰਜਾਈ ਕਰੋ। ਆਮ ਤੌਰ ’ਤੇ ਬੈਂਗਣ ਦੀ ਵਧੀਆ ਕਾਸ਼ਤ ਲਈ ਕੁੱਲ 10-16 ਪਾਣੀ ਚਾਹੀਦੇ ਹਨ।
ਤੁੜਾਈ: ਇਹ ਕਿਸਮ ਤੁੜਾਈ ਲਈ ਜਲਦੀ ਤਿਆਰ ਹੋ ਜਾਂਦੀ ਹੈ। ਇਸ ਦੇ ਨਰਮ ਅਤੇ ਚਮਕਦਾਰ ਫ਼ਲ 4-5 ਦਿਨ ਦੇ ਵਕਫ਼ੇ ’ਤੇ ਮੰਡੀਕਰਨ ਲਈ ਤੋੜੋ। ਵਿੰਗੇ-ਟੇਢੇ, ਬਿਮਾਰੀ ਅਤੇ ਕੀੜੇ ਵਾਲੇ ਫ਼ਲ ਬਾਹਰ ਕਢ ਦਿਉ। ਸਾਫ਼-ਸੁਥਰੇ ਫ਼ਲਾਂ ਦੀ ਦਰਜਾਬੰਦੀ ਕਰਕੇ ਮੰਡੀਕਰਨ ਲਈ ਭੇਜ ਦਿਉ।
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.